‘ਆਰ ਐੱਸ ਐੱਸ ਦਾ ਮੁਖੀ ਹੋਵੇਂਗਾ, ਹਿੰਦੂ ਧਰਮ ਦਾ ਨਹੀਂ’
ਮੁੰਬਈ : ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਦੇ ਇਹ ਕਹਿਣ ਕਿ ਹਰ ਥਾਂ ਮੰਦਰ ਲੱਭਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਉੱਤੇ ਸੰਤ ਸਮਾਜ ਉੱਬਲ ਗਿਆ ਹੈ। ਜਗਦਗੁਰੂ ਰਾਮਭੱਦਰਾਚਾਰੀਆ ਨੇ ਇੱਥੇ ਕਿਹਾਮੋਹਨ ਭਾਗਵਤ ਆਰ ਐੱਸ ਐੱਸ ਦੇ ਮੁਖੀ ਹੋ ਸਕਦੇ ਹਨ, ਹਿੰਦੂ ਧਰਮ ਦੇ ਮੁਖੀ ਨਹੀਂ ਹਨ ਕਿ ਉਨ੍ਹਾ ਦੀ ਗੱਲ ਅਸੀਂ ਮੰਨਦੇ ਰਹੀਏ। ਉਹ ਸਾਡੇ ਅਨੁਸ਼ਾਸਕ ਰਹੇ ਹਨ, ਪਰ ਅਸੀਂ ਉਨ੍ਹਾ ਮੁਤਾਬਕ ਚੱਲ ਨਹੀਂ ਸਕਦੇ। ਉਹ ਹਿੰਦੂ ਧਰਮ ਦੀ ਵਿਵਸਥਾ ਦੇ ਠੇਕੇਦਾਰ ਨਹੀਂ ਹਨ। ਹਿੰਦੂ ਧਰਮ ਦੀ ਵਿਵਸਥਾ ਹਿੰਦੂ ਧਰਮ ਦੇ ਆਚਾਰੀਆਂ ਦੇ ਹੱਥ ਵਿੱਚ ਹੈ। ਸੰਪੂਰਨ ਭਾਰਤ ਦੇ ਵੀ ਉਹ ਨੁਮਾਇੰਦੇ ਨਹੀਂ ਹਨ। ਜਗਦਗੁਰੂ ਨੇ ਇਹ ਵੀ ਕਿਹਾ ਕਿ ਜਿਹੜੀਆਂ ਸਾਡੀਆਂ ਇਤਿਹਾਸਕ ਚੀਜ਼ਾਂ ਹਨ, ਉਹ ਸਾਨੂੰ ਮਿਲਣੀਆਂ ਹੀ ਚਾਹੀਦੀਆਂ ਤੇ ਸਾਨੂੰ ਲੈਣੀਆਂ ਵੀ ਚਾਹੀਦੀਆਂ, ਚਾਹੇ ਜਿਵੇਂ ਮਿਲਣ। ਭਲੇ ਹੀ ਇਸ ਲਈ ਸਾਮ, ਦਾਮ, ਦੰਡ, ਭੇਦ ਕਿਉਂ ਨਾ ਅਪਣਾਉਣਾ ਪਵੇ। ਜਿਓਤਿਸ਼ਪੀਠ ਦੇ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਵੀ ਭਾਗਵਤ ਦੀ ਅਲੋਚਨਾ ਕੀਤੀ ਹੈ। ਭਾਗਵਤ ਨੇ ਪੁਣੇ ਵਿਚ ਲੈਕਚਰ ਦਿੰਦਿਆਂ ਕਿਹਾ ਸੀਧਰਮ ਪ੍ਰਾਚੀਨ ਹੈ ਤੇ ਧਰਮ ਦੀ ਪਛਾਣ ਨਾਲ ਹੀ ਰਾਮ ਮੰਦਰ ਬਣਾਇਆ ਗਿਆ ਹੈ। ਇਹ ਸਹੀ ਹੈ, ਪਰ ਸਿਰਫ ਮੰਦਰ ਬਣ ਜਾਣ ਨਾਲ ਕੋਈ ਹਿੰਦੂਆਂ ਦਾ ਆਗੂ ਨਹੀਂ ਬਣ ਸਕਦਾ। ਹਿੰਦੂ ਧਰਮ ਸਨਾਤਨ ਧਰਮ ਹੈ ਤੇ ਸਨਾਤਨ ਧਰਮ ਦੇ ਆਚਾਰੀਆ ਸੇਵਾ ਧਰਮ ਦੀ ਪਾਲਣਾ ਕਰਦੇ ਹਨ। ਇਹ ਮਾਨਵੀ ਧਰਮ ਦੀ ਤਰ੍ਹਾਂ ਸੇਵਾ ਧਰਮ ਹੈ। ਸੇਵਾ ਕਰਦੇ ਸਮੇਂ ਹਮੇਸ਼ਾ ਚਰਚਾ ਤੋਂ ਦੂਰ ਰਹਿਣਾ ਸਾਡਾ ਸੁਭਾਅ ਹੈ। ਜਿਹੜੇ ਲੋਕ ਬਿਨਾਂ ਦਿਖਾਵੇ ਦੇ ਸੇਵਾ ਕਰਦੇ ਹਨ, ਉਹ ਸੇਵਾ ਦੀ ਇੱਛਾ ਰੱਖਦੇ ਹਨ। ਸੇਵਾ ਧਰਮ ਦੀ ਪਾਲਣਾ ਕਰਦਿਆਂ ਸਾਨੂੰ ਅਤੀਵਾਦੀ ਨਹੀਂ ਹੋਣਾ ਚਾਹੀਦਾ ਤੇ ਦੇਸ਼ ਦੀ ਪ੍ਰਸਥਿਤੀ ਮੁਤਾਬਕ ਦਰਮਿਆਨਾ ਮਾਰਗ ਅਪਨਾਉਣਾ ਚਾਹੀਦਾ ਹੈ। ਮਾਨਵ ਧਰਮ ਬ੍ਰਹਿਮੰਡ ਦਾ ਧਰਮ ਹੈ ਤੇ ਇਸ ਨੂੰ ਸੇਵਾ ਦੇ ਮਾਧਿਅਮ ਨਾਲ ਪ੍ਰਗਟ ਕੀਤਾ ਜਾਣਾ ਚਾਹੀਦਾ ਹੈ। ਅਸੀਂ ਵਿਸ਼ਵ ਸ਼ਾਂਤੀ ਦਾ ਐਲਾਨ ਕਰਦੇ ਹਾਂ, ਪਰ ਹੋਰਨੀਂ ਥਾਈਂ ਘੱਟ ਗਿਣਤੀਆਂ ਦੀ ਕੀ ਸਥਿਤੀ ਹੈ, ਇਸ ਪਾਸੇ ਧਿਆਨ ਦੇਣਾ ਜ਼ਰੂਰੀ ਹੈ। ਪੇਟ ਭਰਨ ਲਈ ਜੋ ਜ਼ਰੂਰੀ ਹੈ, ਉਹ ਕਰਨਾ ਚਾਹੀਦਾ ਹੈ, ਪਰ ਘਰ-ਗ੍ਰਹਿਸਤੀ ਤੋਂ ਪਰ੍ਹੇ ਜੋ ਕੁਝ ਵੀ ਸਾਨੂੰ ਮਿਲਿਆ ਹੈ, ਉਸ ਦਾ ਦੁੱਗਣਾ ਸੇਵਾ ਦੇ ਰੂਪ ਵਿੱਚ ਦੇਣਾ ਚਾਹੀਦਾ ਹੈ।