12.5 C
Jalandhar
Friday, December 27, 2024
spot_img

ਬਿਹਾਰ ਦੀ ਹਲਚਲ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ’ਤੇ ਬਿਹਾਰ ’ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਘਟਨਾ-ਚੱਕਰ ਤੇਜ਼ ਹੋ ਗਿਆ ਹੈ। ਬੁੱਧਵਾਰ ਪਟਨਾ ਵਿੱਚ ਰੱਖੇ ਪ੍ਰੋਗਰਾਮ ’ਚ ਭਾਜਪਾ ਆਗੂ ਤੇ ਬਿਹਾਰ ਦੇ ਉਪ ਮੁੱਖ ਮੰਤਰੀ ਵਿਜੇ ਕੁਮਾਰ ਸਿਨਹਾ ਨੇ ਕਿਹਾ ਕਿ ਬਿਹਾਰ ’ਚ ਜਦ ਆਪਣੀ ਸਰਕਾਰ ਬਣੇਗੀ ਤਾਂ ਹੀ ਵਾਜਪਾਈ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਦੇ ਕਰੀਬੀ ਮੰਨੇ ਜਾਂਦੇ ਵਿਧਾਇਕ ਭਾਈ ਵੀਰੇਂਦਰ ਨੇ ਕਹਿ ਦਿੱਤਾ ਕਿ ਸਿਆਸਤ ’ਚ ਕੁਝ ਵੀ ਸੰਭਵ ਹੈ, ਨਿਤੀਸ਼ ਜੀ ਸਾਡੇ ਨਾਲ ਆਉਣਗੇ ਤਾਂ ਸਵਾਗਤ ਕਰਾਂਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਵੱਲੋਂ ਐੱਨ ਡੀ ਏ ਦੇ ਭਾਈਵਾਲਾਂ ਦੀ ਬੁੱਧਵਾਰ ਦਿੱਲੀ ’ਚ ਸੱਦੀ ਗਈ ਮੀਟਿੰਗ ਵਿੱਚ ਨਿਤੀਸ਼ ਸ਼ਾਮਲ ਨਹੀਂ ਹੋਏ। ਨਿਤੀਸ਼ ਤੇ ਲਾਲੂ ਦੇ ਬੇਟੇ ਤੇਜਸਵੀ ਯਾਦਵ ਵਿਚਾਲੇ ਮੁਲਾਕਾਤ ਦੇ ਵੀ ਚਰਚੇ ਹਨ। ਮੋਦੀ ਸਰਕਾਰ ਨੇ ਕੇਰਲਾ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੂੰ ਬਿਹਾਰ ਬਦਲ ਦਿੱਤਾ ਹੈ। ਕਾਂਗਰਸ ਦੇ ਬੁਲਾਰੇ ਰਾਜੇਸ਼ ਰਾਠੌਰ ਨੇ ਕਿਹਾ ਹੈ ਕਿ ਨਿਤੀਸ਼ ਸਰਕਾਰ ਨੂੰ ਨਿਪਟਾਉਣ ਦਾ ਜਾਲ ਵਿਛ ਗਿਆ ਹੈ। ਇਹ ਦਰਸਾ ਰਿਹਾ ਹੈ ਕਿ ਬਿਹਾਰ ਵਿੱਚ ਭਾਜਪਾ ਤੇ ਜਨਤਾ ਦਲ (ਯੂ) ਵਿਚਾਲੇ ਸਭ ਕੁਝ ਠੀਕ-ਠਾਕ ਨਹੀਂ। ਕਿਆਸ ਲਾਏ ਜਾ ਰਹੇ ਹਨ ਕਿ ਜਨਤਾ ਦਲ (ਯੂ) ਤੇ ਲਾਲੂ ਦੇ ਰਾਸ਼ਟਰੀ ਜਨਤਾ ਦਲ ਵਿਚਾਲੇ ਕੁਝ ਪੱਕ ਰਿਹਾ ਹੈ। ਨਿਤੀਸ਼ ਇਸ ਗੱਲੋਂ ਨਾਰਾਜ਼ ਦੱਸੇ ਜਾ ਰਹੇ ਹਨ ਕਿ ਭਾਜਪਾ ਉਨ੍ਹਾ ਨੂੰ ਸੀ ਐੱਮ ਦਾ ਚਿਹਰਾ ਨਹੀਂ ਐਲਾਨ ਰਹੀ। ਸਿਨਹਾ ਦਾ ਇਹ ਬਿਆਨ ਵੀ ਨਿਤੀਸ਼ ਨੂੰ ਚੰਗਾ ਨਹੀਂ ਲੱਗਾ ਹੋਵੇਗਾ ਕਿ ਬਿਹਾਰ ’ਚ ਭਾਜਪਾ ਦੀ ਸਰਕਾਰ ਬਣਾਉਣਾ ਸਾਡਾ ਮਿਸ਼ਨ ਹੈ। ਸਾਡੀ ਅੱਗ ਤੇ ਤੜਪ ਉਦੋਂ ਹੀ ਸ਼ਾਂਤ ਹੋਵੇਗੀ, ਜਦੋਂ ਬਿਹਾਰ ’ਚ ਆਪਣੀ ਸਰਕਾਰ ਹੋਵੇਗੀ। ਭਾਜਪਾ ਦੇ ਕਾਰਕੁਨਾਂ ਨੇ ਬਿਹਾਰ ਨੂੰ ਜੰਗਲ ਰਾਜ ਤੋਂ ਮੁਕਤੀ ਦਿਵਾ ਦਿੱਤੀ ਹੈ, ਪਰ ਮਿਸ਼ਨ ਅਜੇ ਪੂਰਾ ਨਹੀਂ ਹੋਇਆ।
ਅੰਬੇਡਕਰ ਮੁੱਦੇ ’ਤੇ ਆਪੋਜ਼ੀਸ਼ਨ ਪਾਰਟੀਆਂ ਦੇ ਵੱਡੇ ਹਮਲਿਆਂ ਦਾ ਸਾਹਮਣਾ ਕਰ ਰਹੇ ਅਮਿਤ ਸ਼ਾਹ ਵੱਲੋਂ ਦਿੱਲੀ ’ਚ ਕੀਤੀ ਗਈ ਮੀਟਿੰਗ ’ਚ ਮੋਦੀ ਸਰਕਾਰ ਨੂੰ ਹਮਾਇਤ ਦੇ ਰਹੇ ਤੇਲਗੂ ਦੇਸਮ ਪਾਰਟੀ ਦੇ ਆਗੂ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਤੋਂ ਇਲਾਵਾ ਜਨਤਾ ਦਲ (ਐੱਸ) ਦੇ ਐੱਚ ਡੀ ਕੁਮਾਰਸਵਾਮੀ, ਅਨੁਪਿ੍ਰਆ ਪਟੇਲ, ਜੀਤਨ ਰਾਮ ਮਾਂਝੀ ਤੇ ਸੰਜੇ ਨਿਸ਼ਾਦ ਤਾਂ ਸ਼ਾਮਲ ਹੋਏ, ਪਰ ਨਿਤੀਸ਼ ਤੇ ਮਹਾਰਾਸ਼ਟਰ ਦੇ ‘ਜ਼ਖਮੀ’ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਗੈਰਹਾਜ਼ਰ ਰਹੇ। ਉਨ੍ਹਾਂ ਦੀਆਂ ਪਾਰਟੀਆਂ ਦੀ ਨੁਮਾਇੰਦਗੀ ਦੂਜੀ ਪਾਲ ਦੇ ਆਗੂਆਂ ਨੇ ਕੀਤੀ। ਸਵਾਲ ਉਠ ਰਹੇ ਹਨ ਕਿ ਆਖਿਰ ਨਿਤੀਸ਼ ਕਿਉ ਨਹੀਂ ਆਏ? ਅਮਿਤ ਸ਼ਾਹ ਦੇ ਸੰਸਦ ’ਚ ਬਾਬਾ ਸਾਹਿਬ ਅੰਬੇਡਕਰ ਬਾਰੇ ਬਿਆਨ ’ਤੇ ਮਚੇ ਘਮਸਾਨ ਨੂੰ ਲੈ ਕੇ ਨਿਤੀਸ਼ ਨੇ ਉਨ੍ਹਾ ਦੇ ਹੱਕ ਵਿੱਚ ਕੋਈ ਟਿੱਪਣੀ ਨਹੀਂ ਕੀਤੀ। ਇਸ ਤੋਂ ਪਹਿਲਾਂ ਸ਼ਾਹ ਨੇ ਇੱਕ ਟੀ ਵੀ ਇੰਟਰਵਿਊ ’ਚ ਨਿਤੀਸ਼ ਨੂੰ ਸੀ ਐੱਮ ਦਾ ਚਿਹਰਾ ਐਲਾਨਣ ਬਾਰੇ ਸਵਾਲ ’ਤੇ ਚੁੱਪੀ ਸਾਧ ਲਈ ਸੀ। ਹਾਲ ਹੀ ਵਿੱਚ ਹਾਜੀਪੁਰ ਦੇ ਇੱਕ ਪ੍ਰੋਗਰਾਮ, ਜਿਸ ’ਚ ਤੇਜਸਵੀ ਮੌਜੂਦ ਸਨ, ’ਚ ਰਾਜਦ ਆਗੂ ਸ਼ਕਤੀ ਯਾਦਵ ਨੇ ਕਿਹਾ ਸੀ ਕਿ ਪਾਰਟੀਆਂ ਵਿਚਾਲੇ ਮਤਭੇਦਾਂ ਨਾਲੋਂ ਵੱਧ ਜ਼ਰੂਰੀ ਹੈ ਦੇਸ਼ ਤੇ ਲੋਕਤੰਤਰ। ਬਦਲੇ ਸਿਆਸੀ ਮਾਹੌਲ ’ਚ ਜੇ ਡੀ ਯੂ ਉਨ੍ਹਾਂ ਨਾਲ ਰਲਦੀ ਹੈ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।
ਇਨ੍ਹਾਂ ਪ੍ਰਸਥਿਤੀਆਂ ’ਚ ਬਿਹਾਰ ਵਿੱਚ ਕੁਝ ਵੀ ਹੋ ਸਕਦਾ ਹੈ। ਨਿਤੀਸ਼ ਕੁਮਾਰ ਕਿਰਦਾਰ ਹੀ ਅਜਿਹਾ ਹਨ ਕਿ ਪਤਾ ਨਹੀਂ ਕਦੋਂ ਕੀ ਕੌਤਕ ਕਰ ਦੇਣ।

Related Articles

Latest Articles