ਅੰਮਿ੍ਰਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਰੰਗ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਨੀਵਾਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰ ਕੇ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਕਰਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਡਿਓਢੀ ਉੱਤੇ ਗੋਲੀਆਂ ਮਾਰਨ ਵਾਲੇ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਖਾਰਜ ਕਰਨ ਦੀ ਮੰਗ ਕੀਤੀ। ਵਫਦ ਵਿੱਚ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਅੰਤਿ੍ਰੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਤੁਗਲਵਾਲਾ, ਪਰਮਜੀਤ ਸਿੰਘ ਖਾਲਸਾ, ਅਮਰੀਕ ਸਿੰਘ ਵਛੋਆ ਅਤੇ ਰਵਿੰਦਰ ਸਿੰਘ ਖਾਲਸਾ ਸ਼ਾਮਲ ਸਨ। ਜਥੇਦਾਰ ਨੂੰ ਦਿੱਤੇ ਮੰਗ-ਪੱਤਰ ’ਚ ਵਫਦ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਡਿਓਢੀ ਦੇ ਥੰਮ੍ਹ ਉੱਪਰ ਗੋਲੀ ਲੱਗਣ ਨਾਲ ਮਨ ਨੂੰ ਦੁੱਖ ਪੁੱਜਾ ਹੈ। ਇਹ ਹਮਲਾ ਜਿਥੇ ਸ੍ਰੀ ਅਕਾਲ ਤਖਤ ਦੇ ਆਦੇਸ਼ਾਂ ਦੀ ਤੌਹੀਨ ਹੈ, ਉਥੇ ਸਿੱਖਾਂ ਦੇ ਕੇਂਦਰੀ ਧਾਰਮਕ ਅਸਥਾਨ ਦੀ ਵੱਡੀ ਬੇਅਦਬੀ ਅਤੇ ਇਸ ਦੀ ਰੂਹਾਨੀਅਤ ਨੂੰ ਖੰਡਤ ਕਰਨ ਵਾਲੀ ਕੋਝੀ ਹਰਕਤ ਵੀ ਹੈ। ਅਜਿਹੇ ਪਾਵਨ ਅਸਥਾਨ ਵੱਲ ਹਮਲਾ ਕਰੋੜਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਸਿੱਖ ਜਗਤ ਕੋਲੋਂ ਤਾਂ ਪਹਿਲਾਂ ਹੀ ਜੂਨ 1984 ਸਮੇਂ ਕਾਂਗਰਸ ਹਕੂਮਤ ਵੱਲੋਂ ਇਸ ਅਸਥਾਨ ਉਤੇ ਕੀਤੇ ਗਏ ਫੌਜੀ ਹਮਲੇ ਦਾ ਦਰਦ ਨਹੀਂ ਭੁੱਲਿਆ ਜਾ ਰਿਹਾ ਅਤੇ ਹੁਣ ਇਸ ਤਾਜ਼ਾ ਹਰਕਤ ਨਾਲ ਇਕ ਵਾਰ ਫਿਰ ਸਿੱਖਾਂ ਨੂੰ ਮਾਨਸਕ ਪੀੜਾ ਪੁੱਜੀ ਹੈ। ਵਫਦ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਪੰਜ ਸਿੰਘ ਸਾਹਿਬਾਨ ਇਸ ਮਾਮਲੇ ਉਤੇ ਵਿਚਾਰ ਕਰਨ ਅਤੇ ਘਿਨੌਣੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਪੰਥ ਵਿੱਚੋਂ ਛੇਕਣ ਲਈ ਲੋੜੀਂਦੀ ਕਾਰਵਾਈ ਕਰਨ।





