ਦੇਸ਼-ਭਰ ਵਿੱਚ ਇੱਕ ਦੇ ਬਾਅਦ ਇੱਕ ਮਸਜਿਦਾਂ ’ਤੇ ਮੁਕੱਦਮੇ ਦਾਇਰ ਕੀਤੇ ਜਾਣ ਨੂੰ ਰੋਕਣ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਰੋਹਿੰਟਨ ਨਰੀਮਨ ਨੇ ਇੱਕ ਰਾਹ ਦੱਸਿਆ ਹੈ। ਨਵੀਂ ਦਿੱਲੀ ’ਚ ਅਹਿਮਦੀ ਫਾਊਂਡੇਸ਼ਨ ਵਿਖੇ ਜਸਟਿਸ ਏ ਐੱਮ ਅਹਿਮਦੀ ਦੀ ਯਾਦ ਵਿੱਚ ‘ਧਰਮ ਨਿਰਪੱਖਤਾ ਤੇ ਭਾਰਤੀ ਸੰਵਿਧਾਨ’ ਵਿਸ਼ੇ ਉੱਤੇ ਬੋਲਦਿਆਂ ਜਸਟਿਸ ਨਰੀਮਨ ਨੇ ਕਿਹਾ ਕਿ ਹਾਲਾਂਕਿ ਅਯੁੱਧਿਆ ਮਾਮਲੇ ’ਚ ਸੁਪਰੀਮ ਕੋਰਟ ਦਾ ਫੈਸਲਾ ਧਰਮ ਨਿਰਪੱਖਤਾ ਲਈ ਇਨਸਾਫ ਦਾ ਮਜ਼ਾਕ ਸੀ, ਪਰ ਇਸ ’ਚ 1991 ਦੇ ਪੂਜਾ ਸਥੱਲ ਕਾਨੂੰਨ ਦੀ ਪੁਸ਼ਟੀ ਕਰਨ ਵਾਲੇ ਪੰਜ ਸਫੇ ਇੱਕ ਉਮੀਦ ਦੀ ਕਿਰਨ ਸਨ। ਇਨ੍ਹਾਂ ਪੰਜ ਸਫਿਆਂ ਨੂੰ ਦੇਸ਼-ਭਰ ਦੀਆਂ ਹੇਠਲੀਆਂ ਅਦਾਲਤਾਂ ਤੇ ਹਾਈ ਕੋਰਟਾਂ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ। ਇਹ ਸਫੇ ਕਥਿਤ ਤੌਰ ’ਤੇ ਮੰਦਰਾਂ ਦੇ ਉੱਪਰ ਬਣਾਈਆਂ ਗਈਆਂ ਮਸਜਿਦਾਂ ਦੇ ਸਰਵੇਖਣ ਦੀ ਮੰਗ ਕਰਨ ਵਾਲਿਆਂ ਨੂੰ ਜਵਾਬ ਦੇ ਸਕਦੇ ਹਨ।
ਪੂਜਾ ਸਥੱਲ ਕਾਨੂੰਨ 15 ਅਗਸਤ 1947 ਤੋਂ ਪਹਿਲਾਂ ਦੇ ਕਿਸੇ ਵੀ ਪੂਜਾ ਸਥੱਲ ਦੀ ਸਥਿਤੀ ਨੂੰ ਬਦਲਣ ’ਤੇ ਰੋਕ ਲਾਉਦਾ ਹੈ। ਅਯੁੱਧਿਆ ਬਾਰੇ ਫੈਸਲਾ ਸੁਣਾਉਦਿਆਂ ਸੁਪਰੀਮ ਕੋਰਟ ਨੇ ਇਸ ਕਾਨੂੰਨ ਦੀ ਸ਼ਲਾਘਾ ਕੀਤੀ ਸੀ। ਉਸ ਨੇ ਕਿਹਾ ਸੀ-ਸਰਵਜਨਕ ਪੂਜਾ ਸਥੱਲਾਂ, 15 ਅਗਸਤ 1947 ਤੱਕ ਉਹ ਜਿਸ ਰੂਪ ਵਿਚ ਸਨ, ਦੇ ਚਰਿੱਤਰ ਨੂੰ ਬਰਕਰਾਰ ਰੱਖਣ ਦੀ ਗਰੰਟੀ ਦੇਣ ਅਤੇ ਸਰਵਜਨਕ ਪੂਜਾ ਸਥੱਲਾਂ ਦਾ ਰੂਪ ਬਦਲਣ ਖਿਲਾਫ ਸੰਸਦ ਨੇ ਤੈਅ ਕੀਤਾ ਹੈ ਕਿ ਬਸਤੀਵਾਦੀ ਸ਼ਾਸਨ ਤੋਂ ਆਜ਼ਾਦੀ ਹਰੇਕ ਧਾਰਮਿਕ ਭਾਈਚਾਰੇ ਨੂੰ ਇਹ ਵਿਸ਼ਵਾਸ ਦਿਵਾ ਕੇ ਅਤੀਤ ਦੀ ਬੇਇਨਸਾਫੀ ਨੂੰ ਠੀਕ ਕਰਨ ਲਈ ਇਕ ਸੰਵਿਧਾਨਕ ਆਧਾਰ ਦਿੰਦੀ ਹੈ ਕਿ ਉਨ੍ਹਾਂ ਦੇ ਪੂਜਾ ਸਥੱਲਾਂ ਦੀ ਰਾਖੀ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਚਰਿੱਤਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਪੂਜਾ ਸਥੱਲ ਕਾਨੂੰਨ ਭਾਰਤੀ ਸੰਵਿਧਾਨ ਤਹਿਤ ਧਰਮ ਨਿਰਪੱਖਤਾ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਲਾਗੂ ਕਰਨ ਲਈ ਇੱਕ ਨਾ-ਟਾਲਣਯੋਗ ਫਰਜ਼ ਬਾਰੇ ਦੱਸਦਾ ਹੈ। ਇਸ ਲਈ ਇਹ ਕਾਨੂੰਨ ਭਾਰਤੀ ਸਿਆਸਤ ਦੀਆਂ ਧਰਮ ਨਿਰਪੱਖ ਵਿਸ਼ੇਸ਼ਤਾਵਾਂ ਦੀ ਰਾਖੀ ਲਈ ਬਣਾਇਆ ਗਿਆ ਇੱਕ ਵਿਧਾਈ ਸਾਧਨ ਹੈ, ਜਿਹੜਾ ਸੰਵਿਧਾਨ ਦੀਆਂ ਮੂਲ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ।
ਜਸਟਿਸ ਨਰੀਮਨ ਨੇ ਕਿਹਾ ਹੈ ਕਿ ਅੱਜ ਪੂਰੇ ਦੇਸ਼ ਵਿੱਚ ਹਾਈਡਰਾ ਹੈੱਡਸ (ਬਹੁਸਿਰਾ ਸੱਪ; ਯੂਨਾਨੀ ਮਿਥਿਹਾਸ ਮੁਤਾਬਕ ਜਿਸ ਦਾ ਇੱਕ ਸਿਰ ਕਲਮ ਕਰੋ ਤਾਂ ਦੋ ਉੱਭਰ ਆਉਦੇ ਹਨ) ਉੱਭਰ ਰਹੇ ਹਨ, ਥਾਂ-ਥਾਂ ਮਸਜਿਦਾਂ ਥੱਲੇ ਮੰਦਰ ਹੋਣ ਲਈ ਸਰਵੇਖਣਾਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਨਾਲ ਫਿਰਕੂ ਖਿਚਾਅ ਤੇ ਅਵਿਸ਼ਵਾਸ ਹੀ ਪੈਦਾ ਹੋ ਰਿਹਾ ਹੈ। ਇਨ੍ਹਾਂ ਹਾਈਡਰਾ ਹੈੱਡਸ ਨੂੰ ਫੇਂਹਣ ਦਾ ਇੱਕੋ-ਇੱਕ ਤਰੀਕਾ ਸੁਪਰੀਮ ਕੋਰਟ ਦੇ ਫੈਸਲੇ ਦੇ ਪੰਜ ਸਫਿਆਂ ਨੂੰ ਹਰੇਕ ਜ਼ਿਲ੍ਹਾ ਅਦਾਲਤ ਤੇ ਹਾਈ ਕੋਰਟਾਂ ਅੱਗੇ ਪੜ੍ਹਿਆ ਜਾਣਾ ਹੈ, ਕਿਉਕਿ ਇਹ ਪੰਜ ਸਫੇ ਸੁਪਰੀਮ ਕੋਰਟ ਵੱਲੋਂ ਕਾਨੂੰਨ ਦਾ ਐਲਾਨ ਹੈ, ਜਿਸ ਦੇ ਸਾਰੇ ਪਾਬੰਦ ਹਨ।
ਹੇਠਲੀਆਂ ਅਦਾਲਤਾਂ ਦੇ ਜੱਜ ਜੇ ਇਹ ਪੰਜ ਸਫੇ ਪੜ੍ਹ ਲੈਣ ਤਾਂ ਦੇਸ਼ ਵਿੱਚ 1947 ਵਰਗੇ ਹਾਲਾਤ ਪੈਦਾ ਹੋਣੋਂ ਰੋਕੇ ਜਾ ਸਕਦੇ ਹਨ। ਕੁਝ ਜੱਜਾਂ ਵੱਲੋਂ ਮਸਜਿਦਾਂ ਦੇ ਸਰਵੇਖਣ ਕਰਾਉਣ ਦੇ ਦਿੱਤੇ ਹੁਕਮਾਂ ਤੋਂ ਬਾਅਦ ਫਿਰਕੂ ਹਿੰਸਾ ਹੋ ਰਹੀ ਹੈ ਤੇ ਜਾਨਾਂ ਵੀ ਜਾ ਰਹੀਆਂ ਹਨ। ਹੇਠਲੀਆਂ ਅਦਾਲਤਾਂ ਦੇ ਜੱਜ ਪੰਜ ਸਫੇ ਪੜ੍ਹ ਕੇ ਹਾਲਾਤ ਵਿਗੜਨੋਂ ਰੋਕਣ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ।



