ਚੰਡੀਗੜ੍ਹ/ਲੁਧਿਆਣਾ (ਐੱਮ ਐੱਸ ਭਾਟੀਆ)
ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੀ ਪੰਜਾਬ ਇਕਾਈ ਦੀ ਕਾਰਜਕਾਰਨੀ ਅਤੇ ਸੂਬਾ ਕੌਂਸਲ ਦੀ ਮੀਟਿੰਗ, ਜੋ 14 ਅਤੇ 15 ਦਸੰਬਰ ਨੂੰ ਹੋਈ, ਨੇ ਸਰਬਸੰਮਤੀ ਨਾਲ 21 ਤੋਂ 25 ਸਤੰਬਰ 2025 ਤੱਕ ਚੰਡੀਗੜ੍ਹ ਵਿਖੇ ਹੋਣ ਵਾਲੀ 25ਵੀਂ ਪਾਰਟੀ ਕਾਂਗਰਸ ਦੀ ਮੇਜ਼ਬਾਨੀ ਕਰਨ ਦਾ ਫੈਸਲਾ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਜਨਰਲ ਸਕੱਤਰ ਡੀ. ਰਾਜਾ ਨੇ ਕਿਹਾ ਕਿ ਪਾਰਟੀ ਦਾ ਜਨਮ 26 ਦਸੰਬਰ 1925 ਨੂੰ ਕਾਨਪੁਰ ਵਿੱਚ ਆਪਣੀ ਸਥਾਪਨਾ ਕਾਨਫਰੰਸ ਵਿੱਚ ਹੋਇਆ ਸੀ। ਉਦੋਂ ਤੋਂ ਸੀ ਪੀ ਆਈ ਨੇ ਆਜ਼ਾਦੀ ਸੰਗਰਾਮ ਦੌਰਾਨ ਅਤੇ ਆਜ਼ਾਦੀ ਤੋਂ ਬਾਅਦ ਮਿਹਨਤਕਸ਼ ਲੋਕਾਂ ਦੇ ਉਥਾਨ ਲਈ ਇੱਕ ਧਰਮ ਨਿਰਪੱਖ, ਲੋਕਤੰਤਰੀ, ਸਮਾਜਵਾਦੀ ਗਣਰਾਜ ਲਈ ਆਜ਼ਾਦੀ ਸੰਗਰਾਮੀਆਂ ਦੀ ਵਿਚਾਰਧਾਰਾ ਦੇ ਅਧਾਰ ’ਤੇ ਭਾਰਤ ਦੀ ਉਸਾਰੀ ਦੀ ਪ੍ਰਕਿਰਿਆ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਹੈ। ਆਜ਼ਾਦੀ ਸੰਗਰਾਮ ਦੌਰਾਨ ਪੰਜਾਬ ਮੋਹਰੀ ਰਿਹਾ ਹੈ। ਮਹਾਨ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਗਦਰੀ ਬਾਬੇ ਅਤੇ ਅੰਡੇਮਾਨ ਜੇਲ੍ਹ ਵਿੱਚ ਬੰਦ ਵੱਡੀ ਗਿਣਤੀ ਵਿੱਚ ਆਜ਼ਾਦੀ ਸੰਗਰਾਮੀਆਂ ਦੀਆਂ ਕੁਰਬਾਨੀਆਂ ਇਸ ਗੱਲ ਦੀ ਗਵਾਹੀ ਭਰਦੇ ਹਨ।ਇਸ ਲਈ ਪਾਰਟੀ ਨੇ ਪਾਰਟੀ ਦੇ 100 ਸਾਲ ਪੂਰੇ ਹੋਣ ’ਤੇ ਕਾਂਗਰਸ ਦੀ ਮੇਜ਼ਬਾਨੀ ਲਈ ਪੰਜਾਬ ਨੂੰ ਚੁਣਿਆ ਹੈ।
ਅਮਰਜੀਤ ਕੌਰ ਕੌਮੀ ਸਕੱਤਰ ਸੀ ਪੀ ਆਈ ਨੇ ਕਿਹਾ ਕਿ ਜਦੋਂ 1980 ਦੇ ਦਹਾਕੇ ਵਿੱਚ ਖਾਲਿਸਤਾਨ ਲਹਿਰ ਦੌਰਾਨ ਵੱਖਵਾਦੀ ਤਾਕਤਾਂ ਨੇ ਸਾਮਰਾਜਵਾਦ ਦੇ ਇਸ਼ਾਰੇ ’ਤੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ, ਉਦੋਂ ਪੰਜਾਬ ਨੇ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਇਤਿਹਾਸਕ ਭੂਮਿਕਾ ਨਿਭਾਈ ਹੈ। ਪਾਰਟੀ ਕਾਂਗਰਸ ਸ਼ਹੀਦਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਸਮਾਂ ਹੋਵੇਗਾ। ਉਨ੍ਹਾ ਕਿਹਾ ਕਿ ਦੇਸ਼ ਭਰ ਤੋਂ ਲਗਭਗ 1000 ਡੈਲੀਗੇਟ ਪਾਰਟੀ ਕਾਂਗਰਸ ਵਿੱਚ ਹਿੱਸਾ ਲੈਣਗੇ। ਗ੍ਰੀਸ਼ ਮਿਸ਼ਰਾ ਸਕੱਤਰ ਸੀ ਪੀ ਆਈ ਨੇ ਕਿਹਾ ਕਿ ਪਾਰਟੀ ਦੀ ਸਥਾਪਨਾ ਦੇ 100 ਸਾਲਾਂ ਦੇ ਇਤਿਹਾਸਕ ਪਲ ’ਤੇ ਪਾਰਟੀ ਕਾਂਗਰਸ ਦੌਰਾਨ ਦੇਸ਼ ਭਰ ਦੇ ਮੈਂਬਰ ਚੰਡੀਗੜ੍ਹ ਵਿਖੇ ਆਉਣ ਲਈ ਉਤਸ਼ਾਹਤ ਹਨ।
ਬੰਤ ਸਿੰਘ ਬਰਾੜ ਸਕੱਤਰ ਸੀ ਪੀ ਆਈ ਪੰਜਾਬ ਨੇ ਕਿਹਾ ਕਿ ਅਸੀਂ ਸੂਬੇ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਜ਼ਮੀਨੀ ਪੱਧਰ ’ਤੇ ਮੀਟਿੰਗਾਂ ਦਾ ਆਯੋਜਨ ਕਰਾਂਗੇ ਅਤੇ ਮਹਾਨ ਸ਼ਹੀਦਾਂ ਦੀ ਸ਼ਾਨਦਾਰ ਭੂਮਿਕਾ ਨੂੰ ਉਜਾਗਰ ਕਰਨ ਲਈ ਸੂਬੇ ਦੀਆਂ ਵੱਖ-ਵੱਖ ਥਾਵਾਂ ਤੋਂ ਜਥਿਆਂ ਦੇ ਰੂਪ ਵਿੱਚ ਮਸ਼ਾਲ ਮਾਰਚ ਕੱਢਾਂਗੇ। ਅਸੀਂ ਆਪਣੇ ਪੁਰਾਣੇ ਸਾਥੀਆਂ ਨੂੰ ਵੀ ਯਾਦ ਰੱਖਾਂਗੇ, ਜੋ ਹੁਣ ਸਾਡੇ ਨਾਲ ਨਹੀਂ ਹਨ, ਪਰ ਸੂਬੇ ਵਿੱਚ ਅੰਦੋਲਨ ਲਈ ਮਾਰਗਦਰਸ਼ਕ ਸ਼ਕਤੀ ਰਹੇ ਹਨ।ਕਾਂਗਰਸ ਦੀ ਸ਼ੁਰੂਆਤ ਨੂੰ ਮਨਾਉਣ ਲਈ ਇੱਕ ਰੈਲੀ 21 ਸਤੰਬਰ ਨੂੰ ਆਯੋਜਿਤ ਕੀਤੀ ਜਾਵੇਗੀ। ਕੌਂਸਲ ਦੇ ਕਈ ਮੈਂਬਰਾਂ ਨੇ ਮੀਟਿੰਗ ਵਿੱਚ ਬੋਲਦਿਆਂ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਹਿੱਸਾ ਲੈਣ ਅਤੇ ਭਾਰਤੀ ਸੰਵਿਧਾਨ ਦੀਆਂ ਮੂਲ ਮੱਦਾਂ ਦੀ ਰੱਖਿਆ, ਪ੍ਰਗਟਾਵੇ ਦੀ ਆਜ਼ਾਦੀ, ਅਸਹਿਮਤੀ, ਵਿਸ਼ਵਾਸ, ਭਾਸ਼ਾ ਅਤੇ ਸੱਭਿਆਚਾਰਾਂ ਦੇ ਬਹੁਲਵਾਦ ਦੇ ਸਤਿਕਾਰ ਅਤੇ ਸਾਰਿਆਂ ਲਈ ਸਮਾਨਤਾ ਅਤੇ ਨਿਆਂ ਲਈ ਸਮਾਜਵਾਦੀ ਭਾਰਤ ਬਣਾਉਣ ਦੇ ਸੰਕਲਪ ਲਈ ਭਵਿੱਖ ਦੇ ਰਸਤੇ ਨਾਲ ਪਾਰਟੀ ਕਾਂਗਰਸ ਨੂੰ ਸਫਲ ਬਣਾਉਣ ਦਾ ਭਰੋਸਾ ਦਿੱਤਾ।ਨਿਰਮਲ ਸਿੰਘ ਧਾਲੀਵਾਲ, �ਿਸ਼ਨ ਚੌਹਾਨ ਤੇ ਹੰਸ ਰਾਜ ਗੋਲਡਨ ’ਤੇ ਅਧਾਰਤ ਪ੍ਰਧਾਨਗੀ ਮੰਡਲ ਵੱਲੋਂ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ ਗਿਆ।