ਮੁਹਾਲੀ : ਸੋਹਾਣਾ ’ਚ ਸਨਿੱਚਰਵਾਰ ਨੂੰ ਡਿੱਗੀ ਬਹੁਮੰਜ਼ਲਾ ਇਮਾਰਤ ਦੇ ਮਲਬੇ ਵਿੱਚੋਂ ਇਕ ਹੋਰ ਲਾਸ਼ ਮਿਲਣ ਨਾਲ ਮਿ੍ਰਤਕਾਂ ਦੀ ਗਿਣਤੀ ਦੋ ਹੋ ਗਈ ਹੈ। ਪਹਿਲਾਂ ਹਿਮਾਚਲ ਦੇ ਥਿਓਗ ਦੀ 29 ਸਾਲਾ ਦਿ੍ਰਸ਼ਟੀ ਵਰਮਾ ਨਾਂਅ ਦੀ ਮਹਿਲਾ ਦੀ ਲਾਸ਼ ਮਲਬੇ ਹੇਠਿਓਂ ਮਿਲੀ ਸੀ। ਦੂਜੀ ਲਾਸ਼ ਅੰਬਾਲਾ ਦੇ ਨੌਜਵਾਨ ਅਭਿਸ਼ੇਕ ਦੀ ਮਿਲੀ ਹੈ। ਉਹ ਮੁਹਾਲੀ ’ਚ ਸਾਫ਼ਟਵੇਅਰ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਜਿੰਮ ਵਿੱਚ ਕਸਰਤ ਕਰਨ ਆਇਆ ਸੀ। ਕੌਮੀ ਆਫਤ ਰਾਹਤ ਬਲ, ਫੌਜ, ਸੂਬਾਈ ਬਚਾਅ ਦਲ ਸਨਿੱਚਰਵਾਰ ਸ਼ਾਮ ਤੋਂ ਹੀ ਰਾਹਤ ਤੇ ਬਚਾਅ ਮੁਹਿੰਮ ’ਚ ਜੁਟੇ ਹੋਏ ਹਨ।
ਉੱਪਰੀ ਮਲਬਾ ਹਟਾ ਦਿੱਤਾ ਗਿਆ ਹੈ ਅਤੇ ਬੇਸਮੈਂਟ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਮਾਰਤ ’ਚ ਜਿੰਮ ਵੀ ਸੀ ਅਤੇ ਨਾਲ ਦੇ ਪਲਾਟ ’ਚ ਹੋਈ ਖੁਦਾਈ ਕਰ ਕੇ ਇਹ ਇਮਾਰਤ ਢਹਿ ਗਈ। ਇਸੇ ਦੌਰਾਨ ਪੁਲਸ ਨੇ ਥਾਣਾ ਸੋਹਾਣਾ ਵਿਖੇ ਬਿਲਡਿੰਗ ਮਾਲਕਾਂ ਪਰਵਿੰਦਰ ਸਿੰਘ ਤੇ ਗਗਨਦੀਪ ਸਿੰਘ (ਵਾਸੀ ਚਾਓ ਮਾਜਰਾ) ਦੇ ਵਿਰੁੱਧ ਭਾਰਤੀ ਦੰਡ ਸੰਹਿਤਾ ਦੀ ਧਾਰਾ 105 ਦੇ ਤਹਿਤ ਕੇਸ ਦਰਜ ਕਰ ਲਿਆ ਹੈ।