ਲਾਹੌਰ : ਲਹਿੰਦੇ ਪੰਜਾਬ ਦੀ ਸਰਕਾਰ ਨੇ ਇਤਿਹਾਸਕ ਪੁੰਛ ਹਾਊਸ ਵਿਖੇ ਸ਼ਹੀਦ ਭਗਤ ਸਿੰਘ ਗੈਲਰੀ ਸੈਲਾਨੀਆਂ ਲਈ ਖੋਲ੍ਹ ਦਿੱਤੀ ਹੈ, ਜਿੱਥੇ ਕਰੀਬ 93 ਸਾਲ ਪਹਿਲਾਂ ਸ਼ਹੀਦ-ਏ-ਆਜ਼ਮ ਉਤੇ ਮੁਕੱਦਮਾ ਚਲਾਇਆ ਗਿਆ ਸੀ। ਗੈਲਰੀ ’ਚ ਇਤਿਹਾਸਕ ਦਸਤਾਵੇਜ਼ ਰੱਖੇ ਹੋਏ ਹਨ, ਜਿਨ੍ਹਾਂ ’ਚ ਤਸਵੀਰਾਂ, ਪੱਤਰ, ਅਖਬਾਰ, ਮੁਕੱਦਮੇ ਦੇ ਵੇਰਵੇ ਅਤੇ ਉਨ੍ਹਾ ਦੇ ਜੀਵਨ ਤੇ ਆਜ਼ਾਦੀ ਸੰਘਰਸ਼ ਨਾਲ ਸੰਬੰਧਤ ਹੋਰ ਯਾਦਗਾਰੀ ਲੇਖ ਸ਼ਾਮਲ ਹਨ।
ਪੰਜਾਬ ਹਕੂਮਤ ਦੇ ਮੁੱਖ ਸਕੱਤਰ ਜ਼ਾਹਿਦ ਅਖਤਰ ਜ਼ਮਾਂ ਨੇ ਸੋਮਵਾਰ ਗੈਲਰੀ ਦਾ ਉਦਘਾਟਨ ਕੀਤਾ। ਉਨ੍ਹਾ ਕਿਹਾ ਕਿ ਸੈਲਾਨੀਆਂ ਨੂੰ ਇਸ ਸੰਬੰਧੀ ਪੰਜਾਬ ਸਰਕਾਰ ਦੇ ਉਦਯੋਗ, ਵਣਜ ਅਤੇ ਸੈਰ-ਸਪਾਟਾ ਮਹਿਕਮਿਆਂ ਵਿਚਕਾਰ ਹੋਏ ਇਕਰਾਰਨਾਮੇ ਤਹਿਤ ਗੈਲਰੀ ਤੱਕ ਪਹੁੰਚ ਹਾਸਲ ਹੋਵੇਗੀ। ਉਨ੍ਹਾ ਕਿਹਾ ਕਿ ਪੁੰਛ ਹਾਊਸ ਦੀ ਇਤਿਹਾਸਕ ਇਮਾਰਤ ਨੂੰ ਇਸ ਦੇ ਅਸਲ ਰੂਪ ’ਚ ਬਹਾਲ ਕਰ ਦਿੱਤਾ ਗਿਆ ਹੈ। ਪੁੰਛ ਹਾਊਸ ਵਿਚ ਲਹਿੰਦੇ ਪੰਜਾਬ ਦਾ ਸਨਅਤੀ ਡਾਇਰੈਕਟੋਰੇਟ ਸਥਿਤ ਹੈ। ਉਨ੍ਹਾ ਕਿਹਾਗੈਲਰੀ (ਸ਼ਹੀਦ) ਭਗਤ ਸਿੰਘ ਦੀ ਆਜ਼ਾਦੀ ਲਈ ਜੱਦੋ-ਜਹਿਦ ਨੂੰ ਦਰਸਾਉਂਦੀ ਹੈ।
ਪਾਕਿਸਤਾਨੀ ਪੰਜਾਬ ਦੇ ਪੁਰਾਲੇਖ ਵਿਭਾਗ ਨੇ 2018 ’ਚ ਪਹਿਲੀ ਵਾਰ ਇਸ ਮਹਾਨ ਆਜ਼ਾਦੀ ਘੁਲਾਟੀਏ ਦੀ ਕੇਸ ਫਾਈਲ ਦੇ ਕੁਝ ਰਿਕਾਰਡ ਜੱਗ-ਜ਼ਾਹਰ ਕੀਤੇ ਸਨ, ਜਿਸ ’ਚ ਉਨ੍ਹਾ ਦਾ ਫਾਂਸੀ ਦਾ ਸਰਟੀਫਿਕੇਟ, ਪੱਤਰ, ਫੋਟੋਆਂ, ਅਖਬਾਰਾਂ ਦੀਆਂ ਕਟਿੰਗਜ਼ ਅਤੇ ਹੋਰ ਸਮਗਰੀ ਸ਼ਾਮਲ ਸੀ।
23 ਸਾਲਾ ਭਗਤ ਸਿੰਘ ਨੂੰ ਅੰਗਰੇਜ਼ ਹਾਕਮਾਂ ਨੇ 23 ਮਾਰਚ, 1931 ਨੂੰ ਲਾਹੌਰ ’ਚ ਉਸ ਦੇ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਸਣੇ ਫਾਂਸੀ ਦੇ ਦਿੱਤੀ ਸੀ। ਉਨ੍ਹਾਂ ਖਿਲਾਫ ਬਸਤੀਵਾਦੀ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਗਿਆ ਸੀ। ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਵਿਰੁੱਧ ਬਿ੍ਰਟਿਸ਼ ਪੁਲਸ ਅਧਿਕਾਰੀ ਜੌਹਨ ਪੀ ਸਾਂਡਰਸ ਦੇ ਕਤਲ ਦੇ ਦੋਸ਼ ’ਚ ਕੇਸ ਦਾਇਰ ਕੀਤਾ ਗਿਆ ਸੀ।
ਗੈਲਰੀ ਵਿਚ ਰੱਖੇ ਗਏ ਰਿਕਾਰਡ ’ਚ ਸ਼ਹੀਦ ਭਗਤ ਸਿੰਘ ਵੱਲੋਂ 27 ਅਗਸਤ, 1930 ਨੂੰ ਅਦਾਲਤ ਦਾ ਹੁਕਮ ਮੁਹੱਈਆ ਕਰਾਉਣ ਦੀ ਦਰਖ਼ਾਸਤ ਤੇ ਹੋਰ ਦਸਤਾਵੇਜ਼ ਸ਼ਾਮਲ ਹਨ। ਭਗਤ ਸਿੰਘ ਦੀ ਮੌਤ ਦੀ ਸਜ਼ਾ ਬਾਰੇ ਇੱਕ ਦਸਤਾਵੇਜ਼ ਕਹਿੰਦਾ ਹੈ : ‘‘ਮੈਂ (ਜੇਲ੍ਹ ਦਾ ਸੁਪਰਡੈਂਟ) ਇਸ ਰਾਹੀਂ ਪ੍ਰਮਾਣਤ ਕਰਦਾ ਹਾਂ ਕਿ ਭਗਤ ਸਿੰਘ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਸਹੀ ਢੰਗ ਨਾਲ ਅਮਲ ਵਿੱਚ ਲਿਆਂਦਾ ਗਿਆ ਹੈ ਅਤੇ ਉਕਤ ਭਗਤ ਸਿੰਘ ਨੂੰ 23 ਮਾਰਚ 1931 ਦੇ ਦਿਨ ਸੋਮਵਾਰ ਰਾਤ 9 ਵਜੇ ਲਾਹੌਰ ਜੇਲ੍ਹ ’ਚ ਮਰਨ ਤੱਕ ਗਲੇ ਤੋਂ ਫਾਹੇ ਟੰਗ ਕੇ ਫਾਂਸੀ ਦਿੱਤੀ ਗਈ ਸੀ। ਲਾਸ਼ ਨੂੰ ਉਦੋਂ ਤੱਕ ਨਹੀਂ ਉਤਾਰਿਆ ਗਿਆ, ਜਦੋਂ ਤੱਕ ਇੱਕ ਮੈਡੀਕਲ ਅਫਸਰ ਵੱਲੋਂ ਜਾਨ ਚਲੇ ਜਾਣ ਦੀ ਤਸਦੀਕ ਨਹੀਂ ਕੀਤੀ ਗਈ ਅਤੇ ਇਹ ਕਿ ਕੋਈ ਹਾਦਸਾ, ਗਲਤੀ ਜਾਂ ਹੋਰ ਕੋਈ ਦੁਰਘਟਨਾ ਨਹੀਂ ਹੋਈ। ਇਨਕਲਾਬੀ ਯੋਧੇ ਨੇ ਆਪਣੀ ਹਰ ਅਰਜ਼ੀ ਨੂੰ ਰਵਾਇਤੀ ‘ਤੁਹਾਡਾ ਸੱਚਾ’ ਜਾਂ ‘ਆਗਿਆਕਾਰੀ’ ਨਾਲ ਖਤਮ ਨਹੀਂ ਕੀਤਾ ਅਤੇ ਇਸ ਦੀ ਬਜਾਏ ਉਸ ਨੇ ‘ਤੁਹਾਡਾ ਆਦਿ-ਆਦਿ’ ਸ਼ਬਦਾਂ ਦੀ ਚੋਣ ਕੀਤੀ।’’
ਕੇਸ ਫਾਈਲਾਂ ’ਚ ਇਹ ਵੀ ਦਸਤਾਵੇਜ਼ ਹਨ ਕਿ ਕਿਵੇਂ ਬਿ੍ਰਟਿਸ਼ ਇੰਡੀਆ ਪੁਲਸ ਅਤੇ ਏਜੰਸੀਆਂ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 24 ਤੋਂ 25 ਮੈਂਬਰਾਂ ਵਾਲੀ ਭਗਤ ਸਿੰਘ ਦੀ ਟੀਮ ਦਾ ਪਰਦਾ ਫਾਸ਼ ਕੀਤਾ ਸੀ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਅਤੇ ਨੌਜਵਾਨ ਭਾਰਤ ਸਭਾ ਨਾਲ ਉਨ੍ਹਾ ਦੇ ਸੰਬੰਧ ਸਾਬਤ ਕੀਤੇ ਸਨ। ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਐਡਵੋਕੇਟ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਮੰਗਲਵਾਰ ਦੱਸਿਆ ਕਿ ਕਿਉਂਕਿ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਗੈਲਰੀ ਖੋਲ੍ਹ ਦਿੱਤੀ ਹੈ, ਇਸ ਲਈ ਸਰਕਾਰ ਨੂੰ ਸ਼ਾਦਮਾਨ ਚੌਕ (ਜਿੱਥੇ ਸ਼ਹੀਦਾਂ ਨੂੰ ਫਾਂਸੀ ਦਿੱਤੀ ਗਈ ਸੀ) ਦਾ ਨਾਂਅ ਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂਅ ’ਤੇ ਰੱਖਣਾ ਚਾਹੀਦਾ ਹੈ। ਉਨ੍ਹਾ ਕਿਹਾਅਸੀਂ ਇਸ ਲਈ ਸਰਕਾਰ ’ਤੇ ਦਬਾਅ ਪਾਉਂਦੇ ਰਹਾਂਗੇ।