12.8 C
Jalandhar
Sunday, January 5, 2025
spot_img

ਦਿੱਲੀ ਤੋਂ ਢਾਬੀ ਗੁੱਜਰਾਂ ਤੱਕ ਹਿਲਜੁਲ

ਪ੍ਰਧਾਨ ਮੰਤਰੀ ਦੇ ਸ਼ਾਹ ਤੇ ਚੌਹਾਨ ਨਾਲ ਮਸ਼ਵਰੇ, ਵੱਡੇ ਅਫਸਰ ਡੱਲੇਵਾਲ ਨੂੰ ਮਿਲੇ
ਪਟਿਆਲਾ/ਸਮਰਾਲਾ (ਰਾਜਿੰਦਰ ਸਿੰਘ ਥਿੰਦ, ਸੁਰਜੀਤ ਸਿੰਘ)
ਕੌਮੀ ਸ਼ਾਹਰਾਹ ਖੁੱਲ੍ਹਵਾਉਣ ਲਈ ਸੁਪਰੀਮ ਕੋਰਟ ਵਿੱਚ 18 ਦਸੰਬਰ ਨੂੰ ਹੋਣ ਵਾਲੀ ਸੁਣਵਾਈ ਦੇ ਮੌਕੇ ਦਿੱਲੀ ਤੇ ਕਿਸਾਨ ਮੋਰਚੇ ਵਾਲੀ ਥਾਂ ਢਾਬੀ ਗੁੱਜਰਾਂ ’ਚ ਸਰਗਰਮੀਆਂ ਵਿੱਚ ਅਚਾਨਕ ਤੇਜ਼ੀ ਨਜ਼ਰ ਆਈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਨੀਵਾਰ ਰਾਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਮਸ਼ਵਰੇ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਮਯੰਕ ਮਿਸ਼ਰਾ ਅਤੇ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਐਤਵਾਰ ਮਰਨ ਵਰਤ ’ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚ ਗਏ।
ਪੰਜਾਬ ਪੁਲਸ ਮੁਖੀ ਗੌਰਵ ਯਾਦਵ ਨੇ ਐਤਵਾਰ ਪਟਿਆਲਾ ਜ਼ਿਲ੍ਹੇ ਅਧੀਨ ਪੈਂਦੇ ਢਾਬੀ ਗੁੱਜਰਾਂ/ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾ ਦੇ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਮਯੰਕ ਮਿਸ਼ਰਾ ਵੀ ਸਨ। ਇਸ ਤੋਂ ਇਲਾਵਾ ਪਟਿਆਲਾ ਦੇ ਡੀ ਆਈ ਜੀ ਮਨਦੀਪ ਸਿੰਘ ਸਿੱਧੂ ਅਤੇ ਐੱਸ ਐੱਸ ਪੀ ਡਾ. ਨਾਨਕ ਸਿੰਘ ਵੀ ਮੌਜੂਦ ਰਹੇ।
ਯਾਦਵ ਨੇ ਕਿਹਾ ਕਿ ਜਿੱਥੇ ਉਹ ਡੀ ਜੀ ਪੀ ਹੋਣ ਦੇ ਨਾਤੇ ਆਏ ਹਨ, ਉੱਥੇ ਉਨ੍ਹਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਖਾਸ ਤੌਰ ’ਤੇ ਭੇਜਿਆ ਗਿਆ। ਮੁੱਖ ਮੰਤਰੀ ਨੇ ਕਿਸਾਨੀ ਮਸਲੇ ਦੇ ਹੱਲ ਲਈ ਕੇਂਦਰ ਸਰਕਾਰ ਨਾਲ ਵੀ ਰਾਬਤਾ ਸਾਧਿਆ ਹੋਇਆ ਹੈ। ਯਾਦਵ ਨੇ ਕਿਸਾਨਾਂ ਅਤੇ ਕੇਂਦਰ ਦਰਮਿਆਨ ਜਲਦੀ ਕੋਈ ਉਸਾਰੂ ਗੱਲਬਾਤ ਸ਼ੁਰੂ ਹੋਣ ਦੀ ਸੰਭਾਵਨਾ ਵੀ ਜਤਾਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਦਵ ਨੇ ਕਿਹਾ ਕਿ ਡੱਲੇਵਾਲ ਹੋਣਹਾਰ, ਸੁਲਝੇ ਅਤੇ ਸੀਨੀਅਰ ਨੇਤਾ ਹਨ, ਜਿਸ ਕਰਕੇ ਕਿਸਾਨੀ ਮੰਗਾਂ ਦੀ ਪੂਰਤੀ ਲਈ ਜਾਰੀ ਇਸ ਸੰਘਰਸ਼ ਨੂੰ ਨੇਪਰੇ ਚੜ੍ਹਾਉਣ ਲਈ ਡੱਲੇਵਾਲ ਵਰਗੇ ਸੁਲਝੇ ਕਿਸਾਨ ਆਗੂਆਂ ਦੀ ਅਗਵਾਈ ਦੀ ਦੇਸ਼, ਪੰਜਾਬ ਅਤੇ ਖਾਸਕਰ ਕਿਸਾਨੀ ਨੂੰ ਬਹੁਤ ਲੋੜ ਹੈ। ਉਨ੍ਹਾ ਇਹ ਵੀ ਕਿਹਾ ਕਿ ਪੁਲਸ ਨਹੀਂ ਚਾਹੁੰਦੀ ਕਿ ਡੱਲੇਵਾਲ ਦਾ ਮਰਨ ਵਰਤ ਤੁੜਵਾਉਣ ਲਈ ਕੋਈ ਜ਼ੋਰ-ਜ਼ਬਰਦਸਤੀ ਕੀਤੀ ਜਾਵੇ। ਇਸ ਕਰਕੇ ਹੀ ਉਹ ਇੱਥੇ ਉਚੇਚੇ ਤੌਰ ’ਤੇ ਡੱਲੇਵਾਲ ਨੂੰ ਮਰਨ ਵਰਤ ਤਿਆਗਣ ਦੀ ਅਪੀਲ ਕਰਨ ਆਏ ਹਨ, ਤਾਂ ਜੋ ਉਨ੍ਹਾ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ। ਉਨ੍ਹਾ ਹੋਰ ਕਿਹਾ ਕਿ ਇਸ ਤੋਂ ਇਲਾਵਾ ਸੁਪਰੀਮ ਕੋਰਟ ਵੱਲੋਂ ਵੀ ਡੱਲੇਵਾਲ ਦਾ ਪੂਰਾ ਖਿਆਲ ਰੱਖਣ ਦੀ ਹਦਾਇਤ ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਕੀਤੀ ਗਈ ਹੈ, ਜਿਸ ਦੇ ਚਲਦਿਆਂ ਡਾਕਟਰੀ ਟੀਮ ਵੱਲੋਂ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਰਿਹਾ ਹੈ ਤੇ ਇਸੇ ਸਭ ਕਾਸੇ ਦਾ ਮੁਆਇਨਾ ਲੈਣ ਲਈ ਵੀ ਉਹ ਇਥੇ ਪੁੱਜੇ ਹਨ।
ਡੱਲੇਵਾਲ ਨਾਲ ਮੁਲਾਕਾਤ ਤੋਂ ਬਾਅਦ ਡੀ ਜੀ ਪੀ ਨੇ ਮੋਰਚੇ ’ਚ ਸ਼ਾਮਲ ਸੀਨੀਅਰ ਕਿਸਾਨ ਆਗੂਆਂ ਕਾਕਾ ਸਿੰਘ ਕੋਟੜਾ ਤੇ ਹੋਰਨਾਂ ਨਾਲ ਵੀ ਮੀਟਿੰਗ ਕੀਤੀ। ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਡੱਲੇਵਾਲ ਦੀ ਜਾਨ ਨੂੰ ਬੇਹੱਦ ਕੀਮਤੀ ਕਰਾਰ ਦਿੰਦਿਆਂ ਉਨ੍ਹਾ ਦੀ ਸਿਹਤ ਵਿਚ ਨਿਘਾਰ ਉੱਤੇ ਫਿਕਰਮੰਦੀ ਜ਼ਾਹਰ ਕੀਤੀ ਸੀ। ਉਸ ਨੇ ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਉਨ੍ਹਾ ਨੂੰ ਮਿਲਣ ਤੇ ਮਰਨ ਵਰਤ ਖਤਮ ਕਰਨ ਵਾਸਤੇ ਮਨਾਉਣ ਲਈ ਕਿਹਾ ਸੀ।
ਦੂਜੇ ਪਾਸੇ ਡੱਲੇਵਾਲ ਦਾ ਕਹਿਣਾ ਹੈ ਕਿ ਮਰਨ ਵਰਤ ਕਿਸਾਨ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ। ਜੇ ਸਰਕਾਰਾਂ ਮਰਨ ਵਰਤ ਖਤਮ ਕਰਾਉਣਾ ਚਾਹੁੰਦੀਆਂ ਹਨ ਤਾਂ ਫੌਰੀ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ। ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਆਪਣੀ ਜਾਨ ਦੀ ਕੁਰਬਾਨੀ ਦੇਣ ਲਈ ਤਿਆਰ ਹਨ।

Related Articles

Latest Articles