9.3 C
Jalandhar
Sunday, December 22, 2024
spot_img

ਸ਼ਾਹ ਦੀ ਅੰਬਡੇਕਰ ਬਾਰੇ ਟਿੱਪਣੀ ਕਾਰਨ ਸੰਸਦ ਠੱਪ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਹਵਾਲੇ ਨਾਲ ਕੀਤੀ ਟਿੱਪਣੀ ਨੂੰ ਲੈ ਕੇ ਕਾਂਗਰਸ ਤੇ ਹੋਰਨਾਂ ਵਿਰੋਧੀ ਧਿਰਾਂ ਨੇ ਬੁੱਧਵਾਰ ਲੋਕ ਸਭਾ ਤੇ ਰਾਜ ਸਭਾ ਵਿਚ ਜੰਮ ਕੇ ਹੰਗਾਮਾ ਕੀਤਾ, ਜਿਸ ਮਗਰੋਂ ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।
ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਦੋ ਮਿੰਟ ਬਾਅਦ ਹੀ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਜੁੜਦੇ ਸਾਰ ਹੀ ਵਿਰੋਧੀ ਧਿਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ‘ਜੈ ਭੀਮ’ ਦੇ ਨਾਅਰੇ ਲਾਏ। ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਬਾਬਾ ਸਾਹਿਬ ਦਾ ਨਿਰਾਦਰ ਕੀਤਾ ਤੇ ਉਨ੍ਹਾਂ ਨੂੰ ਚੋਣ ਵਿਚ ਵੀ ਹਰਾਇਆ। ਉਨ੍ਹਾ ਕਿਹਾਇਨ੍ਹਾਂ ਲੋਕਾਂ ਨੇ ਹਮੇਸ਼ਾ ਬਾਬਾ ਸਾਹਿਬ ਦਾ ਨਿਰਾਦਰ ਕੀਤਾ। ਅਸੀਂ ਹਮੇਸ਼ਾ ਉਨ੍ਹਾ ਦਾ ਸਨਮਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਬਾ ਸਾਹਿਬ ਨਾਲ ਸੰਬੰਧਤ ਕੰਮਾਂ ਕਰਕੇ ਇਹ ਲੋਕ ਬਾਬਾ ਸਾਹਿਬ ਦਾ ਨਾਂਅ ਮਜਬੂਰੀਵੱਸ ਲੈ ਰਹੇ ਹਨ।
ਹੰਗਾਮਾ ਜਾਰੀ ਰਿਹਾ ਤਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ। ਕਾਂਗਰਸ ਤੇ ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਕਿ ਸ਼ਾਹ ਨੇ ਮੰਗਲਵਾਰ ਰਾਜ ਸਭਾ ਵਿਚ ਆਪਣੇ ਸੰਬੋਧਨ ਦੌਰਾਨ ਬਾਬਾ ਸਾਹਿਬ ਦਾ ਨਿਰਾਦਰ ਕੀਤਾ। ਮੁੱਖ ਵਿਰੋਧੀ ਧਿਰ ਨੇ ਸ਼ਾਹ ਦੇ ਸੰਬੋਧਨ ਦਾ ਇਕ ਵੀਡੀਓ ਵੀ ਜਾਰੀ ਕੀਤਾ, ਜਿਸ ਵਿੱਚ ਗ੍ਰਹਿ ਮੰਤਰੀ ਵਿਰੋਧੀ ਧਿਰ ’ਤੇ ਤਨਜ਼ ਕੱਸਦਿਆਂ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ‘‘ਹੁਣ ਇਹ ਫੈਸ਼ਨ ਹੋ ਗਿਆ ਹੈ ਅੰਬੇਡਕਰ, ਅੰਬੇਡਕਰ। ਇੰਨਾ ਨਾਂਅ ਜੇ ਭਗਵਾਨ ਦਾ ਲੈਂਦੇ ਤਾਂ ਸੱਤ ਜਨਮਾਂ ਤੱਕ ਸਵਰਗ ਮਿਲ ਜਾਂਦਾ।’’
ਅਮਿਤ ਸ਼ਾਹ ਦੀ ਅੰਬੇਡਕਰ ਬਾਰੇ ਟਿੱਪਣੀ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਰਾਜ ਸਭਾ ਵਿੱਚ ਵੀ ਹੰਗਾਮਾ ਕੀਤਾ। ਉਪਰਲੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਉਂਝ ਸਦਨ ਦੀ ਬੈਠਕ ਸ਼ੁਰੂ ਹੋਣ ’ਤੇ ਚੇਅਰਮੈਨ ਜਗਦੀਪ ਧਨਖੜ ਨੇ ਜ਼ਰੂਰੀ ਦਸਤਾਵੇਜ਼ ਸਦਨ ਵਿੱਚ ਰੱਖੇ। ਧਨਖੜ ਨੇ ਸਦਨ ਨੂੰ ਦੱਸਿਆ ਕਿ ਉਨ੍ਹਾ ਨੂੰ ਨਿਯਮ 267 ਤਹਿਤ ਇਕ ਨੋਟਿਸ ਮਿਲਿਆ ਹੈ, ਜੋ ਸਪਾ ਦੇ ਰਾਮਜੀ ਲਾਲ ਸੁਮਨ ਨੇ ਦਿੱਤਾ ਹੈ। ਉਨ੍ਹਾ ਕਿਸਾਨਾਂ ਦੀ ਹਾਲਤ ਬਾਰੇ ਚਰਚਾ ਲਈ ਨਿਯਮਤ ਕੰਮਕਾਜ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਚੇਅਰਮੈਨ ਨੇ ਕਿਹਾ ਕਿ ਸਪਾ ਦੇ ਮੈਂਬਰ ਇਸ ਮੁੱਦੇ ਨੂੰ ਸਿਫਰ ਕਾਲ ਦੌਰਾਨ ਚੁੱਕ ਸਕਦੇ ਹਨ। ਇਸ ਦੌਰਾਨ ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਕਿ ਗ੍ਰਹਿ ਮੰਤਰੀ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦਾ ਨਿਰਾਦਰ ਕੀਤਾ ਹੈ, ਜਿਸ ਲਈ ਉਨ੍ਹਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਜੂ ਨੇ ਕਿਹਾਅਸੀਂ ਲੰਘੇ ਦਿਨ ਸਦਨ ਵਿੱਚ ਚੰਗੀ ਤਰ੍ਹਾਂ ਸੁਣਿਆ ਹੈ। ਗ੍ਰਹਿ ਮੰਤਰੀ ਨੇ ਉਨ੍ਹਾ (ਅੰਬੇਡਕਰ) ਲਈ ਸ਼ਰਧਾ ਤੇ ਸਨਮਾਨ ਜ਼ਾਹਰ ਕੀਤਾ ਸੀ।
ਉਨ੍ਹਾ ਦੱਸਿਆ ਕਿ ਜਦੋਂ ਬਾਬਾ ਸਾਹਿਬ ਜਿਊਂਦੇ ਸਨ ਤਾਂ ਉਦੋਂ 1952 ਵਿਚ ਸਾਜ਼ਿਸ਼ ਤਹਿਤ ਕਾਂਗਰਸ ਨੇ ਉਨ੍ਹਾ ਨੂੰ ਚੋਣ ਵਿਚ ਹਰਾਇਆ। ਜ਼ਿਮਨੀ ਚੋਣ ਵਿੱਚ ਕਾਂਗਰਸ ਨੇ ਉਨ੍ਹਾ ਨੂੰ ਮੁੜ ਹਰਾਇਆ। ਜੇ ਕਾਂਗਰਸ ਬਾਬਾ ਸਾਹਿਬ ਨੂੰ ਚੋਣ ਨਾ ਹਰਾਉਂਦੀ ਤਾਂ ਉਹ 1952 ਤੋਂ ਬਾਅਦ ਵੀ ਚੋਣ ਜਿੱਤ ਕੇ ਸਦਨ ਦੇ ਮੈਂਬਰ ਬਣ ਜਾਂਦੇ। ਉਨ੍ਹਾ ਦੇ ਪ੍ਰੀਨਿਰਵਾਣ ਤੋਂ ਬਾਅਦ ਵੀ ਕਾਂਗਰਸ ਨੇ ਉਨ੍ਹਾ ਦੇ ਨਿਰਾਦਰ ਦੀ ਕੋਈ ਕਸਰ ਨਹੀਂ ਛੱਡੀ। ਉਨ੍ਹਾ ਨੂੰ ਭਾਰਤ ਰਤਨ ਨਹੀਂ ਦਿੱਤਾ।

Related Articles

Latest Articles