ਪਾਰਟੀ ਦੇ ਸੰਘਰਸ਼ਾਂ ਨੇ ਇਤਿਹਾਸ ਸਿਰਜਿਆ : ਰਤਨ
ਜ਼ਿੰਦਗੀ ਦੇ ਹਾਣੀ ਬਣਨ ਲਈ ਵਿੱਦਿਆ ਵਰਦਾਨ : ਸ਼ੁਗਲੀ
ਜਲੰਧਰ (ਗਿਆਨ ਸੈਦਪੁਰੀ)
‘ਦੱਖਣਪੰਥੀ ਤਾਕਤਾਂ ਨੂੰ ਰੋਕਣ ਲਈ ਕਮਿਊਨਿਸਟ ਪਾਰਟੀ ਦੀ ਮਜ਼ਬੂਤੀ ਅਜੋਕੇ ਦੌਰ ਦੀ ਵੱਡੀ ਜ਼ਰੂਰਤ ਹੈ। ਇਸ ਦੇ ਨਾਲ ਹੀ ਜਮਹੂਰੀ ਤੇ ਧਰਮ-ਨਿਰਪੱਖ ਧਿਰਾਂ ਦਾ ਏਕਾ ਵੀ ਸਮੇਂ ਦੀ ਲੋੜ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਨੈਸ਼ਨਲ ਸਕੱਤਰੇਤ ਦੇ ਮੈਂਬਰ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕੀਤਾ। ਉਹ ਪਾਰਟੀ ਦਫਤਰ ਜਲੰਧਰ ਵਿੱਚ ਕਮਿਊਨਿਸਟ ਪਾਰਟੀ ਦੇ 100ਵੇਂ ਸਥਾਪਨਾ ਦਿਵਸ ਸੰਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਕਮਿਊਨਿਸਟ ਪਾਰਟੀ ਦਾ ਤਕੜਿਆਂ ਹੋਣਾ ਸਮੁੱਚੇ ਰਾਸ਼ਟਰ ਦੇ ਹਿੱਤ ਵਿੱਚ ਹੋਵੇਗਾ।
ਪਾਰਟੀ ਦੀ ਸਥਾਪਨਾ ਦੀ ਗੱਲ ਕਰਦਿਆਂ ਗੋਰੀਆ ਨੇ ਕਿਹਾ ਕਿ ਇਹ ਕੌਮੀ ਆਜ਼ਾਦੀ ਦੀ ਲਹਿਰ ਵਿੱਚੋਂ ਜਨਮੀ ਸੀ। ਸੀ ਪੀ ਆਈ ਦੇਸ਼ ਦੀ ਸਿਆਸਤ ਵਿੱਚ ਵੱਡੀ ਤਾਕਤ ਵਜੋਂ ਉੱਭਰੀ ਸੀ। ਤਾਕਤਵਾਰ ਬਣਨ ਲਈ ਕਮਿਊਨਿਸਟ ਕਾਰਕੁਨਾਂ ਨੂੰ ਖੂਨ-ਪਸੀਨਾ ਇੱਕ ਕਰਨਾ ਪਿਆ। ਸਾਨੂੰ ਇਸ ਗੱਲ ਦਾ ਵੀ ਫਖਰ ਹੈ ਕਿ ਮੁਲਕ ਲਈ ਮੁਕੰਮਲ ਆਜ਼ਾਦੀ ਦੀ ਮੰਗ ਸਭ ਤੋਂ ਪਹਿਲਾਂ ਸੀ ਪੀ ਆਈ ਨੇ ਕੀਤੀ ਸੀ। ਉਨ੍ਹਾ ਕਿਹਾ ਕਿ ਪੂੰਜੀਵਾਦ ਦਾ ਖਾਤਮਾ ਕਰਕੇ ਸਮਾਜਵਾਦ ਸਿਰਜਣਾ ਕਮਿਊਨਿਸਟਾਂ ਦਾ ਇਤਿਹਾਸਕ ਮਿਸ਼ਨ ਹੈ।
ਉਹਨਾ ਕਿਹਾ ਕਿ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰਦੇ ਜਾਤ-ਪਾਤ ਦੇ ਕੋਹੜ ਨੂੰ ਮਾਰਨ ਲਈ ਵੀ ਬਾਕਾਇਦਾ ਲੜਾਈ ਦੀ ਲੋੜ ਹੈ। ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਡਾਕਟਰ ਅੰਬੇਡਕਰ ਬਾਰੇ ਅਪਮਾਨਜਨਕ ਟਿੱਪਣੀਆਂ ਦੀ ਗੱਲ ਕਰਦਿਆਂ ਗੋਰੀਆ ਨੇ ਕਿਹਾ ਕਿ ਉਸ ਮਹਾਨ ਸ਼ਖਸੀਅਤ ਦੀ ਖਿੱਲੀ ਉਡਾਈ ਗਈ ਹੈ, ਜਿਸ ਨੇ ਸਾਰੀ ਉਮਰ ਸਮਾਜਕ ਨਿਆਂ ਦੀ ਲੜਾਈ ਦੇ ਲੇਖੇ ਲਾ ਦਿੱਤੀ। ਉਨ੍ਹਾ ਮਿਹਨਤਕਸ਼ ਲੋਕਾਂ ਨੂੰ ਹਿੰਮਤ ਕਰਨ ਦਾ ਹੋਕਾ ਦਿੰਦਿਆਂ ਕਿਹਾ ਕਿ ਅਸੀਂ ਆਪਣੀ ਕਿਸਮਤ ਦੇ ਆਪ ਘਾੜੇ ਬਣਨਾ ਹੈ।
ਸੀ ਪੀ ਆਈ ਕੰਟਰੋਲ ਕਮਿਸ਼ਨ ਪੰਜਾਬ ਦੇ ਚੇਅਰਮੈਨ ਰਮੇਸ਼ ਰਤਨ ਨੇ ਪਾਰਟੀ ਦੀਆਂ ਤਰਜੀਹਾਂ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਕਮਿਊਨਿਸਟਾਂ ਨੇ ਵੱਡਾ ਹਿੱਸਾ ਪਾਇਆ ਸੀ। ਆਜ਼ਾਦੀ ਤੋਂ ਬਾਅਦ ਚੰਗੇਰੇ ਸਮਾਜ ਦੀ ਸਿਰਜਣਾ ਪਾਰਟੀ ਦੀਆਂ ਤਰਜੀਹਾਂ ਵਿੱਚ ਸ਼ਾਮਲ ਰਿਹਾ ਹੈ। ਮਿਹਨਤਕਸ਼ ਲੋਕਾਂ ਨੂੰ ਹੱਕ ਦਿਵਾਉਣੇ ਅਤੇ ਵਿਗਿਆਨਿਕ ਸੋਚ ਦਾ ਪਸਾਰਾ ਪਾਰਟੀ ਦੇ ਟੀਚਿਆਂ ਵਿੱਚ ਸ਼ਾਮਲ ਹੈ। ਉਹਨਾ ਡਾਕਟਰ ਗੰਗਾਧਰ ਅਧਿਕਾਰੀ ਅਤੇ ਮੋਹਸਿਨ ਵਰਗੇ ਆਗੂਆਂ ਦਾ ਜ਼ਿਕਰ ਕਰਦਿਆਂ ਪੁਰਾਣੇ ਆਗੂਆਂ ਦੀ ਘਾਲਣਾ ’ਤੇ ਰੋਸ਼ਨੀ ਪਾਈ। ਉਨ੍ਹਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਇੱਕ ਲੇਖ ਦੇ ਹਵਾਲੇ ਨਾਲ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦਿੱਤਾ ਕਿ ਜੋਸ਼ ਦੇ ਨਾਲ ਹੋਸ਼ ਨੂੰ ਵੀ ਪਹਿਲ ਦਿੱਤੀ ਜਾਵੇ। ਉਨ੍ਹਾ ਕਿਹਾ ਕਿ ਪਾਰਟੀ ਵੱਲੋਂ ਕੀਤੇ ਸੰਘਰਸ਼ਾਂ ਨੇ ਇਤਿਹਾਸ ਸਿਰਜਿਆ ਹੈ।
‘ਨਵਾਂ ਜ਼ਮਾਨਾ’ ਦੀ ਸੰਚਾਲਕ ਅਰਜਨ ਸਿੰਘ ਗੜਗੱਜ ਫਾਊਂਡੇਸਨ ਦੇ ਸਕੱਤਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਦਮੀ ਨੂੰ ਸਰੀਰਕ ਤੌਰ ’ਤੇ ਤਕੜਾ ਹੋਣ ਲਈ ਚੰਗੀ ਖੁਰਾਕ ਚਾਹੀਦੀ ਹੈ। ਇਸੇ ਤਰ੍ਹਾਂ ਸਮਾਜਵਾਦੀ ਬਣਨ ਅਤੇ ਸਮਾਜਵਾਦ ਸਿਰਜਣ ਲਈ ਵਿੱਦਿਆ ਰੂਪੀ ਖੁਰਾਕ ਜ਼ਰੂਰੀ ਹੈ। ਇਹ ਵਿੱਦਿਆ ਹੀ ਹੈ, ਜੋ ਜ਼ਿੰਦਗੀ ਦੇ ਹਾਣ ਦਾ ਬਣਨ ਲਈ ਰਾਹ ਦਰਸਾਉਂਦੀ ਹੈ। ਉਹਨਾ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਦੇ ਮਨਸ਼ੇ ਨਾਲ ਆਪਣੇ ਸੰਘਰਸ਼ੀ ਸਫਰ ਦੀਆਂ ਵੀ ਗੱਲਾਂ ਕੀਤੀਆਂ।
ਐਡਵੋਕੇਟ ਰਜਿੰਦਰ ਮੰਡ ਨੇ ਪਾਰਟੀ ਦੀ ਸਥਾਪਨਾ ਦੇ ਸੰਦਰਭ ਵਿੱਚ ਗੱਲ ਕਰਦਿਆਂ ਕਿਹਾ ਕਿ ਕਮਿਊਨਿਸਟਾਂ ਨੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹੀ ਅੰਗੜਾਈ ਲੈ ਲਈ ਸੀ। 26 ਦਸੰਬਰ 1925 ਤੱਕ ਪਹੁੰਚਣ ਲਈ 1920 ਤੋਂ ਪ੍ਰਕਿ੍ਰਆ ਸ਼ੁਰੂ ਹੋ ਗਈ ਸੀ। ਪਾਰਟੀ ਦੀਆਂ ਪ੍ਰਾਪਤੀਆ ਦਾ ਜ਼ਿਕਰ ਕਰਦਿਆ ਐਡਵੋਕੇਟ ਮੰਡ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਜਿੰਨੇ ਵੀ ਲੋਕ ਹਿਤੈਸ਼ੀ ਕਨੂੰਨ ਬਣੇ ਹਨ, ਉਹ ਸਾਰੇ ਪਾਰਟੀ ਦੇ ਸੰਘਰਸ਼ਾਂ ਦੀ ਦੇਣ ਹਨ।
ਸੀ ਪੀ ਆਈ ਦੀ ਜਲੰਧਰ ਇਕਾਈ ਦੇ ਸਹਾਇਕ ਸਕੱਤਰ ਹਰਜਿੰਦਰ ਸਿੰਘ ਮੌਜੀ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਸੰਦੀਪ ਅਰੋੜਾ, ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਵੀਰ ਕੁਮਾਰ, ਪੰਜਾਬ ਇਸਤਰੀ ਸਭਾ ਦੀ ਆਗੂ ਸੰਤੋਸ਼ ਬਰਾੜ, ਜਨਰਲ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਸਿਕੰਦਰ ਸੰਧੂ ਅਤੇ ਕਿਸਾਨ ਆਗੂ ਦਿਲਬਾਗ ਸਿੰਘ ਚੰਦੀ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਸਮਾਗਮ ਵਿੱਚ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ ਨੇ ਨਿਭਾਈ।
ਸਮਾਗਮ ਦੇ ਸ਼ੁਰੂ ਵਿੱਚ ਸਾਰੇ ਆਗੂਆਂ ਨੇ ਲਾਲ ਝੰਡਾ ਲਹਿਰਾਇਆ। ਇਸ ਮੌਕੇ ਸਮਾਜਵਾਦ ਜ਼ਿੰਦਾਬਾਦ, ਸੀ ਪੀ ਆਈ ਜ਼ਿੰਦਾਬਾਦ ਅਤੇ ਕਿਰਤੀ ਜਮਾਤ ਦੇ ਹੱਕ ਵਿੱਚ ਜ਼ੋਰਦਾਰ ਨਾਹਰੇ ਲਾਏ ਗਏ। ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਪ੍ਰਧਾਨ ਰਸ਼ਪਾਲ ਸਿੰਘ ਬੜਾਪਿੰਡ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਬਹੁਤ ਸਾਰੇ ਪੁਰਾਣੇ ਸਾਥੀਆਂ ਨੂੰ ਸਨਮਾਨਤ ਕੀਤਾ ਗਿਆ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਇੰਜੀਨੀਅਰ ਪਰਮਜੀਤ ਸਿੰਘ, ਲੇਖਕ ਸੀਤਾ ਰਾਮ ਬਾਂਸਲ, ਅਵਤਾਰ ਸਿੰਘ ਤਾਰੀ, ਸੰਦੀਪ ਦੌਲੀਕੇ, ਤਰਸੇਮ ਸਿੰਘ ਜੰਡਿਆਲਾ, ਜਸਵਿੰਦਰ ਸਿੰਘ ਜੰਡਿਆਲਾ ਤੇ ਹੈਪੀ ਸ਼ਾਹਕੋਟ ਵੀ ਮੌਜੂਦ ਸਨ।