ਨਵੀਂ ਦਿੱਲੀ : ਵਿਛੋੜਾ ਦੇ ਗਏ ਮਿੱਠਬੋਲੜੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਜਿਨ੍ਹਾ ਨੂੰ ਆਮ ਕਰਕੇ ਅਰਥ ਸ਼ਾਸਤਰੀ ਵਜੋਂ ਯਾਦ ਕੀਤਾ ਜਾਵੇਗਾ, ਸ਼ਾਇਰੀ ਵਿੱਚ ਵੀ ਦਿਲਚਸਪੀ ਰੱਖਦੇ ਸਨ। ਸੰਸਦ ਤੇ ਬਾਹਰ ਆਪਣੇ ਤੇ ਆਪਣੀ ਸਰਕਾਰ ਉੱਤੇ ਹੋਣ ਵਾਲੇ ਹਮਲਿਆਂ ਦਾ ਸ਼ਾਇਰਾਨਾ ਅੰਦਾਜ਼ ’ਚ ਜਵਾਬ ਦਿੰਦੇ ਸਨ। ਅੱਜ ਦੇ ਉਲਟ ਉਦੋਂ ਸਮਾਂ ਵੀ ਅਜਿਹਾ ਸੀ ਕਿ ਸੰਸਦ ਵਿੱਚ ਹਾਸਾ-ਠੱਠਾ ਤੇ ਟਿੱਚਰ-ਮਸ਼ਕਰੀ ਚਲਦੀ ਸੀ। ਲੋਕ ਸਭਾ ’ਚ ਆਪੋਜ਼ੀਸ਼ਨ ਦੀ ਆਗੂ ਸੁਸ਼ਮਾ ਸਵਰਾਜ ਤੇ ਡਾ. ਮਨਮੋਹਨ ਸਿੰਘ ਵਿਚਾਲੇ ਜੁਗਲਬੰਦੀ ਅਕਸਰ ਹੁੰਦੀ ਸੀ। ਮਾਰਚ 2011 ਵਿੱਚ ਵਿਕੀਲੀਕਸ ਕੇਬਲ ਦੇ ਮੁੱਦੇ ’ਚ ਸੰਸਦ ’ਚ ਕਾਫੀ ਰੌਲਾ ਪਿਆ ਸੀ, ਜਿਸ ’ਚ ਦੋਸ਼ ਲਾਇਆ ਗਿਆ ਸੀ ਕਿ ਹੁਕਮਰਾਨ ਕਾਂਗਰਸ ਨੇ 2008 ਵਿੱਚ ਭਰੋਸੇ ਦਾ ਵੋਟ ਜਿੱਤਣ ਲਈ ਸਾਂਸਦ ਖਰੀਦੇ ਸਨ। ਸੁਸ਼ਮਾ ਸਵਰਾਜ ਨੇ ਪ੍ਰਧਾਨ ਮੰਤਰੀ ’ਤੇ ਸ਼ਾਹਾਬ ਜਾਫਰੀ ਦੇ ਇਸ ਮਸ਼ਹੂਰ ਸ਼ੇਅਰ ਨਾਲ ਹਮਲਾ ਕੀਤਾਤੂ ਇਧਰ ਉਧਰ ਕੀ ਨਾ ਬਾਤ ਕਰ, ਯੇ ਬਤਾ ਕਿ ਕਾਫਿਲਾ ਕਯੂੰ ਲੁਟਾ, ਹਮੇਂ ਰਾਹਜਨੋਂ ਸੇ ਗਿਲਾ ਨਹੀਂ, ਤੇਰੀ ਰਹਬਰੀ ਕਾ ਸਵਾਲ ਹੈ। ਡਾ. ਮਨਮੋਹਨ ਸਿੰਘ ਨੇ ਇਸ ਦਾ ਜਵਾਬ ਅਲਾਮਾ ਇਕਬਾਲ ਦੇ ਇਸ ਸ਼ੇਅਰ ਨਾਲ ਦਿੱਤਾਮਾਨਾ ਕੇ ਤੇਰੀ ਦੀਦ ਕੇ ਕਾਬਿਲ ਨਹੀਂ ਹੂੰ ਮੈਂ, ਤੂ ਮੇਰਾ ਸ਼ੌਕ ਦੇਖ ਮੇਰਾ ਇੰਤਜ਼ਾਰ ਦੇਖ। (ਸੁਸ਼ਮਾ ਮੁਸਕਰਾ ਪਈ ਸੀ)। 2013 ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦੀ ਮਤੇ ਉੱਤੇ ਬਹਿਸ ਵੇਲੇ ਵੀ ਦੋਹਾਂ ਵਿਚਾਲੇ ਮੁਕਾਬਲਾ ਹੋਇਆ। ਡਾ. ਮਨਮੋਹਨ ਸਿੰਘ ਨੇ ਮਿਰਜ਼ਾ ਗਾਲਿਬ ਦਾ ਇਹ ਸ਼ੇਅਰ ਬੋਲਿਆਹਮੇਂ ਉਨਸੇ ਹੈ ਵਫਾ ਕੀ ਉਮੀਦ ਜੋ ਨਹੀਂ ਜਾਨਤੇ ਵਫਾ ਕਯਾ ਹੈ। ਸੁਸ਼ਮਾ ਨੇ ਬਸ਼ੀਰ ਬਦਰ ਦੇ ਇਸ ਸ਼ੇਅਰ ਨਾਲ ਜਵਾਬ ਦਿੱਤਾਕੁਛ ਤੋ ਮਜਬੂਰੀਆਂ ਰਹੀ ਹੋਂਗੀ, ਯੂੰ ਹੀ ਕੋਈ ਬੇਵਫਾ ਨਹੀਂ ਹੋਤਾ, ਤੁਮਹੇ ਵਫਾ ਯਾਦ ਨਹੀਂ, ਹਮੇਂ ਜਫਾ ਯਾਦ ਨਹੀਂ, ਜ਼ਿੰਦਗੀ ਔਰ ਮੌਤ ਕੇ ਤੋ ਦੋ ਹੀ ਤਰਾਨੇ ਹੈਂ, ਏਕ ਤੁਮਹੇਂ ਯਾਦ ਨਹੀਂ, ਏਕ ਹਮੇਂ ਯਾਦ ਨਹੀਂ।





