ਅੰਮਿ੍ਰਤਸਰ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੰਮਿ੍ਰਤਸਰ ਦੀ ਪਵਿੱਤਰ ਧਰਤੀ ਨਾਲ ਖਾਸ ਰਿਸ਼ਤਾ ਬਣਾਇਆ, ਜਿੱਥੇ ਉਨ੍ਹਾ ਆਪਣੇ ਕਈ ਸਾਲ ਬਿਤਾਏ। ਡਾ. ਮਨਮੋਹਨ ਸਿੰਘ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਚਕਵਾਲ ਦੇ ਪਿੰਡ ਗਾਹ ’ਚ ਪੈਦਾ ਹੋਏ ਸਨ। ਉਨ੍ਹਾ ਆਪਣੀ ਸਕੂਲੀ ਪੜ੍ਹਾਈ ਅੰਮਿ੍ਰਤਸਰ ਤੋਂ ਪੂਰੀ ਕੀਤੀ ਅਤੇ ਇੱਥੋਂ ਦੇ ਹਿੰਦੂ ਕਾਲਜ ਤੋਂ ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ। ਉਨ੍ਹਾ ਦੇ ਮਤਰੇਏ ਭਰਾ ਸੁਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਆਪਣੀ ਦਾਦੀ ਨਾਲ ਡੂੰਘਾ ਪਿਆਰ ਸੀ, ਜਿਸ ਨੇ ਮਾਂ ਦੀ ਮੌਤ ਤੋਂ ਬਾਅਦ ਉਨ੍ਹਾ ਦਾ ਪਾਲਣ-ਪੋਸਣ ਕੀਤਾ ਸੀ।
ਪਰਵਾਸ ਕਰਨ ਤੋਂ ਬਾਅਦ ਡਾ. ਮਨਮੋਹਨ ਸਿੰਘ ਦਾ ਪਰਵਾਰ ਗ੍ਰੈਜੂਏਸ਼ਨ ਤੱਕ ਅੰਮਿ੍ਰਤਸਰ ’ਚ ਇੱਕ ਛੋਟੇ ਜਿਹੇ ਕਿਰਾਏ ਦੇ ਮਕਾਨ ’ਚ ਰਿਹਾ। ਹਿੰਦੂ ਕਾਲਜ ਦੇ ਸੇਵਾਮੁਕਤ ਪ੍ਰੋਫੈਸਰ ਰਜਿੰਦਰ ਲੂੰਬਾ ਨੇ ਅਰਥ ਸ਼ਾਸਤਰ ਨੂੰ ਉਨ੍ਹਾ ਦਾ ਪਸੰਦੀਦਾ ਵਿਸ਼ਾ ਦੱਸਦਿਆਂ ਕਿਹਾ ਕਿ ਉਨ੍ਹਾ ਦੀ ਪਤਨੀ ਗੁਰਸ਼ਰਨ ਕੌਰ ਦੇ ਮਾਤਾ-ਪਿਤਾ ਵੀ ਪਵਿੱਤਰ ਸ਼ਹਿਰ ਨਾਲ ਸੰਬੰਧਤ ਸਨ। ਲੂੰਬਾ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਡਾ. ਸਿੰਘ ਹਿੰਦੂ ਕਾਲਜ ਦੇ ਕਨਵੋਕੇਸ਼ਨ-ਕਮ-ਐਲੂਮਨੀ ਮੀਟਿੰਗ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ ਅਤੇ ਇੱਕ ਆਮ ਵਿਅਕਤੀ ਦੀ ਤਰ੍ਹਾਂ ਕਾਲਜ ਸਟਾਫ ਨਾਲ ਗੱਲਬਾਤ ਕੀਤੀ ਸੀ। ਸਥਾਨਕ ਨਿਵਾਸੀ ਰਾਜ ਕੁਮਾਰ (71) ਨੇ ਦੱਸਿਆ ਕਿ ਡਾ. ਮਨਮੋਹਨ ਸਿੰਘ ਹਰਿਮੰਦਰ ਸਾਹਿਬ ਦੇ ਨੇੜੇ ਪੇਠੇ ਵਾਲਾ ਬਾਜ਼ਾਰ ’ਚ ਰਹਿੰਦੇ ਸਨ। ਉਨ੍ਹਾ ਨੂੰ ਬਹੁਤ ਹੀ ਨਿਮਰ ਵਿਅਕਤੀ ਵਜੋਂ ਯਾਦ ਕਰਦਿਆਂ ਕੁਮਾਰ ਨੇ ਕਿਹਾਮੈਂ ਛੋਟੀ ਉਮਰ ਦਾ ਸੀ, ਜਦੋਂ ਉਨ੍ਹਾ ਦਾ ਪਰਵਾਰ ਬਾਹਰ ਸ਼ਿਫਟ ਹੋ ਗਿਆ ਸੀ। ਜਿਸ ਘਰ ’ਚ ਡਾ. ਮਨਮੋਹਨ ਦਾ ਪਰਵਾਰ ਰਹਿੰਦਾ ਸੀ, ਉਹ ਘਰ ਹੁਣ ਖਸਤਾ ਹਾਲਤ ’ਚ ਹੈ, ਕਿਉਂਕਿ ਹੁਣ ਉੱਥੇ ਕੋਈ ਨਹੀਂ ਰਹਿੰਦਾ। ਅੰਮਿ੍ਰਤਸਰ ਲਈ ਉਨ੍ਹਾ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਨੇ ਕਈ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ।




