ਚੰਡੀਗੜ੍ਹ : ਸੀ ਪੀ ਆਈ ਨੇ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਕਿਸਾਨ ਆਗੂ ਦਾ ਮਰਨ ਵਰਤ ਖਤਮ ਕਰਵਾਏ। 14 ਤੇ 15 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਈ ਪੰਜਾਬ ਸੀ ਪੀ ਆਈ ਦੀ ਸੂਬਾ ਕੌਂਸਲ ਨੇ ਇਕ ਮਤੇ ਰਾਹੀਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਅੰਨ ਦਾਤਾ ਕਿਸਾਨੀ ਜਮਾਤ ਪ੍ਰਤੀ ਦੁਸ਼ਮਣ ਵਾਲੀ ਨੀਤੀ ਅਖਤਿਆਰ ਕਰਕੇ ਸਮੁੱਚੀ ਜਮਾਤ ਨੂੰ ਹੀ ਖਤਮ ਕਰਕੇ ਖੇਤੀਬਾੜੀ ਦਾ ਸਾਰਾ ਕਾਰੋਬਾਰ ਕਾਰਪੋਰੇਟ ਸੈਕਟਰ ਦੇ ਹਵਾਲੇ ਕਰਨਾ ਚਾਹੁੰਦੀ ਹੈ। ਸਟੇਟ ਕੌਂਸਲ ਮੀਟਿੰਗ, ਜਿਸ ਦੀ ਪ੍ਰਧਾਨਗੀ ਸਰਵਸਾਥੀ ਨਿਰਮਲ ਸਿੰਘ ਧਾਲੀਵਾਲ, ਹੰਸ ਰਾਜ ਗੋਲਡਨ ਅਤੇ ਕਿ੍ਰਸ਼ਨ ਚੌਹਾਨ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ, ਨੇ ਕਿਹਾ ਕਿ ਭਾਰਤ ਦੇ ਕਿਸਾਨਾਂ ਦਾ ਇਤਿਹਾਸਕ ਘੋਲ ਦਿੱਲੀ ਬਾਰਡਰਾਂ ’ਤੇ 378 ਦਿਨ ਚਲਿਆ ਤੇ ਸੈਂਕੜੇ ਕਿਸਾਨਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਕਾਲੇ ਕਾਨੂੰਨ ਵਾਪਸ ਲਏ ਗਏ, ਪਰ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨ ਬਣਾਉਣ ਦਾ ਵਾਅਦਾ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ।
ਮੀਟਿੰਗ ਦੇ ਫੈਸਲੇ ਦੱਸਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਸੀ ਪੀ ਆਈ ਨੇ ਇਸ ਗੱਲ ’ਤੇ ਵੀ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਦਿੱਲੀ ਬਾਰਡਰਾਂ ’ਤੇ ਕਿਸਾਨੀ ਮੋਰਚੇ ਦੀ ਏਕਤਾ ਵਿਚ ਪਈ ਫੁੱਟ ਨੇ ਸਾਂਝੇ ਅੰਦੋਲਨਾਂ ਦਾ ਵੱਡਾ ਨੁਕਸਾਨ ਕੀਤਾ ਹੈ ਤੇ ਇਸ ਫੁਟ ਨੂੰ ਆਰ ਐੱਸ ਐੱਸ ਦੀ ਅਗਵਾਈ ਵਾਲੀ ਮੋਦੀ ਸਰਕਾਰ ਬੜੇ ਸ਼ਾਤਰਾਨਾ ਢੰਗ ਨਾਲ ਇਸਤੇਮਾਲ ਕਰ ਰਹੀ ਹੈ। ਪੰਜਾਬ ਸੀ ਪੀ ਆਈ ਚਾਹੁੰਦੀ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਪਹਿਲਾਂ ਵਾਂਗ ਹੀ ਇਕ ਸਾਂਝਾ ਫਰੰਟ ਤਿਆਰ ਕਰਕੇ ਸੰਘਰਸ਼ ਵਿੱਢਣਾ ਚਾਹੀਦਾ ਹੈ ਤੇ ਖੇਤ ਮਜ਼ਦੂਰਾਂ ਅਤੇ ਟਰੇਡ ਯੂਨੀਅਨਾਂ ਨਾਲ ਵੀ ਨੇੜਲੇ ਸੰਬੰਧ ਕਾਇਮ ਕਰਨੇ ਚਾਹੀਦੇ ਹਨ। ਸਾਥੀ ਬਰਾੜ ਨੇ ਕਿਹਾ ਕਿ ਸੀ ਪੀ ਆਈ ਦਾ ਵਫਦ 17 ਦਸੰਬਰ ਨੂੰ ਖਨੌਰੀ ਬਾਰਡਰ ’ਤੇ ਡੱਲੇਵਾਲ ਤੇ ਮੋਰਚੇ ਦੇ ਲੀਡਰਾਂ ਨਾਲ ਮੁਲਾਕਾਤ ਕਰੇਗਾ।