3 ਦੀ ‘ਬਨੇਗਾ ਪ੍ਰਾਪਤੀ ਰੈਲੀ’ ’ਚ ਵੱਡੀ ਗਿਣਤੀ ’ਚ ਨੌਜਵਾਨਾਂ ਨੂੰ ਪੁੱਜਣ ਦਾ ਸੱਦਾ

0
180

ਸੰਗਰੂਰ (ਪ੍ਰਵੀਨ)-ਸਰਬ ਭਾਰਤ ਨੌਜਵਾਨ ਸਭਾ ਦੀ ਸੂਬਾ ਕਾਨਫਰੰਸ 3-4 ਜਨਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਹੈ, ਜਿਸ ਦੀ ਤਿਆਰੀ ਦੇ ਸੰਬੰਧ ਵਿੱਚ ਸੰਗਰੂਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਜਨ ਸੰਪਰਕ ਮੁਹਿੰਮ ਰਾਹੀਂ ਪਹੁੰਚ ਕਰਕੇ ਕਾਨਫਰੰਸ ਦੇ ਪਹਿਲੇ ਦਿਨ 3 ਜਨਵਰੀ ਨੂੰ ਕੀਤੀ ਜਾ ਰਹੀ ਨੌਜਵਾਨਾਂ ਦੀ ‘ਬਨੇਗਾ ਪ੍ਰਾਪਤੀ ਰੈਲੀ’ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ, ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਸੂਬਾ ਮੀਤ ਸਕੱਤਰ ਨਵਜੀਤ ਸੰਗਰੂਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ, ਉਹਨਾਂ ’ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪਹਿਲਾਂ ਪੰਜਾਬ ਸੂਬੇ ’ਤੇ ਰਾਜ ਕਰ ਚੁੱਕੇ ਪਹਿਲੇ ਮੁੱਖ ਮੰਤਰੀਆਂ ਦੀ ਤਰ੍ਹਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਘਰ ਵੀ ਧਰਨਿਆਂ ਦਾ ਪਿੜ ਬਣਿਆ ਹੋਇਆ ਹੈ, ਜਿਸ ਤੋਂ ਸਿੱਧੇ ਸੰਕੇਤ ਮਿਲ ਰਹੇ ਹਨ ਕਿ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸੰਜੀਦਾ ਨਹੀਂ ਹੈ। ਉਕਤ ਆਗੂਆਂ ਨੇ ਕਿਹਾ ਕਿ ‘ਬਨੇਗਾ ਪ੍ਰਾਪਤੀ ਮੁਹਿੰਮ’ ਦੇ ਬੈਨਰ ਹੇਠ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ ਬਨੇਗਾ ਭਾਵ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਜਿਸ ਅਨੁਸਾਰ ਹਰ ਇਕ ਨੂੰ (ਜੋ ਚਾਹੁੰਦਾ ਹੈ) ਉਹਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਅਨੁਸਾਰ ਤਨਖਾਹ ਅਣ-ਸਿੱਖਿਅਤ ਨੂੰ 30,000, ਅਰਧ-ਸਿੱਖਿਅਤ ਨੂੰ 35,000, ਸਿੱਖਿਅਤ ਨੂੰ 45,000 ਅਤੇ ਉੱਚ-ਸਿੱਖਿਅਤ ਨੂੰ 60,000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦੀ ਗਰੰਟੀ ਲਈ ਅਤੇ ਜੇਕਰ ਸਰਕਾਰ ਇਕ ਸਾਲ ਦੇ ਅੰਦਰ ਕੰਮ ਦੇਣ ਵਿੱਚ ਅਸਫਲ ਹੈ, ਤਾਂ ਉਕਤ ਤਨਖਾਹ ਦਾ ਅੱਧਾ ਹਿੱਸਾ ਕੰਮ ਇੰਤਜ਼ਾਰ ਭੱਤਾ ਲਾਜ਼ਮੀ ਕਰਵਾਉਣ, ਬਨੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਅਤੇ ਨਵਾਂ ਰੁਜ਼ਗਾਰ ਪੈਦਾ ਕਰਨ ਲਈ ‘ਕੰਮ ਦਿਹਾੜੀ ਦੀ ਕਾਨੂੰਨੀ ਸੀਮਾ 6 ਘੰਟੇ ਹੋਵੇ’, ਹਰ ਇਕ ਲਈ ਮੁਫ਼ਤ ਅਤੇ ਲਾਜ਼ਮੀ ਵਿਗਿਆਨਕ ਸਿੱਖਿਆ, ਮੁਫ਼ਤ ਸਿਹਤ ਸਹੂਲਤਾਂ, ਵਾਤਾਵਰਣ ਅਤੇ ਪਾਣੀਆਂ ਦੀ ਸੰਭਾਲ, ਚੰਗੀ ਉਸਾਰੂ ਖੇਡ ਨੀਤੀ ਅਤੇ ਮਨੁੱਖਾ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ ਆਦਿ ਦੀ ਪ੍ਰਾਪਤੀ ਲਈ ਸਮੁੱਚੇ ਬਲਾਕ ਦੇ ਹਰ ਪਿੰਡ, ਗਲੀ/ਮੁਹੱਲੇ ਅਤੇ ਕਸਬੇ ਵਿੱਚ ਜਾ ਕੇ ਲਾਮਬੰਦ ਕੀਤਾ ਜਾ ਰਿਹਾ ਹੈ। 3-4 ਜਨਵਰੀ ਨੂੰ ਕੀਤੀ ਜਾ ਰਹੀ ਨੌਜਵਾਨ ਸਭਾ ਦੀ ਸੂਬਾਈ ਕਾਨਫਰੰਸ ਦੀ ਤਿਆਰੀ ਕਮੇਟੀ ਦੇ ਕਨਵੀਨਰ ਸਾਥੀ ਸੁਖਦੇਵ ਸ਼ਰਮਾ ਦੀ ਅਗਵਾਈ ਵਿੱਚ ਕਾਨਫਰੰਸ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸੰਗਰੂਰ ਦੇ ਆਗੂ ਕੁਲਦੀਪ ਘੋੜੇ ਨਾਬ, ਗੁਰਤੇਜ ਸਫ਼ਰ, ਅਸ਼ੋਕ ਢਾਬਾਂ, ਸਨਮ ਬੱੱਘੇ ਕੇ, ਸੁਰਿੰਦਰ ਬਾਹਮਣੀ ਵਾਲਾ, �ਿਸ਼ਨਾ ਅਤੇ ਸੋਨੂੰ ਵੀ ਹਾਜ਼ਰ ਸਨ।