ਸਮਰਾਲਾ (ਸੁਰਜੀਤ ਸਿੰਘ)-ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 21ਵੇਂ ਦਿਨ ਜਾਰੀ ਮੈਡੀਕਲ ਬੁਲੇਟਿਨ ਵਿਚ ਕਿਹਾ ਗਿਆ ਕਿ ਉਹਨਾ ਦਾ ਸਰੀਰ ਹੀ ਸਰੀਰ ਨੂੰ ਅੰਦਰੋ-ਅੰਦਰ ਖਾ ਰਿਹਾ ਹੈ ਅਤੇ ਉਨ੍ਹਾ ਦੀ ਹਾਲਤ ਵਿਗੜਦੀ ਜਾ ਰਹੀ ਹੈ।ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐੱਸ ਐੱਸ ਪੀ ਨਾਨਕ ਸਿੰਘ ਨੇ ਡੱਲੇਵਾਲ ਦੀ ਖਬਰਸਾਰ ਲਈ। ਕਿਸਾਨ ਆਗੂ ਦੀ ਸਿਹਤ ਦਾ ਧਿਆਨ ਰੱਖ ਰਹੇ ਡਾਕਟਰਾਂ ਨੇ ਦੱਸਿਆ ਕਿ ਆਮ ਲੋਕਾਂ ਨੂੰ ਹੁਣ ਕਿਸਾਨ ਆਗੂ ਦੇ ਕਮਰੇ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ, ਕਿਉਂਕਿ ਇਨਫੈਕਸ਼ਨ ਹੋਣ ਦਾ ਖਤਰਾ ਵਧ ਗਿਆ ਹੈ। ਉਨ੍ਹਾ ਨੂੰ ਸ਼ੀਸ਼ੇ ਦੇ ਕੈਬਿਨ ’ਚ ਤਬਦੀਲ ਕੀਤਾ ਜਾ ਰਿਹਾ ਹੈ, ਤਾਂ ਕਿ ਆਮ ਲੋਕ ਉਨ੍ਹਾ ਦੇ ਦਰਸ਼ਨ ਕਰ ਸਕਣ। ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਕ ਬਹੁਤ ਹੀ ਜ਼ਿੰਮੇਵਾਰੀ ਵਾਲੇ ਅਹੁਦੇ ਉੱਪਰ ਬੈਠੇ ਹੋਣ ਦੇ ਬਾਵਜੂਦ ਗੁੰਮਰਾਹਕੁੰਨ ਬਿਆਨਬਾਜ਼ੀ ਕਰ ਰਹੇ ਹਨ। ਉਹਨਾ ਕਿਹਾ ਕਿ ਜਿਵੇਂ-ਜਿਵੇਂ ਤਕਨੀਕ ਵਧੇਗੀ ਤਾਂ ਸੁਭਾਵਿਕ ਹੀ ਹੈ ਕਿ ਫ਼ਸਲਾਂ ਦੀ ਪੈਦਾਵਾਰ ਵੀ ਵਧੇਗੀ ਅਤੇ ਖ਼ਰੀਦ ਦਾ ਅੰਕੜਾ ਵੀ ਵਧੇਗਾ, ਪਰ ਅਸਲ ਸਵਾਲ ਇਹ ਹੈ ਕਿ ਕੀ ਸਾਰੇ ਕਿਸਾਨਾਂ ਨੂੰ ਐੱਮ ਐੱਸ ਪੀ ਮਿਲ ਰਹੀ ਹੈ? ਕੀ ਐੱਮ ਐੱਸ ਪੀ ਪ੍ਰਾਪਤ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵਧੀ ਹੈ? 2004-2014 ਦੇ ਸਮੇ ਦੌਰਾਨ ਕਣਕ ਦੀ ਐੱਮ ਐੱਸ ਪੀ ਵਿੱਚ 820 ਰੁਪਏ ਦਾ ਵਾਧਾ ਹੋਇਆ, ਜੋ ਕਿ 130 ਫੀਸਦੀ ਦਾ ਵਾਧਾ ਹੈ ਅਤੇ 2014-2024 ਦੀ ਮਿਆਦ ਦੌਰਾਨ ਇਸ ਵਿੱਚ 825 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ, ਜੋ ਕਿ 56 ਫੀਸਦੀ ਦਾ ਵਾਧਾ ਹੈ। ਦੂਜੇ ਪਾਸੇ 2014 ਤੋਂ 2023 ਤੱਕ ਮਹਿੰਗਾਈ ਦੀ ਦਰ 56.53 ਫੀਸਦੀ ਵਧੀ ਹੈ, ਇਸ ਲਈ ਮਹਿੰਗਾਈ ਦਰ ਵਧ ਵਧੀ ਹੈ ਅਤੇ ਕਣਕ ਦੀ ਐੱਮ ਐੱਸ ਪੀ ਘੱਟ ਵਧੀ ਹੈ।
ਇਸੇ ਦੌਰਾਨ 16 ਦਸੰਬਰ ਨੂੰ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਤੋਂ ਇੱਕ ਚਿੱਠੀ ਦੋਵਾਂ ਮੋਰਚਿਆਂ ਨੂੰ ਮਿਲੀ, ਜਿਸ ਵਿੱਚ 18 ਦਸੰਬਰ ਨੂੰ ਪੰਚਕੂਲਾ ਵਿੱਚ ਮੀਟਿੰਗ ’ਚ ਸ਼ਾਮਲ ਹੋਣ ਲਈ ਸੱਦਿਆ ਗਿਆ ਹੈ। ਆਪਸੀ ਵਿਚਾਰ-ਵਟਾਂਦਰੇ ਤੋਂ ਬਾਅਦ ਦੋਵਾਂ ਮੋਰਚਿਆਂ ਨੇ ਕਮੇਟੀ ਨਾਲ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਅਤੇ ਕਮੇਟੀ ਨੂੰ ਲਿਖਤੀ ਪੱਤਰ ਭੇਜ ਦਿੱਤਾ ਹੈ।