ਪਾਵਰ ਸੈਕਟਰ ਨੂੰ ਕੌਡੀਆਂ ਦੇ ਭਾਅ ਨਿੱਜੀ ਕੰਪਨੀਆਂ ਹਵਾਲੇ ਕਰਨ ਵਿਰੁੱਧ ਵੱਡੀ ਲਾਮਬੰਦੀ ਦਾ ਸੱਦਾ
ਪਟਿਆਲਾ : ਬਿਜਲੀ ਕਾਮਿਆਂ ਦੀ ਸ਼ੰਘਰਸੀਲ ਜਥੇਬੰਦੀ ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿ: ਨੰਬਰ 41 ਦੇ ਆਗੂ ਅਤੇ ਵਰਕਰ ਸਾਬਕਾ ਸੂਬਾ ਪ੍ਰਧਾਨ ਮਰਹੂਮ ਕਾਮਰੇਡ ਭਗਵਾਨ ਸਿੰਘ ਅਣਖੀ ਦੀ 33 ਵੀਂ ਬਰਸੀ ਬੁੱਧਵਾਰ ਸਥਾਨਕ ਫੈਕਟਰੀ ਏਰੀਆ ਵਿਖੇ ਬਣੇ ਅਣਖੀ ਯਾਦਗਾਰੀ ਭਵਨ ਵਿੱਚ ਹਰੇਕ ਸਾਲ ਦੀ ਤਰਾਂ ਪੂਰੇ ਜੋਸ਼ੋ – ਖਰੋਸ਼ ਨਾਲ ਮਨਾਉਣ ਲਈ ਪੂਰੇ ਪੰਜਾਬ ਤੋਂ ਕਾਫਲੇ ਬੰਨ੍ਹ ਕੇ ਆਪਣੇ ਆਗੂਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵਹੀਰਾਂ ਘੱਤ ਕੇ ਪਹੁੰਚੇ । ਇਸ ਸਮਾਗਮ ਦੇ ਸ਼ੁਰੂ ਵਿੱਚ ਜਥੇਬੰਦੀ ਦਾ ਲਾਲ ਝੰਡਾ ਲਹਿਰਾਉਣ ਦੀ ਰਸਮ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਨਿਭਾਈ। ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਸੂਬਾ ਜਨਰਲ ਸਕੱਤਰ ਸਰਿੰਦਰਪਾਲ ਲਹੌਰੀਆ ਨੇ ਜਥੇਬੰਦੀ ਦੇ ਸਾਬਕਾ ਸੂਬਾ ਪ੍ਰਧਾਨ ਕਾਮਰੇਡ ਭਗਵਾਨ ਸਿੰਘ ਅਣਖੀ, ਸਤਨਾਮ ਸਿੰਘ ਛਲੇੜੀ, ਐਚ ਐਸ ਪ੍ਰਮਾਰ, ਮਹਿੰਦਰ ਸਿੰਘ ਬਟਾਲਾ, ਦਰਸ਼ਨ ਸਿੰਘ ਢਿੱਲੋਂ, ਦਿਲਬਾਗ ਸਿੰਘ ਅਟਵਾਲ, ਬਸੰਤ ਰਾਮ ਵੇਰਕਾ, ਰਣਜੀਤ ਸਿੰਘ ਬਿੰਝੋਕੀ, ਗੁਰਬਖਸ਼ ਸਿੰਘ, ਤੇਜਿੰਦਰ ਸਿੰਘ ਮੋਹੀ, ਪਦਮ ਸਿੰਘ ਠਾਕੁਰ, ਰਾਜਿੰਦਰ ਸਿੰਘ ਭੱਠਲ, ਮੁਸਤਾਕ ਮਸੀਹ ਆਦਿ ਲਹਿਰਾਂ ਵਿੱਚ ਕੰਮ ਕਰਦਿਆਂ ਵਿਛੜ ਚੁੱਕੇ ਆਗੂਆਂ ਅਤੇ ਨਾਮਵਰ ਸ਼ਖਸੀਅਤਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਬਕਾਇਦਾ ਤੌਰ ’ਤੇ ਸਮਾਗਮ ਦੀ ਸ਼ਰੂਆਤ ਕੀਤੀ।ਇਸ ਸਮਾਗਮ ਦੀ ਪ੍ਰਧਾਨਗੀ ਸਾਂਝੇ ਤੌਰ ’ਤੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਵਰਕਿੰਗ ਪ੍ਰਧਾਨ ਗੁਰਵਿੰਦਰ ਸਿੰਘ ਹਜ਼ਾਰਾ, ਪ੍ਰਦਿਉਮਨ ਗੌਤਮ, ਬਲਵਿੰਦਰ ਸਿੰਘ ਉਦੀਪੁਰ , ਮਨਜੀਤ ਸਿੰਘ ਬਾਸਰਕੇ, ਕਰਤਾਰ ਸਿੰਘ ਦੇ ਅਧਾਰਤ ਸਾਂਝੇ ਪ੍ਰਧਾਨਗੀ ਮੰਡਲ ਨੇ ਕੀਤੀ । ਇਸ ਸਮਾਗਮ ਦਾ ਉਦਘਾਟਨੀ ਭਾਸ਼ਣ ਸੂਬਾ ਵਰਕਿੰਗ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਰਦਿਆਂ ਕਿਹਾ ਕਿ ਕਾਮਰੇਡ ਭਗਵਾਨ ਸਿੰਘ ਅਣਖੀ ਅਤੇ ਮਹਿੰਦਰ ਸਿੰਘ ਬਟਾਲਾ ਦੀ ਸੁਚੱਜੀ ਅਗਵਾਈ ਹੇਠ 1986 ਦੇ ਪੇ ਸਕੇਲਾਂ ਦੀ ਸੁਧਾਈ ਸਮੇਂ ਬਿਜਲੀ ਕਾਮਿਆਂ ਨੂੰ 9 / 16 / 23 ਸਾਲਾ ਸਕੇਲ ਦਿਵਾਉਣ ਦਾ ਮਿਸਾਲੀ ਕੰਮ ਨੇਪਰੇ ਚੜ੍ਹਿਆ ਸੀ। ਜਿਸ ਦਾ ਅਣਖੀ ਦੇ ਵਾਰਿਸਾਂ ਨੂੰ ਹਮੇਸ਼ਾ ਮਾਣ ਰਹੇਗਾ । ਉਨ੍ਹਾਂ ਕਿਹਾ ਕਿ ਵਿਛੜ ਗਏ ਹੋਰ ਆਗੂਆਂ ਵੱਲੋਂ ਜਥੇਬੰਦੀ ਦੇ ਆਗੂ ਹੁੰਦਿਆਂ ਮੁਲਾਜ਼ਮ ਲਹਿਰ ਲਈ ਪਾਏ ਵਡਮੁੱਲੇ ਯੋਗਦਾਨ ਨੂੰ ਯਾਦ ਰੱਖਦਿਆਂ ਬਿਜਲੀ ਕਾਮਿਆਂ ਨੂੰ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਖਿਲਾਫ਼ ਰਹਿੰਦੀਆਂ ਪੈਂਡਿੰਗ ਮੰਗਾਂ ਦੀ ਪ੍ਰਾਪਤੀ ਲਈ ਹੋਰ ਲਾਮਬੰਦੀ ਕਰਕੇ ਤਿੱਖੇ ਸ਼ੰਘਰਸਾਂ ਲਈ ਕਮਰਕੱਸੇ ਕਰਨੇ ਚਾਹੀਦੇ ਹਨ। ਇਸ ਮੌਕੇ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਾਮਰੇਡ ਭਗਵਾਨ ਸਿੰਘ ਅਣਖੀ ਸਮੇਤ ਵਿਛੜੇ ਆਗੂਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਮਜ਼ਦੂਰ ਜਮਾਤ ਦੀ ਬੰਦਖਲਾਸੀ ਲਈ ਅਣਖੀ ਸਮੇਤ ਏਟਕ ਦੀ ਲੀਡਰਸ਼ਿਪ ਦਾ ਰੋਲ ਹਮੇਸ਼ਾ ਸ਼ਲਾਘਾ ਯੋਗ ਰਿਹਾ ਹੈ ਜੋ ਇਤਿਹਾਸ ਵਿੱਚ ਦਰਜ ਹੈ ਜਿਵੇਂ ਦੇਸ਼ ਦੇ ਮੁਲਾਜ਼ਮਾਂ ਨੂੰ 1996 ਦੇ ਸਕੇਲਾਂ ਦੀ ਸੁਧਾਈ ਸਮੇਂ ਏਟਕ ਦੇ ਆਗੂ ਕਾਮਰੇਡ ਇੰਦਰਜੀਤ ਗੁਪਤਾ ਨੇ ਦੇਸ਼ ਦਾ ਹੋਮ ਮੰਤਰੀ ਹੁੰਦੇ ਹੋਏ ਸਕੇਲ ਸੋਧਣ ਵਾਲੀ ਕਮੇਟੀ ਦਾ ਚੈਅਰਮੈਨ ਹੋਣ ਦੀ ਹੈਸੀਅਤ ਵਿੱਚ 40 ਪ੍ਰਤੀਸ਼ਤ ਦਾ ਵਾਧਾ ਦਿੱਤਾ ਸੀ । ਜਿਸ ਦਾ ਮੁਲਾਜ਼ਮ ਜਮਾਤ ਨੂੰ ਬਹੁਤ ਵੱਡਾ ਫਾਇਦਾ ਹੋਇਆ ਸੀ ਪਰ ਹੁਣ ਪੂੰਜੀਪਤੀਆਂ ਦੇ ਦਬਾਅ ਹੇਠ ਹਾਕਮ ਜਮਾਤਾਂ ਮਿਹਨਤਕਸ਼ ਜਮਾਤ ਦੇ ਵਿਰੁੱਧ ਫੈਸਲੇ ਲੈ ਰਹੀਆਂ ਹਨ ਜਿਵੇਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਪਹਿਲੀਆਂ ਸਰਕਾਰਾਂ ਨਾਲੋਂ ਦੋ ਕਦਮ ਅੱਗੇ ਜਾ ਕੇ ਮੁਲਾਜ਼ਮਾਂ / ਮਜ਼ਦੂਰਾਂ ਸਮੇਤ ਸਮੁੱਚੇ ਮਿਹਨਤਕਸ਼ ਲੋਕਾਂ ਦੇ ਮਸਲਿਆਂ ਨੂੰ ਸਲਝਾਉਣ ਦੀ ਬਜਾਏ ਉਲਝਾਉਣ ਦੀ ਘਟੀਆ ਨੀਤੀ ਦੇ ਰਾਹ ਚੱਲ ਕੇ ਮਿਹਨਤਕਸ਼ ਜਮਾਤ ਨਾਲ ਧੋਖਾ ਕਰ ਰਹੀ ਹੈ । ਇਸ ਮੌਕੇ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਨੇ ਬੋਲਦਿਆਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਸਮੁੱਚੇ ਪਾਵਰ ਸੈਕਟਰ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨ ਵਾਲੇ ਬਿਜਲੀ ਬਿੱਲ 2023 ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਹਿਟਲਰਸ਼ਾਹੀ ਤਰੀਕੇ ਨਾਲ ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਸਰਕਾਰੀ ਪਾਵਰ ਸੈਕਟਰ ਨੂੰ ਕੌਡੀਆਂ ਦੇ ਭਾਅ ਨਿੱਜੀ ਕੰਪਨੀਆਂ ਨੂੰ ਦੇਣ ਵਿਰੁੱਧ ਵੱਡੀ ਲਾਮਬੰਦੀ ਕਰਨ ਦਾ ਹਾਜ਼ਰੀਨ ਨੂੰ ਸੱਦਾ ਦਿੱਤਾ । ਸਮਾਗਮ ਨੂੰ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਸਬੰਧਤ ਏਟਕ ਦੇ ਸੂਬਾ ਵਰਕਿੰਗ ਪ੍ਰਧਾਨ ਚਮਕੌਰ ਸਿੰਘ ਨੇ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਲੋਕਾਂ ਦੀ ਏਕਤਾ ਉਸਾਰ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਾਂਝੇ ਘੋਲ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਪੰਜਾਬ ਏਟਕ ਦੇ ਵਰਕਿੰਗ ਪ੍ਰਧਾਨ ਕਾਮਰੇਡ ਸੁਖਦੇਵ ਸ਼ਰਮਾ ਨੇ ਕਾਮਰੇਡ ਅਣਖੀ ਸਮੇਤ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹਾਜ਼ਰੀਨ ਨੂੰ ਪੂੰਜੀਪਤੀਆਂ ਦੀ ਦਲਾਲ ਮੋਦੀ ਸਰਕਾਰ ਦੇ ਸਮੇਂ ਅਡਾਨੀਆਂ / ਅੰਬਾਨੀਆਂ ਦੀਆਂ ਦੌਲਤਾਂ ਦੇ ਅੰਬਾਰ ਵੱਡੇ ਹੋਣ ਦੇ ਮੁਕਾਬਲਤਨ ਮਿਹਨਤਕਸ਼ ਜਮਾਤ ਦੇ ਹਿੱਸੇ ਆ ਰਹੀ ਦੁਰਗਤ ਦੀ ਲੋਕ ਵਿਰੋਧੀ ਨੀਤੀ ਨੂੰ ਸਮਝ ਕੇ ਸਿਧਾਂਤਕ ਸੰਘਰਸ਼ ਜਾਰੀ ਰੱਖਣ ’ਤੇ ਜ਼ੋਰ ਦਿੱਤਾ । ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਕਮ ਅੱਜ ਸੋਚੀ ਸਮਝੀ ਸਾਜਿਸ਼ ਤਹਿਤ ਕੰਮ ਦਿਹਾੜੀ ਵੱਡੀ ਕਰਨ ਦੀਆਂ ਵਿਉਤਬੰਦੀਆਂ ਕਰ ਰਹੇ ਹਨ, ਜਿਸ ਦਾ ਸੰਘਰਸ਼ਾਂ ਰਾਹੀਂ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ । ਇਸ ਪਾਵਰ ਮੈਨੇਜਮੈਂਟ ਕੋਲੋਂ ਮੰਗ ਕੀਤੀ ਕਿ ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਜੁਆਇੰਟ ਫੋਰਮ ਨਾਲ ਹੋਈਆਂ ਮੀਟਿੰਗਾਂ ਸਮੇਂ ਜਿਨ੍ਹਾਂ ਮੰਗਾਂ ’ਤੇ ਸਹਿਮਤੀਆਂ ਬਣੀਆਂ ਹਨ ਉਨ੍ਹਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ । ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂਆਂ ਬਲਜੀਤ ਕੁਮਾਰ, ਗੁਰਧਿਆਨ ਸਿੰਘ, ਦਰਸ਼ਨ ਲਾਲ, ਰਛਪਾਲ ਸਿੰਘ ਪਾਲੀ, ਦਵਿੰਦਰ ਸਿੰਘ ਤੋਂ ਇਲਾਵਾ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਦੇ ਵਰਕਿੰਗ ਜਨਰਲ ਸਕੱਤਰ ਨਰਿੰਦਰ ਬੱਲ, ਸੂਬਾ ਆਗੂ ਕੇਵਲ ਸਿੰਘ ਬਨਵੈਤ, ਚੰਦ ਸਿੰਘ ਡੋਡ, ਐਸ ਪੀ ਸਿੰਘ, ਜਸਬੀਰ ਸਿੰਘ ਭਾਮ, ਜਗਦੇਵ ਸਿੰਘ ਬਾਹੀਆ, ਮਨਜੀਤ ਸਿੰਘ ਮਨਸੂਰਾਂ ਏਕਤਾ ਮੰਚ ਦੇ ਆਗੂ ਮਨਜੀਤ ਸਿੰਘ ਚਾਹਲ, ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਏਟਕ ਦੇ ਸੂਬਾ ਆਗੂ ਜਗਦੀਸ਼ ਸਿੰਘ ਚਾਹਲ ਆਦਿ ਨੇ ਕਾਮਰੇਡ ਭਗਵਾਨ ਸਿੰਘ ਅਣਖੀ ਅਤੇ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਿਧਾਂਤਕ ਅਤੇ ਸਿਰੜੀ ਆਗੂਆਂ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਪ੍ਰਣ ਕਰਨ ਦੀ ਹਾਜ਼ਰੀਨ ਨੂੰ ਅਪੀਲ ਕੀਤੀ। ਸਮਾਗਮ ਸਮੇਂ ਵੱਖ ਵੱਖ ਮੁੱਦਿਆਂ ਨੂੰ ਉਭਾਰ ਦੇ ਮਤੇ ਵੀ ਪੇਸ਼ ਕੀਤੇ ਜਿਨ੍ਹਾਂ ਨੂੰ ਹਾਜ਼ਰੀਨ ਨੇ ਨਾਅਰਿਆਂ ਦੀ ਗੂੰਜ ਵਿੱਚ ਹੱਥ ਖੜ੍ਹੇ ਕਰਕੇ ਪਾਸ ਕੀਤਾ। ਇਸ ਮੌਕੇ ਹਰੇਕ ਸਾਲ ਦੀ ਤਰ੍ਹਾਂ ਕਾਮਰੇਡ ਅਣਖੀ ਦੀ ਯਾਦ ਨੂੰ ਸਮਰਪਤ ਨਵੇਂ ਸਾਲ 2025 ਦੀ ਡਾਇਰੀ, ਮਾਸਿਕ ਬਿਜਲੀ ਉਜਾਲਾ ਅਤੇ ਨਵਾਂ ਜ਼ਮਾਨਾ ਦਾ ਵਿਸੇਸ਼ ਅੰਕ ਵੀ ਰਿਲੀਜ਼ ਕੀਤਾ । ਇਸ ਸਮਾਗਮ ਵਿੱਚ ਕਾਮਰੇਡ ਅਣਖੀ ਅਤੇ ਹੋਰ ਸਮਾਗਮ ਵਿੱਚ ਹਾਜ਼ਰ ਵਿਛੜ ਗਏ ਆਗੂਆਂ ਦੇ ਪਰਵਾਰਕ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ । ਸਮਾਗਮ ਦੇ ਅਖੀਰ ਵਿੱਚ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਵਰਕਰਾਂ ਅਤੇ ਆਗੂਆਂ ਸਮੇਤ ਸੁਚੱਜੇ ਪ੍ਰਬੰਧਾਂ ਲਈ ਸੂਬਾ ਖਜ਼ਾਨਚੀ ਬਲਜੀਤ ਕੁਮਾਰ ਦੀ ਅਗਵਾਈ ਹੇਠ ਪਟਿਆਲਾ ਸਰਕਲ ਦੇ ਪ੍ਰਧਾਨ ਗੁਰਦਿਆਲ ਸਿੰਘ ਬੱਬੂ ਸਮੇਤ ਸਮੁੱਚੀ ਟੀਮ ਦਾ ਧੰਨਵਾਦ ਕੀਤਾ । ਸਟੇਜ ਸਕੱਤਰ ਦੀ ਭੂਮਿਕਾ ਸੂਬਾ ਜਨਰਲ ਸਕੱਤਰ ਸੁਰਿੰਦਰਪਾਲ ਸਿੰਘ ਲਹੌਰੀਆ ਨੇ ਬਾਖੂਬੀ ਨਿਭਾਈ।