11.3 C
Jalandhar
Sunday, December 22, 2024
spot_img

ਚਾਰ ਨਗਰ ਨਿਗਮਾਂ ਦੇ ਮੇਅਰ ਜੋੜ-ਤੋੜ ਨਾਲ ਬਣਨਗੇ

ਚੰਡੀਗੜ੍ਹ : ਸਨਿੱਚਰਵਾਰ ਨੂੰ ਹੋਈਆਂ ਪੰਜ ਨਗਰ ਨਿਗਮਾਂ ਅਤੇ 42 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਸਿਰਫ ਨਗਰ ਨਿਗਮ ਪਟਿਆਲਾ ਦੀ ਚੋਣ ਵਿੱਚ ਬਹੁਮਤ ਹਾਸਲ ਕਰ ਸਕੀ ਹੈ, ਜਦੋਂ ਕਿ ਬਾਕੀ ਚਾਰ ਨਗਰ ਨਿਗਮਾਂ ਅੰਮਿ੍ਰਤਸਰ, ਜਲੰਧਰ, ਲੁਧਿਆਣਾ ਤੇ ਫਗਵਾੜਾ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਨਗਰ ਨਿਗਮ ਜਲੰਧਰ ਤੇ ਲੁਧਿਆਣਾ ਵਿੱਚ ‘ਆਪ’ ਅਤੇ ਅੰਮਿ੍ਰਤਸਰ ਤੇ ਫਗਵਾੜਾ ਵਿੱਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀਆਂ ਹਨ। ਇਸੇ ਤਰ੍ਹਾਂ ਪੰਜਾਬ ਵਿੱਚ 42 ਨਗਰ ਕੌਂਸਲਾਂ ਤੇ ਦੋ ਨਗਰ ਪੰਚਾਇਤਾਂ ਵਿੱਚੋਂ 29 ’ਤੇ ‘ਆਪ’ ਅਤੇ ਦੋ ’ਤੇ ਕਾਂਗਰਸ ਨੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ। ਚਾਰ ਨਗਰ ਨਿਗਮਾਂ ਵਿੱਚ ਮੇਅਰ ਬਣਨ ਲਈ ਪਾਰਟੀਆਂ ਨੂੰ ਜੋੜ-ਤੋੜ ਕਰਨੇ ਪੈਣਗੇ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ 60 ਵਿੱਚੋਂ 53 ਵਾਰਡਾਂ ਦੇ ਨਤੀਜੇ ਐਲਾਨੇ ਗਏ ਹਨ, ਜਦੋਂ ਕਿ ਹਾਈ ਕੋਰਟ ਦੇ ਹੁਕਮਾਂ ’ਤੇ ਸੱਤ ਵਾਰਡਾਂ ’ਤੇ ਚੋਣ ਨਹੀਂ ਹੋਈ। ਇੱਥੇ ‘ਆਪ’ ਨੇ 43, ਕਾਂਗਰਸ ਤੇ ਭਾਜਪਾ ਨੇ 4-4 ਅਤੇ ਅਕਾਲੀ ਦਲ ਨੇ 2 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। ਨਗਰ ਨਿਗਮ ਜਲੰਧਰ ਵਿੱਚ 85 ਵਾਰਡਾਂ ਵਿੱਚੋਂ ‘ਆਪ’ ਨੇ 38, ਕਾਂਗਰਸ ਨੇ 25, ਭਾਜਪਾ ਨੇ 19 ਅਤੇ ਤਿੰਨ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਨਗਰ ਨਿਗਮ ਲੁਧਿਆਣਾ ਦੀ ਚੋਣ ਵਿੱਚ 95 ਵਾਰਡਾਂ ਵਿੱਚੋਂ ‘ਆਪ’ ਨੇ 41, ਕਾਂਗਰਸ ਨੇ 30, ਭਾਜਪਾ ਨੇ 19, ਅਕਾਲੀ ਦਲ ਨੇ 2 ਤੇ ਤਿੰਨ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਅੰਮਿ੍ਰਤਸਰ ਵਿੱਚ 85 ਵਾਰਡਾਂ ਵਿੱਚੋਂ ਕਾਂਗਰਸ ਨੇ 40, ‘ਆਪ’ ਨੇ 24, ਭਾਜਪਾ ਨੇ 9, ਅਕਾਲੀ ਦਲ ਨੇ 4 ਅਤੇ 8 ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਨਗਰ ਨਿਗਮ ਫਗਵਾੜਾ ਦੇ 50 ਵਾਰਡਾਂ ਵਿੱਚੋਂ ਕਾਂਗਰਸ ਨੇ 22, ‘ਆਪ’ ਨੇ 12, ਭਾਜਪਾ ਨੇ 4, ਅਕਾਲੀ ਦਲ ਤੇ ਬਸਪਾ ਨੇ 3-3 ਅਤੇ 6 ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।

Related Articles

Latest Articles