ਪਰਬਤਾਰੋਹੀ ਸਾਨਵੀ ਸੂਦ ਸਣੇ 17 ਬੱਚੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਤ

0
133

ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀਰਵਾਰ 17 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕੀਤੇ, ਜਿਨ੍ਹਾਂ ਨੇ ਲਾਸਾਨੀ ਹਿੰਮਤ ਤੇ ਦਲੇਰੀ ਦਿਖਾਈ ਅਤੇ ਕਲਾ, ਸੱਭਿਆਚਾਰ ਤੇ ਖੇਡਾਂ ਸਮੇਤ ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਇਹ ਪੁਰਸਕਾਰ ਕਲਾ ਅਤੇ ਸੱਭਿਆਚਾਰ, ਬਹਾਦਰੀ, ਨਵੀਨਤਾ, ਵਿਗਿਆਨ ਅਤੇ ਤਕਨਾਲੋਜੀ, ਸਮਾਜ ਸੇਵਾ, ਖੇਡਾਂ ਅਤੇ ਵਾਤਾਵਰਨ ਸਮੇਤ ਸੱਤ ਵਰਗਾਂ ’ਚ ਬੇਮਿਸਾਲ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ।
14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਚੁਣੇ ਗਏ ਸੱਤ ਮੁੰਡਿਆਂ ਅਤੇ 10 ਕੁੜੀਆਂ ਨੂੰ ਸਨਮਾਨ ਵਜੋਂ ਮੈਡਲ, ਸਰਟੀਫਿਕੇਟ ਅਤੇ ਪ੍ਰਸੰਸਾ ਪੱਤਰ ਦਿੱਤਾ ਗਿਆ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ’ਚ ਕਲਾ ਅਤੇ ਸੱਭਿਆਚਾਰ ’ਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੀ 14 ਸਾਲਾ ਦਿਵਿਆਂਗ ਲੇਖਿਕਾ ਕੇਆ ਹਤਕਰ, ਕਸ਼ਮੀਰ ਦਾ 12 ਸਾਲਾ ਸੂਫੀ ਗਾਇਕ ਅਯਾਨ ਸੱਜਾਦ, ‘ਸੇਰੇਬ੍ਰਲ ਪਾਲਸੀ’ ਨਾਮੀ ਬਿਮਾਰੀ ਤੋਂ ਪੀੜਤ 17 ਸਾਲਾ ਵਿਆਸ ਓਮ ਜਿਗਨੇਸ਼ ਸ਼ਾਮਲ ਹਨ। ਜਿਗਨੇਸ਼ ਨੂੰ ਇਹ ਸਨਮਾਨ ਸੰਸਕਿ੍ਰਤ ਸਾਹਿਤ ਵਿਚ ਉਸ ਦੇ ਯੋਗਦਾਨ ਲਈ ਦਿੱਤਾ ਗਿਆ ਹੈ।
ਬਹਾਦਰੀ ਸ਼੍ਰੇਣੀ ’ਚ ਨੌਂ ਸਾਲਾ ਸੌਰਵ ਕੁਮਾਰ ਨੂੰ ਤਿੰਨ ਕੁੜੀਆਂ ਨੂੰ ਡੁੱਬਣ ਤੋਂ ਬਚਾਉਣ ਲਈ ਸਨਮਾਨਤ ਕੀਤਾ ਗਿਆ, ਜਦਕਿ 17 ਸਾਲਾ ਇਓਨਾ ਥਾਪਾ ਨੂੰ ਇੱਕ ਫਲੈਟ ਦੇ 36 ਨਿਵਾਸੀਆਂ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਸਨਮਾਨਿਆ ਗਿਆ। ਨਵੀਨਤਾ ਲਈ ਸਿੰਧੂਰਾ ਰਾਜਾ (15) ਅਤੇ ਸਾਈਬਰ ਸੁਰੱਖਿਆ ਉੱਦਮੀ ਰਿਸ਼ਿਕ ਕੁਮਾਰ (17) ਨੂੰ ਪੁਰਸਕਾਰ ਦਿੱਤੇ ਗਏ। ਖੇਡ ਵਰਗ ’ਚ ਜੂਡੋ ਖਿਡਾਰੀ ਹੇਮਵਤੀ ਨਾਗ, ਸ਼ਤਰੰਜ ਖਿਡਾਰੀ ਅਨੀਸ ਸਰਕਾਰ ਅਤੇ ਰੂਪਨਗਰ (ਪੰਜਾਬ) ਦੀ 10 ਸਾਲਾ ਪਰਬਤਾਰੋਹੀ ਸਾਨਵੀ ਸੂਦ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਿੱਤਾ ਗਿਆ। ਰਾਸ਼ਟਰਪਤੀ ਮੁਰਮੂ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਇੱਕ ਪੀੜ੍ਹੀ ਨੂੰ ਉੱਤਮਤਾ ਹਾਸਲ ਕਰਨ ਤੇ ਸਮਾਜ ’ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ ’ਚ ਉਨ੍ਹਾਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ।
ਇਸ ਮੌਕੇ ਰਾਸ਼ਟਰਪਤੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੂੰ ਵੀ ਉਨ੍ਹਾਂ ਦੀ ਬੇਮਿਸਾਲ ਕੁਰਬਾਨੀ ਲਈ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦੇ ਸ਼ਹੀਦੀ ਦਿਹਾੜੇ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਂਦਾ ਹੈ ਅਤੇ ਇਸੇ ਸੰਬੰਧ ਵਿਚ ਇਹ ਪੁਰਸਕਾਰ ਪ੍ਰਦਾਨ ਕੀਤੇ ਗਏ। ਰਾਸ਼ਟਰਪਤੀ ਮੁਰਮੂ ਨੇ ਕਿਹਾਧਰਮ ਅਤੇ ਸਵੈ-ਮਾਣ ਲਈ ਉਨ੍ਹਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਅਣਗਿਣਤ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਇਸ ਦਿਨ ਰਾਸ਼ਟਰ ਉਨ੍ਹਾਂ ਦੀ ਬਹਾਦਰੀ ਅਤੇ ਦਲੇਰੀ ਅੱਗੇ ਸਤਿਕਾਰ ਵਜੋਂ ਆਪਣਾ ਸਿਰ ਝੁਕਾਉਂਦਾ ਹੈ।