13.6 C
Jalandhar
Thursday, December 26, 2024
spot_img

ਗਿਆਨੀ ਹਰਪ੍ਰੀਤ ਸਿੰਘ ਦੀ ਡੇਰਾ ਬਿਆਸ ਮੁਖੀ ਨਾਲ ਲੰਮੀ ਮੀਟਿੰਗ

ਬਠਿੰਡਾ : ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਵੀਰਵਾਰ ਇਥੇ ਇੱਕ ਘੰਟੇ ਤੋਂ ਵੱਧ ਸਮਾਂ ਗੱਲਬਾਤ ਹੋਈ। ਮੁਲਾਕਾਤ ਜਥੇਦਾਰ ਹਰਪ੍ਰੀਤ ਸਿੰਘ ਦੀ ਸਥਾਨਕ ਬਰਨਾਲਾ ਰੋਡ ’ਤੇ ਸਥਿਤ ਰਿਹਾਇਸ਼ਗਾਹ ’ਤੇ ਹੋਈ।
ਡੇਰਾ ਮੁਖੀ ਦਾ ਬਠਿੰਡਾ-ਗੋਨਿਆਣਾ ਮਾਰਗ ’ਤੇ ਸਥਿਤ ਸਥਾਨਕ ਡੇਰਾ ਰਾਧਾ ਸੁਆਮੀ ’ਚ ਆਉਣ ਦਾ ਪ੍ਰੋਗਰਾਮ ਪਹਿਲਾਂ ਹੀ ਤੈਅ ਸੀ। ਉਨ੍ਹਾ ਦਾ ਹੈਲੀਕਾਪਟਰ ਥਰਮਲ ਕਾਲੋਨੀ ’ਚ ਬਣੇ ਅਸਥਾਈ ਹੈਲੀਪੈਡ ’ਤੇ ਉਤਰਿਆ ਅਤੇ ਇੱਥੋਂ ਉਹ ਕਾਰ ਰਾਹੀਂ ਜਥੇਦਾਰ ਦੀ ਰਿਹਾਇਸ਼ ’ਤੇ ਚਲੇ ਗਏ। ਪਤਾ ਲੱਗਾ ਹੈ ਕਿ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਵੀ ਇਸ ਮੌਕੇ ਉਥੇ ਪਹੁੰਚ ਗਏ। ਘਰ ਦੇ ਆਲੇ-ਦੁਆਲੇ ਭਾਰੀ ਸੁਰੱਖਿਆ ਪ੍ਰਬੰਧ ਹੋਣ ਕਰ ਕੇ ਮੀਡੀਆ ਕਰਮੀਆਂ ਨੂੰ ਘਰ ਤੋਂ ਦੂਰ ਹੀ ਰੱਖਿਆ ਗਿਆ।
ਜਥੇਦਾਰ ਹਰਪ੍ਰੀਤ ਸਿੰਘ ਦੇ ਕਥਿਤ ਸਾਂਢੂ ਵੱਲੋਂ ਉਨ੍ਹਾ ਬਾਰੇ ਕੀਤੀਆਂ ਵਿਵਾਦਤ ਟਿੱਪਣੀਆਂ ਦੇ ਸੰਬੰਧ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਉਨ੍ਹਾ ਦੀਆਂ ਜਥੇਦਾਰ ਵਜੋਂ ਸੇਵਾਵਾਂ ’ਤੇ 15 ਦਿਨਾਂ ਲਈ ਰੋਕ ਲਾਈ ਹੋਈ ਹੈ। ਉਂਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਤੋਂ ਲੈ ਕੇ ਤਨਖਾਹ ਲਾਉਣ ਤੱਕ ਦੇ ਵੱਖ-ਵੱਖ ਪੜਾਵਾਂ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਦੀ ਭੂਮਿਕਾ ਬਾਰੇ ਅਸਿੱਧੇ ਰੂਪ ’ਚ ਕਈ ਤਰ੍ਹਾਂ ਦੇ ‘ਕਿੰਤੂ-ਪ੍ਰੰਤੂ’ ਹੁੰਦੇ ਆ ਰਹੇ ਹਨ। ਇੱਕ ਸਮਾਂ ਅਜਿਹਾ ਵੀ ਆਇਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ ’ਚ ਫੌਰੀ ਲਏ ਸਟੈਂਡ ਕਾਰਨ ਸ਼੍ਰੋਮਣੀ ਕਮੇਟੀ ਨੇ ਅਸਤੀਫਾ ਪ੍ਰਵਾਨ ਨਹੀਂ ਕੀਤਾ ਸੀ। ਵਰਤਮਾਨ ਦੌਰ ’ਚ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਦੇ ਵੀ ਉਨ੍ਹਾ ਦੀਆਂ ਸੇਵਾਵਾਂ ਪੱਕੇ ਤੌਰ ’ਤੇ ਖਤਮ ਕੀਤੀਆਂ ਜਾ ਸਕਦੀਆਂ ਹਨ। ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵੀ 30 ਦਸੰਬਰ ਨੂੰ ਸੱਦੀ ਹੋਈ ਹੈ। ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਦੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਨੇੜਤਾ ਵੀ ਲੁਕੀ-ਛਿਪੀ ਨਹੀਂ। ਉਨ੍ਹਾ ਦੀਆਂ ਦੋਵਾਂ ਹੀ ਪਾਰਟੀਆਂ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਨਾਲ ‘ਮਿਲਣੀਆਂ’ ਧਾਰਮਕ ਅਤੇ ਸਿਆਸੀ ਹਲਕਿਆਂ ਅੰਦਰ ਚਰਚਾ ਦਾ ਵਿਸ਼ਾ ਬਣਦੀਆਂ ਰਹੀਆਂ ਹਨ।

Related Articles

Latest Articles