ਇਸਲਾਮਾਬਾਦ ਥਾਣੇ ’ਚ ਧਮਾਕਾ

0
126

ਅੰਮਿ੍ਰਤਸਰ : ਇੱਥੇ ਇਸਲਾਮਾਬਾਦ ਥਾਣੇ ’ਚ ਮੰਗਲਵਾਰ ਤੇਜ਼ ਧਮਾਕਾ ਹੋਇਆ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਰਾਤ ਡਿਊਟੀ ’ਤੇ ਤਾਇਨਾਤ ਸੰਤਰੀ ਨੇ ਆਵਾਜ਼ ਸੁਣੀ ਸੀ, ਪਰ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਧਮਾਕੇ ਦੀ ਆਵਾਜ਼ ਵੱਡੇ ਤੜਕੇ ਕਰੀਬ 3 ਵਜੇ ਸੁਣਾਈ ਦਿੱਤੀ, ਜਿਸ ਤੋਂ ਬਾਅਦ ਲੋਕਾਂ ’ਚ ਡਰ ਵਾਲਾ ਮਾਹੌਲ ਬਣ ਗਿਆ। ਜਰਮਨੀ ਅਧਾਰਤ ਗੈਂਗਸਟਰ ਜੀਵਨ ਫੌਜੀ ਨੇ ਸੋਸ਼ਲ ਮੀਡੀਆ ’ਤੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।
ਦੂਜੇ ਪਾਸੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਮਗਰੋਂ ਹੀ ਧਮਾਕੇ ਬਾਰੇ ਸਹੀ ਢੰਗ ਨਾਲ ਕੁਝ ਕਿਹਾ ਜਾ ਸਕਦਾ ਹੈ। ਹੁਣ ਤੱਕ ਅਜਿਹੀਆਂ ਛੇ ਘਟਨਾਵਾਂ ਵਾਪਰ ਚੁੱਕੀਆਂ ਹਨ। ਚਾਰ ਦਸੰਬਰ ਨੂੰ ਮਜੀਠਾ ਥਾਣੇ ਦੇ ਅੰਦਰ ਵੀ ਅਜਿਹਾ ਹੀ ਤੇਜ਼ ਧਮਾਕਾ ਹੋਇਆ ਸੀ, ਜਿਸ ਨੂੰ ਪੁਲਸ ਵੱਲੋਂ ਬਾਈਕ ਦਾ ਟਾਇਰ ਫਟਣ ਕਾਰਨ ਹੋਇਆ ਦੱਸਿਆ ਗਿਆ ਸੀ। ਅੰਮਿ੍ਰਤਸਰ ਸ਼ਹਿਰ ’ਚ ਗੁਰਬਖਸ਼ ਨਗਰ ਪੁਲਸ ਚੌਕੀ ਦੇ ਅੰਦਰ ਵੀ ਧਮਾਕਾ ਹੋਇਆ ਸੀ। ਪੁਲਸ ਚੌਕੀ ਦੀ ਇਹ ਇਮਾਰਤ ਕੁਝ ਸਮੇਂ ਤੋਂ ਬੰਦ ਪਈ ਸੀ। ਇਸੇ ਤਰ੍ਹਾਂ ਅਜਨਾਲਾ ਥਾਣੇ ਦੇ ਬਾਹਰ ਵੀ ਵਿਸਫੋਟਕ ਸਮਗਰੀ ਮਿਲੀ ਸੀ।
ਭੁੱਲਰ ਨੇ ਕਿਹਾ ਕਿ ਪੁਲਸ ਪਹਿਲਾਂ ਵੀ ਵਿਦੇਸ਼ ਬੈਠੇ ਗੈਂਗਸਟਰਾਂ ਲਈ ਕੰਮ ਕਰ ਰਹੇ ਕੁਝ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਚੁੱਕੀ ਹੈ। ਇਨ੍ਹਾਂ ਵਿੱਚੋਂ ਦੋ ਵਿਅਕਤੀ ਥਾਣੇ ਦੇ ਬਾਹਰ ਵਿਸਫੋਟਕ ਸਮਗਰੀ ਰੱਖਣ ਦੇ ਮਾਮਲੇ ’ਚ ਵੀ ਗਿ੍ਰਫਤਾਰ ਕੀਤੇ ਗਏ ਹਨ।