ਦਰਮਿਆਨੇ ਤਬਕੇ ਦੀ ਹਾਲਤ ਖਰਾਬ ਹੋ ਰਹੀ ਹੈ ਤੇ ਖਪਤਕਾਰ ਬਾਜ਼ਾਰ ਮੰਦੀ ਦੇ ਕੰਢੇ ਹੈ, ਪਰ ਭਾਰਤ ਦੇ ਕਾਰੋਬਾਰੀਆਂ ਦੇ ਧਨ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਪਿਛਲੇ ਇੱਕ ਸਾਲ, ਯਾਨੀ 2023-24 ਵਿੱਚ ਹੀ ਦੇਸ਼ ਦੇ ਧਨੀ ਲੋਕਾਂ ਦੇ ਧਨ ’ਚ ਲਗਪਗ 42 ਫੀਸਦੀ ਦਾ ਵਾਧਾ ਹੋਇਆ ਹੈ। ਰਕਮ ਦੇ ਰੂਪ ਵਿੱਚ ਇਹ 905 ਅਰਬ ਡਾਲਰ ਬਣਦਾ ਹੈ। ਅਰਬਪਤੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਰਤ ਦੁਨੀਆ ਵਿੱਚ ਤੀਜੇ ਨੰਬਰ ’ਤੇ ਆ ਚੁੱਕਾ ਹੈ, ਕਿਉਕਿ ਚੀਨ ਵਿੱਚ ਨਾਬਰਾਬਰੀ ਘਟਾਉਣ ਦੀ ਨੀਤੀ ’ਤੇ ਸਖਤੀ ਨਾਲ ਅਮਲ ਕਾਰਨ ਉੱਥੇ ਅਰਬਪਤੀਆਂ ਦੀ ਗਿਣਤੀ ਤੇ ਉਨ੍ਹਾਂ ਦੇ ਧਨ ਵਿੱਚ ਕਮੀ ਆ ਰਹੀ ਹੈ। ਇਸ ਹਿਸਾਬ ਨਾਲ ਸੰਭਵ ਹੈ ਕਿ ਕੁਝ ਸਾਲਾਂ ਵਿੱਚ ਭਾਰਤ ਅਰਬਪਤੀਆਂ ਦੀ ਸੂਚੀ ’ਚ ਅਮਰੀਕਾ ਦੇ ਬਾਅਦ ਦੂਜੇ ਨੰਬਰ ’ਤੇ ਆ ਜਾਵੇ। ਸਰਕਾਰ ਕਹਿੰਦੀ ਹੈ ਕਿ ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ ਤੇ ਕੁਝ ਸਾਲਾਂ ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗੀ ਅਤੇ ਕਰੀਬ 20 ਸਾਲ ਬਾਅਦ ਭਾਰਤ ਵਿਕਸਤ ਰਾਸ਼ਟਰ ਬਣ ਜਾਵੇਗਾ। ਸਰਕਾਰ ਦਾ ਇਹ ਦਾਅਵਾ ਅੰਧਭਗਤਾਂ ਨੂੰ ਖੂਬ ਭਾਅ ਰਿਹਾ ਹੈ ਤੇ ਉਹ ਉੱਛਲ ਵੀ ਰਹੇ ਹਨ। ਇਹ ਗੱਲ ਵੱਖਰੀ ਹੈ ਕਿ ਜਿਹੜੇ ਉੱਛਲ ਰਹੇ ਹਨ, ਉਨ੍ਹਾਂ ਦੇ ਘਰਾਂ ਵਿੱਚ ਵੀ ਖਾਣ ਦੇ ਲਾਲੇ ਪਏ ਹੋਏ ਹਨ।
ਮੋਦੀ ਰਾਜ ਦੇ ਦਸ ਸਾਲ ਦੇ ਅੰਕੜੇ ਦੱਸਦੇ ਹਨ ਕਿ ਭਾਰਤ ਵਿੱਚ ਅਰਬਪਤੀਆਂ ਦੀ ਗਿਣਤੀ ਵਧ ਕੇ 185 ਹੋ ਗਈ ਹੈ। ਇਨ੍ਹਾਂ ਦਾ ਕੁੱਲ ਧਨ 263 ਫੀਸਦੀ ਵਧਿਆ ਹੈ। ਸਵਿਸ ਬੈਂਕ ਯੂ ਬੀ ਐੱਸ ਦੀ ਅਰਬਪਤੀਆਂ ਬਾਰੇ ਸਾਲਾਨਾ ਰਿਪੋਰਟ ਮੁਤਾਬਕ ਇਸ ਵੇਲੇ ਦੁਨੀਆ ਵਿੱਚ ਅਰਬਪਤੀਆਂ ਦੀ ਗਿਣਤੀ ਮੁਕਾਬਲਤਨ ਘਟ ਰਹੀ ਹੈ ਪਰ ਭਾਰਤ ਵਿੱਚ ਵਧ ਰਹੀ ਹੈ। ਪਿਛਲੇ ਵਿੱਤੀ ਸਾਲ ’ਚ ਉਤਲੇ ਪੰਜ ਦੇਸ਼ਾਂ ਵਿੱਚੋਂ ਅਮਰੀਕਾ, ਜਰਮਨੀ ਤੇ ਬਰਤਾਨੀਆ ਵਿੱਚ ਵੀ ਅਰਬਪਤੀਆਂ ਦਾ ਕੁੱਲ ਧਨ ਵਧਿਆ ਪਰ ਸਭ ਤੋਂ ਜ਼ਿਆਦਾ ਭਾਰਤੀ ਅਰਬਪਤੀਆਂ ਦਾ ਵਧਿਆ। ਸਿਰਫ ਚੀਨ ਹੀ ਅਜਿਹਾ ਦੇਸ਼ ਰਿਹਾ, ਜਿੱਥੇ ਇਸ ਵਰਗ ਦੇ ਕੁੱਲ ਧਨ ਵਿੱਚ ਗਿਰਾਵਟ ਆਈ। ਅੰਧਭਗਤ ਖੁਸ਼ ਹਨ ਕਿ ਭਾਰਤ ਧਨੀ ਦੇਸ਼ਾਂ ਤੋਂ ਅੱਗੇ ਨਿਕਲ ਰਿਹਾ ਹੈ ਪਰ ਉਨ੍ਹਾਂ ਕੋਲ ਕੀ ਬਚਿਆ ਹੈ ਤੇ ਜੇ ਨਹੀਂ ਬਚਿਆ ਤਾਂ ਕਿਉ ਨਹੀਂ ਬਚਿਆ, ਇਸ ’ਤੇ ਕਦੇ ਉਨ੍ਹਾਂ ਦੀ ਨਜ਼ਰ ਨਹੀਂ ਜਾਂਦੀ। ਕੀ ਕਿਸੇ ਨੇ ਕਦੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਅਜਿਹਾ ਕਿਹੜਾ ਧੰਦਾ ਹੈ, ਜਿਹੜਾ ਰਾਤੋ-ਰਾਤ ਲੋਕਾਂ ਦੀ ਆਮਦਨੀ ਦੁੱਗਣੀ-ਚੌਗੁਣੀ ਕਰ ਰਿਹਾ ਹੈ। ਸਚਾਈ ਇਹ ਹੈ ਕਿ ਦੇਸ਼ ਦੇ ਇਹ ਕਾਰੋਬਾਰੀ ਦੇਸ਼ ਨੂੰ ਹੀ ਚੂਨਾ ਲਾ ਰਹੇ ਹਨ, ਲੁੱਟ ਰਹੇ ਹਨ ਤੇ ਲੋਕਾਂ ਦੇ ਹੱਕ ਮਾਰ ਕੇ ਧਨੀ ਬਣ ਰਹੇ ਹਨ। ਇਨ੍ਹਾਂ ਦੀ ਇਸ ਖੇਡ ਨੂੰ ਅੱਗੇ ਵਧਾਉਣ ਵਿੱਚ ਹਾਕਮ ਹਿੱਸਾ ਪਾ ਰਹੇ ਹਨ।
ਭਾਰਤ ਮਿਸ਼ਰਤ ਅਰਥਵਿਵਸਥਾ ਨਾਲ ਚੱਲਿਆ ਸੀ, ਜਿਸ ਵਿੱਚ ਸਰਕਾਰੀ ਤੇ ਨਿੱਜੀ ਖੇਤਰ ਨੇ ਮਿਲ ਕੇ ਦੇਸ਼ ਤੇ ਸਮਾਜ ਦੀ ਭਲਾਈ ਕਰਨੀ ਸੀ। ਪਰ ਹੁਣ ਪੂੰਜੀਵਾਦੀ ਅਰਥਵਿਵਸਥਾ ’ਤੇ ਚੱਲ ਰਿਹਾ ਹੈ, ਜਿਸ ਵਿੱਚ ਲੋਕਾਂ ਦੀ ਭਲਾਈ ਦੀ ਗੱਲ ਨਹੀਂ ਕੀਤੀ ਜਾਂਦੀ ਤੇ ਸਾਰੀ ਕਮਾਈ ਪੂੰਜੀਪਤੀਆਂ ਦੇ ਹਵਾਲੇ ਕੀਤੀ ਜਾ ਰਹੀ ਹੈ । ਇਹ ਪੂੰਜੀਪਤੀ ਸਿਆਸੀ ਪਾਰਟੀਆਂ ਨੂੰ ਚੰਦੇ ਦੇ ਕੇ ਆਪਣੀ ਹੈਸੀਅਤ ਵਧਾ ਰਹੇ ਹਨ। ਪੰਜ ਕਿੱਲੋ ਅਨਾਜ ਲੈ ਕੇ ਸਰਕਾਰ ਦੇ ਜੈਕਾਰੇ ਛੱਡਣ ਵਾਲਿਆਂ ਨੂੰ ਸਮਝਣਾ ਪੈਣਾ ਕਿ ਮੋਦੀ ਰਾਜ ਦੀਆਂ ਆਰਥਕ ਨੀਤੀਆਂ ਆਖਰ ਭਲਾ ਕਿਸ ਦਾ ਕਰ ਰਹੀਆਂ ਹਨ।