ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ’ਚ ਸ਼ੁੱਕਰਵਾਰ ਮੌਸਮ ਦਾ ਮਿਜ਼ਾਜ ਬਦਲ ਗਿਆ।ਸੀਤ ਲਹਿਰ ਦੇ ਨਾਲ-ਨਾਲ ਸਵੇਰ ਤੋਂ ਹੀ ਹਲਕਾ ਮੀਂਹ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ 21 ਜ਼ਿਲ੍ਹਿਆਂ ’ਚ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ, ਤੇਜ਼ ਹਵਾਵਾਂ ਚੱਲਣ ਲਈ ਯੈਲੋ ਅਲਰਟ ਜਾਰੀ ਕੀਤਾ ਹੈ।ਕੁਝ ਥਾਵਾਂ ’ਤੇ ਗੜ੍ਹੇ ਪੈਣ ਦੀਆਂ ਖ਼ਬਰਾਂ ਵੀ ਆਈਆਂ ਹਨ। ਮੁਹਾਲੀ ਵਿੱਚ ਕਈ ਥਾਵਾਂ ’ਤੇ ਗੜ੍ਹੇਮਾਰੀ ਵੀ ਹੋਈ ਹੈ।
ਮੁੱਲਾਂਪੁਰ ਦਾਖਾ ਦੇ ਪਿੰਡ ਸਵੱਦੀ ਕਲਾਂ ਆਦਿ ਪਿੰਡਾਂ ’ਚ ਗੜ੍ਹੇਮਾਰੀ ਹੋਈ, ਜਿਸ ਕਾਰਨ ਕਿਸਾਨ ਬਾਗੋਬਾਗ ਹਨ, ਕਿਉਕਿ ਗੜ੍ਹੇਮਾਰੀ ਕਾਰਨ ਭਾਰੀ ਠੰਢ ਦੇ ਨਾਲ ਕੋਰਾ ਵੀ ਪਵੇਗਾ, ਜੋ ਕਿ ਫਸਲਾਂ ਲਈ ਲਾਹੇਵੰਦ ਹੋਵੇਗਾ ਅਤੇ ਕਣਕ ਦਾ ਝਾੜ ਵਧੇਗਾ। ਉਥੇ ਤਪਸ਼ ਕਾਰਨ ਆਲੂਆਂ ਦੀ ਫ਼ਸਲ ਖਰਾਬ ਹੋਣ ਤੋਂ ਬਚੇਗੀ।2 ਜਨਵਰੀ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਉਧਰ, ਹਿਮਾਚਲ ’ਚ ਬਰਫ਼ਬਾਰੀ ਜਾਰੀ ਹੈ। ਸ਼ੁੱਕਰਵਾਰ ਸਵੇਰੇ ਤੋਂ ਹੀ ਰੋਹਤਾਂਗ ਕੁੰਜਮ ਦੱਰੇ ਸਮੇਤ ਉਚਾਈ ਵਾਲੀਆਂ ਪਹਾੜੀਆਂ ’ਤੇ ਬਰਫ਼ਬਾਰੀ ਹੋ ਰਹੀ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਕੀਤਾ ਹੈ ਕਿ ਸੈਲਾਨੀ ਰੋਹਤਾਂਗ ਟਨਲ ਅਤੇ ਜਲੋੜੀ ਦੱਰੇ ਵੱਲ ਨਾ ਜਾਣ। ਪਿਛਲੇ ਦਿਨੀਂ ਹੋਈ ਬਰਫ਼ਬਾਰੀ ਤੋਂ ਬਾਅਦ ਜ਼ਿਲ੍ਹਾ ਕੁੱਲੂ ਅਤੇ ਲਾਹੌਲ ’ਚ ਕਬੀਬ 15 ਬੱਸਾਂ ਦੇ ਰੂਟ ਪ੍ਰਭਾਵਤ ਹੋਏ ਅਤੇ ਕਰੀਬ 15 ਸੜਕਾਂ ਚਾਰ ਦਿਨਾਂ ਤੋਂ ਬੰਦ ਹਨ। ਸ਼ਿਮਲਾ ਦੇ ਨਾਰਕੰਡਾ ’ਚ ਦੋ ਇੰਚ ਤਾਜ਼ਾ ਬਰਫ਼ਬਾਰੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ 28 ਦਸੰਬਰ ਨੂੰ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਸੀਤ ਲਹਿਰ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਤਾਪਮਾਨ ’ਚ 6-8 ਡਿਗਰੀ ਦੀ ਗਿਰਾਵਟ ਹੋ ਸਕਦੀ ਹੈ। ਹਿਮਾਚਲ ਦੇ ਸੱਤ ਸ਼ਹਿਰਾਂ ਦਾ ਪਾਰਾ ਮਨਫੀ ’ਚ ਦਰਜ ਕੀਤਾ ਗਿਆ ਹੈ, ਜਿਨ੍ਹਾ ’ਚ ਤਾਬੋ ਮਨਫੀ 12.1 ਡਿਗਰੀ ਸੈਲਸੀਅਸ ਦੇ ਨਾਲ ਸਭ ਤੋਂ ਠੰਢਾ ਰਿਹਾ। ਇਸ ਤੋਂ ਇਲਾਵਾ ਕੁਕੁਮਸੇਰੀ ’ਚ -7.8 ਡਿਗਰੀ, ਸਮਦੋ ’ਚ-8.5, ਭੁੰਤਰ-0.9, ਬਜੌਰਾ ’ਚ-0.7, ਕਲਪਾ ’ਚ-1.6 ਤੇ ਮਨਾਲੀ ’ਚ-1.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ।