ਰੂਪਨਗਰ : ਪੁਲਸ ਨੇ 11 ਹੱਤਿਆਵਾਂ ਕਰਨ ਵਾਲੇ ਰਾਮ ਸਰੂਪ ਉਰਫ ਸੋਢੀ ਵਾਸੀ ਪਿੰਡ ਚੌੜਾ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਐੱਸ ਐੱਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੁਲਜ਼ਮ ਨੇ ਪੰਜੈਹਰਾ ਰੋਡ ਬੜਾ ਪਿੰਡ ’ਚ ਘਨੌਲੀ ਨੇੜਲੇ ਪਿੰਡ ਬੇਗਮਪੁਰਾ ਦੇ ਮੁਕੱਦਰ ਸਿੰਘ ਉਰਫ ਬਿੱਲਾ ਅਤੇ ਰੂਪਨਗਰ ਦੇ ਨਿਰੰਕਾਰੀ ਭਵਨ ਨੇੜੇ ਹਰਪ੍ਰੀਤ ਸਿੰਘ ਉਰਫ ਸੰਨੀ ਵਾਸੀ ਜਗਜੀਤ ਨਗਰ, ਰੂਪਨਗਰ ਦੀਆਂ ਹੱਤਿਆਵਾਂ ਤੋਂ ਇਲਾਵਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਜ਼ਿਲ੍ਹਾ ਹੁਸ਼ਿਆਰਪੁਰ ’ਚ ਹੱਤਿਆਵਾਂ ਕਬੂਲੀਆਂ ਹਨ।ਉਨ੍ਹਾ ਦੱਸਿਆ ਕਿ ਮੁਲਜ਼ਮ ਕਾਰ ਅਤੇ ਮੋਟਰਸਾਈਕਲ ਚਾਲਕਾਂ ਤੋਂ ਲਿਫਟ ਲੈ ਕੇ ਉਨ੍ਹਾਂ ਨਾਲ ਸਰੀਰਕ ਸੰਬੰਧ ਕਾਇਮ ਕਰਦਾ ਸੀ ਅਤੇ ਬਾਅਦ ’ਚ ਲੁੱਟ-ਖੋਹ ਕਰਨ ਉਪਰੰਤ ਉਨ੍ਹਾਂ ਦੀ ਹੱਤਿਆ ਕਰ ਦਿੰਦਾ ਸੀ।




