ਮੁਕੇਰੀਆਂ : ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਗੜ੍ਹਦੀਵਾਲਾ ਵਿਖੇ ਸੋਮਵਾਰ ਦੇਰ ਰਾਤ ਦੋ ਕਾਰਾਂ ’ਚ ਆਏ ਕਰੀਬ 10 ਵਿਅਕਤੀਆਂ ਨੇ ਪਿੰਡ ਮਿਰਜ਼ਾਪੁਰ ਦੇ 24 ਸਾਲਾ ਅਵਿਨਾਸ਼ ਅਤੇ ਉਸ ਦੇ ਦੋਸਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਦੋਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਹਸਪਤਾਲ ਲਿਜਾਂਦਿਆਂ ਅਵਿਨਾਸ਼ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਸਾਥੀ ਗਗਨਦੀਪ ਸਿੰਘ ਜ਼ੇਰੇ-ਇਲਾਜ ਹੈ। ਪੁਲਸ ਵੱਲੋਂ ਹਮਲਾਵਰਾਂ ਦਾ ਪਿੱਛਾ ਕਰਨ ’ਤੇ ਬਚ ਕੇ ਭੱਜ ਰਹੇ ਹਮਲਾਵਰਾਂ ਦੀ ਇੱਕ ਕਾਰ ਪਿੰਡ ਗੋਂਦਪੁਰ ਦੇ ਕੂਹਣੀ ਮੋੜ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਰਵਿੰਦਰ ਰਿਖੀ, ਨਵਜੋਤ, ਗੌਰਵ, ਰਵੀ, ਰਵਜੋਤ, ਗੁਰਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਏ ਅਤੇ ਬਾਅਦ ਵਿੱਚ ਇਨ੍ਹਾਂ ਵਿੱਚੋਂ ਰਵਿੰਦਰ ਰਿਖੀ (ਵਾਸੀ ਪਿੰਡ ਭੱਟਲਾਂ) ਦੀ ਹਸਪਤਾਲ ਲਿਜਾਂਦਿਆਂ ਰਾਹ ਵਿਚ ਮੌਤ ਹੋ ਗਈ। ਬਾਕੀ ਪੰਜ ਜ਼ੇਰੇ-ਇਲਾਜ ਹਨ। ਦੂਜੇ ਪਾਸੇ ਹਮਲਾਵਰਾਂ ਦੀ ਕਾਰ ਦੀ ਲਪੇਟ ’ਚ ਆਉਣ ਕਾਰਨ ਸਾਹਮਣਿਓਂ ਆ ਰਹੀ ਕਾਰ ਵਿੱਚ ਸਵਾਰ ਇੱਕੋ ਪਰਵਾਰ ਦੇ 3 ਮੈਂਬਰ ਵੀ ਜ਼ਖਮੀ ਹੋ ਗਏ। ਅਵਿਨਾਸ਼ ਗੜ੍ਹਦੀਵਾਲਾ ਵਿਖੇ ਤੋਹਫਿਆਂ ਦੀ ਦੁਕਾਨ ਕਰਦਾ ਸੀ। ਰਾਤ ਕਰੀਬ 7.45 ਵਜੇ ਜਦੋਂ ਉਹ ਆਪਣੇ ਦੋਸਤ ਗਗਨਦੀਪ ਸਿੰਘ ਨਾਲ ਗੜ੍ਹਦੀਵਾਲਾ ਬੱਸ ਅੱਡੇ ’ਤੇ ਖੜ੍ਹਾ ਸੀ ਤਾਂ ਦੋ ਕਾਰਾਂ ’ਚ ਆਏ ਨਵਜੋਤ ਸਿੰਘ ਅਤੇ ਉਸ ਦੇ ਕਰੀਬ 9-10 ਸਾਥੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।




