12.2 C
Jalandhar
Wednesday, December 11, 2024
spot_img

ਕੇਜਰੀਵਾਲ ਵੱਲੋਂ ਦਿੱਲੀ ’ਚ ਕਾਂਗਰਸ ਨਾਲ ਗੱਠਜੋੜ ਦੀ ਸੰਭਾਵਨਾ ਫਿਰ ਰੱਦ

ਨਵੀਂ ਦਿੱਲੀ : ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਇਕ ਵਾਰ ਫਿਰ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨਾਲ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦੋਹਾਂ ਪਾਰਟੀਆਂ ਦੇ ਮਿਲ ਕੇ ਚੋਣ ਲੜਨ ਬਾਰੇ ਚੱਲ ਰਹੀਆਂ ਖਬਰਾਂ ’ਤੇ ਵਿਰਾਮ ਲੱਗ ਗਿਆ ਹੈ। ‘ਐਕਸ’ ’ਤੇ ਇਕ ਪੋਸਟ ਵਿਚ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਵਿੱਚ ਆਪਣੇ ਜ਼ੋਰ ’ਤੇ ਚੋਣ ਲੜੇਗੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨਾਲ ਗੱਠਜੋੜ ਦੀ ਕੋਈ ਸੰਭਾਵਨਾ ਨਹੀਂ ਹੈ।
ਉਨ੍ਹਾ ਦੀ ਇਹ ਪ੍ਰਤੀਕਿਰਿਆ ਇਨ੍ਹਾਂ ਮੀਡੀਆ ਰਿਪੋਰਟਾਂ ਦੇ ਵਿਚਕਾਰ ਆਈ ਹੈ ਕਿ ਫਰਵਰੀ ਵਿੱਚ ਹੋਣ ਵਾਲੀਆਂ 70 ਮੈਂਬਰੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਹੋਣ ਦੀ ਸੰਭਾਵਨਾ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਵੀ ਕੇਜਰੀਵਾਲ ਨੇ ‘ਆਪ’ ਅਤੇ ਕਾਂਗਰਸ ਵਿਚਾਲੇ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਸੀ।
‘ਆਪ’ ਅਤੇ ਕਾਂਗਰਸ ਨੇ ਇਸ ਸਾਲ ਦੇ ਸ਼ੁਰੂ ’ਚ ਦਿੱਲੀ ’ਚ ਲੋਕ ਸਭਾ ਚੋਣਾਂ ਇਕੱਠੀਆਂ ਲੜੀਆਂ ਸਨ, ਪਰ ਭਾਜਪਾ ਤੋਂ ਸਾਰੀਆਂ 7 ਸੀਟਾਂ ’ਤੇ ਹਾਰ ਗਈਆਂ ਸਨ। ਉਹ ਕਈ ਦੌਰ ਦੀ ਗੱਲਬਾਤ ਦੇ ਬਾਵਜੂਦ ਅਕਤੂਬਰ ਵਿੱਚ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਟ ਵੰਡ ਸਮਝੌਤੇ ’ਤੇ ਪਹੁੰਚਣ ’ਚ ਅਸਫਲ ਰਹੀਆਂ। ‘ਆਪ’ ਨੇ ਦਿੱਲੀ ਲਈ ਹੁਣ ਤੱਕ ਆਪਣੇ 31 ਉਮੀਦਵਾਰਾਂ ਦੀਆਂ ਦੋ ਸੂਚੀਆਂ ਜਾਰੀ ਕੀਤੀਆਂ ਹਨ। ਬਾਕੀ ਉਮੀਦਵਾਰਾਂ ਦੀ ਸੂਚੀ ਜਲਦੀ ਆਉਣ ਦੀ ਉਮੀਦ ਹੈ।

Related Articles

Latest Articles