ਬੱਸ ਡਰੇਨ ’ਚ, 8 ਮੌਤਾਂ

0
104

ਤਲਵੰਡੀ ਸਾਬੋ/ਬਠਿੰਡਾ  (ਜਗਦੀਪ ਗਿੱਲ/ਪਰਵਿੰਦਰਜੀਤ ਸਿੰਘ)
ਸ਼ੁੱਕਰਵਾਰ ਬਾਅਦ ਦੁਪਹਿਰ ਨਿਊ ਗੁਰੂ ਕਾਸ਼ੀ ਕੰਪਨੀ ਦੀ ਪ੍ਰਾਈਵੇਟ ਬੱਸ ਤਲਵੰਡੀ ਸਾਬੋ ਤੋਂ 11 ਕਿੱਲੋਮੀਟਰ ਦੂਰ ਪਿੰਡ ਜੀਵਨ ਸਿੰਘ ਵਾਲਾ ਕੋਲ ਬਰਸਾਤੀ ਨਾਲੇ ’ਚ ਡਿੱਗ ਜਾਣ ਕਾਰਨ 8 ਜਣਿਆਂ ਦੀ ਮੌਤ ਹੋ ਗਈ।ਬੱਸ ਸਰਦੂਲਗੜ੍ਹ ਤੋਂ ਵਾਇਆ ਤਲਵੰਡੀ ਸਾਬੋ, ਬਠਿੰਡਾ ਜਾ ਰਹੀ ਸੀ। ਪਿੰਡ ਜੀਵਨ ਸਿੰਘ ਵਾਲਾ ਦੇ ਆਖਰੀ ਅੱਡੇ ਤੋਂ ਅੱਗੇ ਜਦੋਂ ਬੱਸ ਨਾਲੇ ਉੱਪਰ ਪੁੱਜੀ ਤਾਂ ਉਸ ਵਿੱਚ 46 ਸਵਾਰੀਆਂ ਸਨ।
ਹਾਦਸੇ ਦੇ ਕਾਰਨਾਂ ਦੀ ਫੌਰੀ ਤੌਰ ’ਤੇ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ, ਪਰ ਮੁਢਲੀਆਂ ਖਬਰਾਂ ਅਨੁਸਾਰ ਹਾਦਸੇ ਦਾ ਇੱਕ ਕਾਰਨ ਵੀਰਵਾਰ ਰਾਤ ਤੋਂ ਪੈ ਰਹੀ ਬਾਰਿਸ਼ ਦੇ ਚਲਦਿਆਂ ਸਿੱਲ੍ਹੀ ਸੜਕ ’ਤੇ ਤਿਲਕਣ ਕਾਰਨ ਬੱਸ ਦਾ ਬੇਕਾਬੂ ਹੋ ਜਾਣਾ ਮੰਨਿਆ ਜਾ ਰਿਹਾ ਹੈ। ਪਿੰਡ ਜੀਵਨ ਸਿੰਘ ਵਾਲਾ ਦੇ ਬਹੁਤ ਸਾਰੇ ਲੋਕਾਂ ਵਿੱਚ ਇਹ ਚਰਚਾ ਵੀ ਚੱਲ ਰਹੀ ਸੀ ਕਿ ਘਟਨਾ ਦੇ ਵਕਤ ਅਸਮਾਨੀ ਬਿਜਲੀ ਦੇ ਡਿੱਗਣ ਦੀ ਭਿਆਨਕ ਆਵਾਜ਼ ਸੁਣਾਈ ਦਿੱਤੀ ਸੀ। ਹੋ ਸਕਦਾ ਹੈ ਕਿ ਬੱਸ ਦੇ ਨੇੜੇ ਜਾਂ ਥੋੜ੍ਹਾ ਉਰੇ-ਪਰੇ ਅਸਮਾਨੀ ਬਿਜਲੀ ਦੇ ਡਿੱਗਣ ਕਾਰਨ ਵੀ ਡਰਾਈਵਰ ਹੱਥੋਂ ਬੱਸ ਬੇਕਾਬੂ ਹੋ ਗਈ ਹੋਵੇ।ਸ਼ਾਮ ਤੱਕ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਇੱਕ ਮਰਦ, ਇੱਕ ਬੱਚੀ ਤੇ ਤਿੰਨ ਔਰਤਾਂ ਦੀਆਂ ਲਾਸ਼ਾਂ ਪੁੱਜੀਆਂ ਸਨ। ਛੇ ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ।
ਪਿੰਡ ਜੀਵਨ ਸਿੰਘ ਵਾਲਾ ਦੇ ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਮਿ੍ਰਤਕਾਂ ਵਿੱਚ ਪਿੰਡ ਜੀਵਨ ਸਿੰਘ ਵਾਲਾ ਦੇ ਕਰਤਾਰ ਸਿੰਘ ਦੀ ਨੂੰਹ ਅਤੇ ਛੋਟੀ ਜਿਹੀ ਮਾਸੂਮ ਪੋਤਰੀ ਸ਼ਾਮਲ ਹਨ। ਪਿੰਡ ਵਾਸੀਆਂ ਤੇ ਚਸ਼ਮਦੀਦਾਂ ਨੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ। ਲੋਕਾਂ ਦਾ ਮੰਨਣਾ ਹੈ ਕਿ ਲਾਪਤਾ ਸਵਾਰੀਆਂ ਦੇ ਕੁਝ ਮਿ੍ਰਤਕ ਸਰੀਰ ਨਾਲੇ ਦੇ ਗੰਦੇ ਪਾਣੀ ਵਿੱਚ ਵੀ ਡੁੱਬੇ ਹੋਏ ਹੋ ਸਕਦੇ ਹਨ।
ਪ੍ਰਸ਼ਾਸਨ ਨੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਣ ਲਈ ਅਪਰੇਸ਼ਨ ਚਲਾਇਆ। ਨਾਲੇ ’ਚ ਜੰਗਲੀ ਬੂਟੀ ਹੋਣ ਕਾਰਨ ਬੱਸ ਨੂੰ ਕੱਢਣ ’ਚ ਮੁਸ਼ਕਲਾਂ ਆਈਆਂ, ਜਿਸ ਲਈ ਕਰੇਨਾਂ ਦੀ ਮਦਦ ਲਈ ਗਈ।
ਜ਼ਖਮੀਆਂ ਨੂੰ ਫੌਰੀ ਹਸਪਤਾਲਾਂ ’ਚ ਭੇਜਿਆ ਗਿਆ, ਜਿਸ ਲਈ ਬਠਿੰਡਾ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਮਦਦ ਕੀਤੀ ਗਈ। ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਪਰੇ, ਐੱਸ ਐੱਸ ਪੀ ਮੈਡਮ ਅਵਨੀਤ ਕੌਂਡਲ ਅਤੇ ਤਲਵੰਡੀ ਸਾਬੋ ਦੇ ਐੱਸ ਡੀ ਐੱਮ ਸਮੇਤ ਹੋਰ ਅਧਿਕਾਰੀਆਂ ਨੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ। ਮੈਡਮ ਕੌਂਡਲ ਨੇ 8 ਸਵਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ।