ਟਰੰਪ ਤੇ ਨੇਤਨਯਾਹੂ ਦੀ ਧੱਕੇਸ਼ਾਹੀ

0
1

ਇਜ਼ਰਾਈਲ ਤੇ ਅਮਰੀਕਾ ਵੱਲੋਂ ਈਰਾਨ ’ਤੇ ਸਾਂਝਾ ਹਮਲਾ ਤੇ ਉਸ ਦੇ ਜਵਾਬ ਵਿੱਚ ਈਰਾਨ ਦੀ ਕਾਰਵਾਈ ਨੇ ਪੂਰੇ ਖਿੱਤੇ ਨੂੰ ਅਸਥਿਰ ਕਰ ਦਿੱਤਾ ਹੈ। ਇਹ ਘਟਨਾ ਸਿਰਫ ਇੱਕ ਫੌਜੀ ਟਕਰਾਅ ਨਹੀਂ, ਸਗੋਂ ਲੰਬੇ ਸਮੇਂ ਤੋਂ ਬਣਦੇ ਆ ਰਹੇ ਭੂ-ਰਾਜਨੀਤਕ ਤਨਾਅ ਦਾ ਵਿਸਫੋਟ ਹੈ। ਈਰਾਨ ਤੇ ਅਮਰੀਕਾ ਦੇ ਸੰਬੰਧ 1979 ਦੀ ਈਰਾਨੀ ਕ੍ਰਾਂਤੀ ਦੇ ਬਾਅਦ ਤੋਂ ਹੀ ਤਨਾਅਪੂਰਨ ਰਹੇ ਹਨ। ਕ੍ਰਾਂਤੀ ਦੇ ਬਾਅਦ ਈਰਾਨ ਵਿੱਚ ਪੱਛਮੀ ਹਮਾਇਤ ਵਾਲੇ ਸ਼ਾਸਨ ਦਾ ਅੰਤ ਹੋਇਆ ਤੇ ਇੱਕ ਇਸਲਾਮੀ ਗਣਰਾਜ ਦੀ ਸਥਾਪਨਾ ਹੋਈ, ਜਿਸ ਨੇ ਅਮਰੀਕੀ ਪ੍ਰਭਾਵ ਨੂੰ ਚੁਣੌਤੀ ਦਿੱਤੀ। ਉਦੋਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਅਵਿਸ਼ਵਾਸ, ਆਰਥਿਕ ਰੋਕਾਂ ਤੇ ਸਿਆਸੀ ਟਕਰਾਅ ਦਾ ਸਿਲਸਿਲਾ ਚੱਲਦਾ ਰਿਹਾ ਹੈ। ਇਜ਼ਰਾਈਲ ਤੇ ਈਰਾਨ ਵਿਚਾਲੇ ਸੰਬੰਧ ਵੀ ਲੰਬੇ ਸਮੇਂ ਤੋਂ ਦੁਸ਼ਮਣਾਨਾ ਰਹੇ ਹਨ। ਇਜ਼ਰਾਈਲ ਈਰਾਨ ਦੇ ਪ੍ਰਮਾਣੰੂ ਪ੍ਰੋਗਰਾਮ ਨੂੰ ਆਪਣੀ ਹੋਂਦ ਲਈ ਖਤਰਾ ਮੰਨਦਾ ਹੈ।
ਹਾਲ ਹੀ ਘਟਨਾਕ੍ਰਮ ਦੀ ਖਾਸੀਅਤ ਇਹ ਹੈ ਕਿ ਈਰਾਨ ’ਤੇ ਹਮਲਾ ਉਦੋਂ ਕੀਤਾ ਗਿਆ ਜਦੋਂ ਈਰਾਨ ਤੇ ਅਮਰੀਕਾ ਵਿਚਾਲੇ ਪ੍ਰਮਾਣੂੰ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ। ਕੂਟਨੀਤਕ ਹੱਲ ਦੀ ਸੰਭਾਵਨਾ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਸੀ। ਅਜਿਹੇ ਸਮੇਂ ਵਿੱਚ ਫੌਜੀ ਕਾਰਵਾਈ ਨੇ ਇਹ ਸੰਕੇਤ ਦਿੱਤਾ ਹੈ ਕਿ ਖੇਤਰੀ ਸੁਰੱਖਿਆ ਦੇ ਸਵਾਲ ਉੱਤੇ ਹੁਣ ਤਹੱਮਲ ਤੇ ਸੰਵਾਦ ਦੀ ਥਾਂ ਸ਼ਕਤੀ-ਪ੍ਰਦਰਸ਼ਨ ਵਧੇਰੇ ਪ੍ਰਭਾਵੀ ਮਾਧਿਅਮ ਬਣਦਾ ਜਾ ਰਿਹਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਇਹ ਬਿਆਨ ਕਿ ਜੇ ਹੁਣ ਈਰਾਨ ਨੂੰ ਨਹੀਂ ਰੋਕਿਆ ਗਿਆ ਤਾਂ ਫਿਰ ਨਹੀਂ ਰੋਕ ਹੋਣਾ, ਇਸ ਮਾਨਸਿਕਤਾ ਨੂੰ ਸਪੱਸ਼ਟ ਕਰਦਾ ਹੈ। ਇਹ ਨਜ਼ਰੀਆ ਸੁਰੱਖਿਆ ਆਧਾਰਤ ਰਣਨੀਤੀ ’ਤੇ ਆਧਾਰਤ ਹੈ, ਜਿਸ ਵਿੱਚ ਸੰਭਾਵਤ ਖਤਰੇ ਨੂੰ ਅਸਲ ਖਤਰਾ ਮੰਨ ਕੇ ਪਹਿਲਾਂ ਹੀ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੂਜੇ ਪਾਸੇ ਈਰਾਨ ਇਸ ਨੂੰ ਆਪਣੀ ਖੁਦਮੁਖਤਾਰੀ ’ਤੇ ਹਮਲਾ ਮੰਨਦਾ ਹੈ ਤੇ ਆਪਣੇ ਬਚਾਅ ਦੇ ਹੱਕ ’ਤੇ ਜ਼ੋਰ ਦਿੰਦਾ ਹੈ।
ਇਸ ਜੰਗ ਦਾ ਇੱਕ ਅਹਿਮ ਆਯਾਮ ਖੇਤਰੀ ਸ਼ਕਤੀ ਸੰਤੁਲਨ ਵੀ ਹੈ। ਈਰਾਨ ਪਿਛਲੇ ਦੋ ਦਹਾਕਿਆਂ ਵਿੱਚ ਮੱਧ-ਪੂਰਬ ’ਚ ਇੱਕ ਅਹਿਮ ਸ਼ਕਤੀ ਦੇ ਰੂਪ ਵਿੱਚ ਉਭਰਿਆ ਹੈ। ਇਰਾਕ, ਸੀਰੀਆ ਤੇ ਲਿਬਨਾਨ ਵਰਗੇ ਦੇਸ਼ਾਂ ਵਿੱਚ ਉਸ ਦੀ ਸਿਆਸੀ ਤੇ ਫੌਜੀ ਮੌਜੂਦਗੀ ਨੇ ਉਸ ਨੂੰ ਖੇਤਰੀ ਰਾਜਨੀਤੀ ਦਾ ਕੇਂਦਰੀ ਖਿਡਾਰੀ ਬਣਾ ਦਿੱਤਾ ਹੈ। ਇਜ਼ਰਾਈਲ ਤੇ ਉਸ ਦੇ ਸਹਿਯੋਗੀ ਦੇਸ਼ਾਂ ਦੀ ਇਸ ਨਾਲ ਚਿੰਤਾ ਵਧੀ ਹੈ।
ਇਸ ਪੂਰੇ ਸੰਕਟ ਦਾ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕੀ ਕੌਮਾਂਤਰੀ ਰਾਜਨੀਤੀ ਵਿੱਚ ਕੂਟਨੀਤੀ ਅਜੇ ਵੀ ਪ੍ਰਭਾਵੀ ਮਾਧਿਅਮ ਹੈ ਜਾਂ ਫੌਜੀ ਸ਼ਕਤੀ ਹੀ ਫੈਸਲਾਕੁੰਨ ਸਾਧਨ ਬਣਦੀ ਜਾ ਰਹੀ ਹੈ। ਜੇ ਵਿਸ਼ਵ ਤਾਕਤਾਂ ਸੰਵਾਦ ਤੇ ਸਮਝੌਤੇ ਦੇ ਰਾਹ ਤੋਂ ਹਟ ਕੇ ਫੌਜੀ ਹੱਲ ਨੂੰ ਤਰਜੀਹ ਦਿੰਦੀਆਂ ਹਨ ਤਾਂ ਇਹ ਸਿਰਫ ਮੱਧ-ਪੂਰਬ ਹੀ ਨਹੀਂ, ਸਗੋਂ ਪੂਰੀ ਦੁਨੀਆ ਦੀ ਸਥਿਰਤਾ ਲਈ ਗੰਭੀਰ ਖਤਰਾ ਬਣ ਸਕਦਾ ਹੈ। ਇਸ ਲਈ ਵਰਤਮਾਨ ਸੰਕਟ ਸਿਰਫ ਇੱਕ ਖੇਤਰੀ ਲੜਾਈ ਨਹੀਂ, ਸਗੋਂ ਉਸ ਵਿਸ਼ਵ ਵਿਵਸਥਾ ਦਾ ਇਮਤਿਹਾਨ ਵੀ ਹੈ, ਜਿਹੜੀ ਅਮਨ, ਖੁਦਮੁਖਤਾਰੀ ਤੇ ਕੌਮਾਂਤਰੀ ਕਾਨੂੰਨ ਦੇ ਸਿਧਾਂਤਾਂ ’ਤੇ ਆਧਾਰਤ ਹੋਣ ਦਾ ਦਾਅਵਾ ਕਰਦੀ ਹੈ। ਆਉਣ ਵਾਲੇ ਸਮੇਂ ਵਿੱਚ ਇਹ ਸਪੱਸ਼ਟ ਹੋਵੇਗਾ ਕਿ ਵਿਸ਼ਵ ਭਾਈਚਾਰਾ ਇਸ ਸੰਕਟ ਨੂੰ ਪੁਰਅਮਨ ਹੱਲ ਦੀ ਦਿਸ਼ਾ ਵਿੱਚ ਲਿਜਾ ਪਾਉਦਾ ਹੈ ਜਾਂ ਇਹ ਟਕਰਾਅ ਹੋਰ ਵਿਆਪਕ ਰੂਪ ਲੈ ਲੈਂਦਾ ਹੈ।