ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਕੇਂਦਰੀ ਖੇਤੀ ਮੰਡੀਕਰਨ ਖਰੜੇ ਦੇ ਵਿਰੁੱਧ ਅਤੇ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਦਿੱਲੀ ਘੋਲ ਦੀਆਂ ਬਕਾਇਆ ਮੰਗਾਂ ਨੂੰ ਲੈ ਕੇ 23 ਦਸੰਬਰ ਨੂੰ ਪੰਜਾਬ-ਭਰ ’ਚ ਜ਼ਿਲ੍ਹਾ ਕੇਂਦਰਾਂ ’ਤੇ ਵਿਸ਼ਾਲ ਰੋਸ ਪ੍ਰਦਰਸ਼ਨਾਂ ਦੀ ਤਿਆਰੀ ਲਈ ਸੋਮਵਾਰ ਇੱਥੇ ਦਾਣਾ ਮੰਡੀ ਵਿਖੇ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਦਾ ਖੇਤੀ ਮੰਡੀਕਰਨ ਖਰੜਾ ਧੜੱਲੇ ਨਾਲ ਉਹੀ ਕਾਲੇ ਕਾਨੂੰਨ ਦੇਸ਼-ਭਰ ਦੇ ਕਿਸਾਨਾਂ ਉੱਤੇ ਮੜ੍ਹਨ ਦਾ ਸੰਦ ਹੈ, ਜਿਸ ਨੂੰ ਜੀ ਐੱਸ ਟੀ ਟੈਕਸਾਂ ਵਾਂਗ ਹੀ 15 ਦਿਨਾਂ ’ਚ ਰਾਜ ਸਰਕਾਰਾਂ ਦੀ ਰਸਮੀ ਪ੍ਰਵਾਨਗੀ ਹਿੱਤ ਜਾਰੀ ਕੀਤਾ ਗਿਆ ਹੈ। ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਖਰੜੇ ਨੂੰ ਕਾਨੂੰਨੀ ਰੂਪ ’ਚ ਲਾਗੂ ਕਰਨ ਨਾਲ ਸੰਸਾਰ ਵਪਾਰ ਸੰਸਥਾ ਦੀ ਕਾਰਪੋਰੇਟ ਪੱਖੀ ਖੁੱਲ੍ਹੀ ਮੰਡੀ ਨੀਤੀ ਮੜ੍ਹੀ ਜਾਵੇਗੀ ਤੇ ਫਸਲਾਂ ਕੌਡੀਆਂ ਦੇ ਭਾਅ ਲੁੱਟੀਆਂ ਜਾਣਗੀਆਂ। ਖਰੜੇ ’ਚ ਦਰਜ ਠੇਕਾ ਖੇਤੀ ਨੀਤੀ ਜ਼ਰੀਏ ਆਮ ਕਿਸਾਨਾਂ ਦੀਆਂ ਜ਼ਮੀਨਾਂ ਉੱਤੇ ਕਾਰਪੋਰੇਟ-ਜਗੀਰਦਾਰ ਗੱਠਜੋੜ ਵੱਲੋਂ ਕਬਜ਼ੇ ਕੀਤੇ ਜਾਣਗੇ। ਇਹ ਖਰੜਾ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਨੂੰ ਪੈਰਾਂ ਹੇਠ ਰੋਲਣ ਦਾ ਐਲਾਨ ਹੈ। ਇਸੇ ਕਰਕੇ ਇਸ ਖਰੜੇ ਨੂੰ ਰੱਦ ਕਰਨ ਦੀ ਮੰਗ ਉੱਤੇ ਐੱਸ ਕੇ ਐੱਮ ਵੱਲੋਂ ਫੈਸਲਾਕੁੰਨ ਸੰਘਰਸ਼ ਦੇ ਪਹਿਲੇ ਪੜਾਅ ’ਤੇ ਦੇਸ਼ ਭਰ ਅੰਦਰ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਪੂਰੇ ਇਕੱਠ ਵੱਲੋਂ ਮਤਾ ਪਾਸ ਕਰਵਾ ਕੇ ਐਲਾਨ ਕੀਤਾ ਕਿ ਸ਼ੰਭੂ ਤੇ ਖਨੌਰੀ ਵਿਖੇ ਦਿੱਲੀ ਜਾਣ ਤੋਂ ਡੱਕੇ ਕਿਸਾਨਾਂ ਅਤੇ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੇਂਦਰ ਦੇ ਜਾਬਰ ਵਤੀਰੇ ਵਿਰੁੱਧ 18 ਦਸੰਬਰ ਨੂੰ ਪੰਜਾਬ ਭਰ ’ਚ ਕੀਤੇ ਜਾ ਰਹੇ ਰੇਲ ਜਾਮ ਨਾਲ ਤਾਲਮੇਲਵੇਂ ਰੂਪ ’ਚ ਬਲਾਕ ਪੱਧਰੇ ਮੋਟਰਸਾਈਕਲ ਝੰਡਾ ਮਾਰਚ ਕੀਤੇ ਜਾਣਗੇ।
ਮੰਗ ਕੀਤੀ ਜਾਵੇਗੀ ਕਿ ਸੰਘਰਸਸ਼ੀਲ ਕਿਸਾਨਾਂ ਦੇ ਆਗੂਆਂ ਨਾਲ ਤੁਰੰਤ ਗੱਲਬਾਤ ਰਾਹੀਂ ਮੰਗਾਂ ਦਾ ਨਿਬੇੜਾ ਕਰ ਕੇ ਡੱਲੇਵਾਲ ਦੀ ਜਾਨ ਬਚਾਈ ਜਾਵੇ।