ਵਾਸ਼ਿੰਗਟਨ : ਮੁਹੰਮਦ ਮੁਈਜ਼ੂ ਦੇ ਮਾਲਦੀਵ ਦਾ ਰਾਸ਼ਟਰਪਤੀ ਚੁਣੇ ਜਾਣ ਦੇ ਬਾਅਦ ਭਾਰਤ ਨੇ 2023 ਦੇ ਅੰਤ ਵਿੱਚ ਉਸ ਨੂੰ ਸੱਤਾ ਤੋਂ ਬੇਦਖਲ ਕਰਨ ਦੀ ਰਣਨੀਤੀ ’ਤੇ ਥੋੜ੍ਹਾ ਚਿਰ ਕੰਮ ਕੀਤਾ ਸੀ। ਇਹ ਦਾਅਵਾ ਅਖਬਾਰ ‘ਦੀ ਵਾਸ਼ਿੰਗਟਨ ਪੋਸਟ’ ਨੇ ਕੀਤਾ ਹੈ।
ਮੁਈਜ਼ੂ ਵੱਲੋਂ ਚੋਣ ਪ੍ਰਚਾਰ ਦੌਰਾਨ ਭਾਰਤੀ ਫੌਜਾਂ ਨੂੰ ਦੇਸ਼ ਵਿੱਚੋਂ ਕੱਢਣ ਤੇ ਚੀਨ ਨਾਲ ਸੰਬੰਧ ਮਜ਼ਬੂਤ ਬਣਾਉਣ ਦੇ ਵਾਅਦੇ ਨੇ ਹਿੰਦ ਮਹਾਸਾਗਰ ਖਿੱਤੇ ਵਿੱਚ ਅਹਿਮ ਭਾਈਵਾਲ ਮਾਲਦੀਵ ’ਚ ਭਾਰਤ ਦੇ ਪ੍ਰਭਾਵ ਨੂੰ ਵੱਡਾ ਚੈਲੰਜ ਪੇਸ਼ ਕਰ ਦਿੱਤਾ ਸੀ। ਮਾਲਦੀਵ ਨਾਜ਼ੁਕ ਸਮੁੰਦਰੀ ਰਾਹਾਂ ’ਤੇ ਸਥਿਤ ਹੈ, ਜਿਸ ਕਰਕੇ ਉਹ ਭਾਰਤ ਤੇ ਚੀਨ ਵਿਚਾਲੇ ਜਾਰੀ ਰਕਾਬਤ ਵਿੱਚ ਭੜਾਕਾ ਪਾਉਣ ਵਾਲਾ ਨੁਕਤਾ ਬਣ ਸਕਦਾ ਹੈ। ਅਖਬਾਰ ਮੁਤਾਬਕ ਭਾਰਤ ਦੀ ਇੰਟੈਲੀਜੈਂਸ ਏਜੰਸੀ ਰਾਅ (ਰਿਸਰਚ ਐਂਡ ਅਨੈਲੇਸਿਜ਼ ਵਿੰਗ) ਨੇ ਮੁਈਜ਼ੂ ਨੂੰ ਹਟਾਉਣ ਲਈ ‘ਜਮਹੂਰੀ ਸੁਰਜੀਤੀ ਪਹਿਲਕਦਮੀ’ ਨਾਂਅ ਦੀ ਯੋਜਨਾ ’ਤੇ ਕੰਮ ਕੀਤਾ। ਇਸ ਯੋਜਨਾ ਤਹਿਤ ਮੁਈਜ਼ੂ ਖਿਲਾਫ ਸੰਸਦ ’ਚ ਮਹਾਦੋਸ਼ ਦਾ ਮਤਾ ਪਾਸ ਕਰਾਉਣ ਲਈ ਮੁਈਜ਼ੂ ਦੀ ਪਾਰਟੀ ਸਣੇ 40 ਸਾਂਸਦਾਂ ਨੂੰ ਰਿਸ਼ਵਤ ਦਿੱਤੀ ਜਾਣੀ ਸੀ। ਯੋਜਨਾ ਦੀ ਕਾਮਯਾਬੀ ਲਈ ਸੀਨੀਅਰ ਫੌਜੀ ਤੇ ਪੁਲਸ ਅਫਸਰਾਂ ਦੇ ਨਾਲ-ਨਾਲ ਅਪਰਾਧੀ ਗ੍ਰੋਹਾਂ ਦੀ ਹਮਾਇਤ ਵੀ ਯਕੀਨੀ ਬਣਾਈ ਜਾਣੀ ਸੀ। ਇਹ ਅਪ੍ਰੇਸ਼ਨ 60 ਲੱਖ ਡਾਲਰਾਂ ਦਾ ਸੀ। ਜਨਵਰੀ 2024 ਵਿੱਚ ਏਜੰਟਾਂ ਨੇ ਰਾਅ ਦੀ ਤਰਫੋਂ ਮੁਈਜ਼ੂ ਨੂੰ ਹਟਾਉਣ ਲਈ ਮਾਲਦੀਵ ਦੇ ਆਪੋਜ਼ੀਸ਼ਨ ਆਗੂਆਂ ਨਾਲ ਗੱਲਾਂਬਾਤਾਂ ਸ਼ੁਰੂ ਕਰ ਦਿੱਤੀਆਂ ਸਨ।
ਭਾਰਤ ਤੇ ਚੀਨ ਮਾਲਦੀਵ ਨੂੰ ਆਪਣੀਆਂ ਖੇਤਰੀ ਰਣਨੀਤੀਆਂ ਦਾ ਪ੍ਰਮੁੱਖ ਮੋਹਰਾ ਸਮਝਦੇ ਹਨ। ਭਾਰਤ ਲਈ ਮਾਲਦੀਵ ਵਿੱਚ ਆਪਣਾ ਪ੍ਰਭਾਵ ਰੱਖਣਾ ਆਰਥਿਕ ਸਥਿਰਤਾ ਤੇ ਸੁਰੱਖਿਆ ਲਈ ਜ਼ਰੂਰੀ ਹੈ। ਉੱਥੇ ਚੀਨ ਦੀ ਤਕੜੀ ਮੌਜੂਦਗੀ ਭਾਰਤ ਦੇ ਸਮੁੰਦਰੀ ਹਿੱਤਾਂ ’ਤੇ ਦੂਰਰਸ ਅਸਰ ਪਾ ਸਕਦੀ ਹੈ।
ਮਾਲਦੀਵ ਦੇ ਵਿਰੋਧੀ ਸਿਆਸਤਦਾਨਾਂ ਨੇ ਮੁਈਜ਼ੂ ਨੂੰ ਮਹਾਦੋਸ਼ ਲਾ ਕੇ ਸੱਤਾ ਤੋਂ ਬੇਦਖਲ ਕਰਨ ਲਈ ਉਸ ਦੀ ਪਾਰਟੀ ਦੇ ਸਾਂਸਦਾਂ ਸਣੇ 40 ਸਾਂਸਦਾਂ ਨੂੰ ਰਿਸ਼ਵਤ ਦੇਣ ਬਾਰੇ ਵਿਸਤਿ੍ਰਤ ਯੋਜਨਾਬੰਦੀ ਕੀਤੀ। ਇਸ ਯੋਜਨਾ ਤਹਿਤ 10 ਸੀਨੀਅਰ ਫੌਜੀ ਤੇ ਪੁਲਸ ਅਫਸਰਾਂ ਤੇ ਤਿੰਨ ਵੱਡੇ ਅਪਰਾਧੀ ਗ੍ਰੋਹਾਂ ਨੂੰ ਵੀ ਰਿਸ਼ਵਤ ਦਿੱਤੀ ਜਾਣੀ ਸੀ। ਸਾਜ਼ਿਸ਼ਘਾੜਿਆਂ ਨੇ ਇਸ ਲਈ 870 ਲੱਖ ਮਾਲਦੀਵੀ ਰੁਫੀਆ (60 ਲੱਖ ਡਾਲਰ) ਮੰਗੇ, ਜਿਹੜੇ ਕਿ ਭਾਰਤ ਨੇ ਦੇਣੇ ਸਨ, ਪਰ ਕਈ ਮਹੀਨਿਆਂ ਦੀ ਕਸਰਤ ਤੋਂ ਬਾਅਦ ਸਾਜ਼ਿਸ਼ਘਾੜੇ ਸਾਂਸਦਾਂ ਦੀ ਹਮਾਇਤ ਜੁਟਾਉਣ ’ਚ ਨਾਕਾਮ ਰਹੇ ਤੇ ਆਖਰ ਭਾਰਤ ਨੇ ਪੈਸੇ ਦੇਣ ਜਾਂ ਯੋਜਨਾ ਦੀ ਪੈਰਵੀ ਕਰਨ ਤੋਂ ਹੱਥ ਖਿੱਚ ਲਿਆ। ਅਖਬਾਰ ਮੁਤਾਬਕ ਵਿਸ਼ਲੇਸ਼ਕਾਂ ਦਾ ਵਿਸ਼ਵਾਸ ਹੈ ਕਿ ਮਾਲਦੀਵ ਨੂੰ ਅਸਥਿਰ ਕਰਨ ਜਾਂ ਉਸ ਨਾਲ ਦੂਤਕ ਸੰਬੰਧ ਵਿਗਾੜਨਾ ਭਾਰਤ ਨੂੰ ਕਿਸੇ ਸੰਭਾਵਤ ਫਾਇਦੇ ਨਾਲੋਂ ਜ਼ਿਆਦਾ ਮਹਿੰਗਾ ਪੈਣਾ ਸੀ। ਰਾਜਧਾਨੀ ਮਾਲੇ ਵਿੱਚ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੂੰ ਨਿਯਮਤ ਤੌਰ ’ਤੇ ਮਿਲਣ ਵਾਲੇ ਇੱਕ ਸਿਆਸਤਦਾਨ ਨੇ ਇੰਕਸ਼ਾਫ ਕੀਤਾ ਕਿ ਦੂਤਘਰ ਵਿੱਚ ਰਾਅ ਦੇ ਅਧਿਕਾਰੀ ਨੇ ਮਹਾਦੋਸ਼ ਦੀ ਸਫਲਤਾ ਬਾਰੇ ਨਿੱਜੀ ਤੌਰ ’ਤੇ ਤੌਖਲੇ ਪ੍ਰਗਟਾਏ ਸਨ। ਅਖਬਾਰ ਮੁਤਾਬਕ ਭਾਰਤੀ ਅਧਿਕਾਰੀ ਡਰਦੇ ਸਨ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਨੂੰ ਹਟਾਉਣ ਨਾਲ ਮਾਲਦੀਵ ਅਸਥਿਰ ਹੋ ਸਕਦਾ ਹੈ। ਇਸ ਨਾਲ ਸਿਆਸੀ ਤੌਰ ’ਤੇ ਪਹਿਲਾਂ ਹੀ ਅਸਥਿਰ ਦੇਸ਼ ਧਾਰਮਿਕ ਅੱਤਵਾਦ ਦੇ ਬੂਥੇ ਪੈ ਸਕਦਾ ਹੈ। ਆਪੋਜ਼ੀਸ਼ਨ ਐੱਮ ਡੀ ਪੀ ਦੇ ਮੈਂਬਰ ਤੇ ਸੰਸਦ ਦੇ ਸਾਬਕਾ ਸਪੀਕਰ ਮੁਹੰਮਦ ਅਸਲਮ ਨੇ ਅਖਬਾਰ ਨੂੰ ਦੱਸਿਆ ਕਿ ਭਾਰਤ ਨਹੀਂ ਚਾਹੁੰਦਾ ਕਿ ਉਸ ਦਾ ਗੁਆਂਢੀ ਦੇਸ਼ ਦੀਵਾਲੀਆ ਹੋ ਜਾਵੇ। ਜੇ ਇਸ ਦੀ ਆਰਥਿਕਤਾ ਢਹਿ-ਢੇਰੀ ਹੋ ਗਈ ਤਾਂ ਇਸ ਨੂੰ ਅੱਤਵਾਦ ਵਰਗੀਆਂ ਹੋਰ ਸਮੱਸਿਆਵਾਂ ਘੇਰ ਸਕਦੀਆਂ ਸਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਭਾਰਤ ਨੇ ਸਿੱਧੇ ਟਕਰਾਅ ਦੀ ਥਾਂ ਚੀਨ ਨਾਲ ਰਕਾਬਤ ਨਾਲ ਦੂਜੇ ਢੰਗ ਨਾਲ ਸਿੱਝਣ ਵਿੱਚ ਹੀ ਸਿਆਣਪ ਸਮਝੀ।
ਅਖਬਾਰ ਮੁਤਾਬਕ ਇਹ ਪ੍ਰਸੰਗ ਦਰਸਾਉਦਾ ਹੈ ਕਿ ਹਿੰਦ ਮਹਾਸਾਗਰ ’ਚ ਪ੍ਰਭਾਵ ਬਣਾਉਣ ਲਈ ਕਿੰਨੀ ਮੁਕਾਬਲੇਬਾਜ਼ੀ ਚੱਲ ਰਹੀ ਹੈ। ਚੀਨ ਨੇ ਆਪਣੇ ‘ਬੈਲਟ ਐਂਡ ਰੋਡ ਇਨੀਸ਼ੀਏਟਿਵ’ ਨਾਲ ਮਾਲਦੀਵ ’ਚ ਕਾਫੀ ਪ੍ਰਭਾਵ ਬਣਾ ਲਿਆ ਹੈ। ਉਸ ਨੇ ਇੱਕ 20 ਕਰੋੜ ਡਾਲਰ ਦੇ ਪੁਲ ਸਣੇ ਕਈ ਪ੍ਰਮੁੱਖ ਬੁਨਿਆਦੀ ਢਾਂਚਿਆਂ ’ਚ ਪੈਸੇ ਲਾਏ ਹਨ। ਇਨ੍ਹਾਂ ਪੋ੍ਰਜੈਕਟਾਂ ਨੇ ਟਾਪੂ ਰਾਸ਼ਟਰ ’ਚ ਚੀਨ ਦੇ ਫੌਜੀ ਤੇ ਜਾਸੂਸੀ ਅਪ੍ਰੇਸ਼ਨਾਂ ਬਾਰੇ ਭਾਰਤ ਲਈ ਚਿੰਤਾਵਾਂ ਪੈਦਾ ਕੀਤੀਆਂ ਹਨ। ਮਾਲਦੀਵ ਦੇ ਰਵਾਇਤੀ ਤੌਰ ’ਤੇ ਕਾਫੀ ਕਰੀਬੀ ਰਿਹਾ ਭਾਰਤ ਆਪਣੇ ਪੱਖੀ ਆਗੂਆਂ ਮੁਹੰਮਦ ਨਾਸ਼ੀਦ ਤੇ ਇਬਰਾਹੀਮ ਸੋਲਿਹ ਦੀ ਪਿੱਠ ’ਤੇ ਰਿਹਾ ਹੈ। ਪਰ ਮੁਈਜ਼ੂ ਦੇ ਰਾਸ਼ਟਰਪਤੀ ਬਣਨ ਨਾਲ ਭਾਰਤ ਖਿੱਤੇ ’ਚ ਨਵੀਆਂ ਚੁਣੌਤੀਆਂ ਮਹਿਸੂਸ ਕਰਦਾ ਹੈ। ਚੀਨ ਤੇ ਭਾਰਤ ਦੋਵੇਂ ਹੀ ਮਾਲਦੀਵ ਨੂੰ ਰਣਨੀਤਕ ਅਸਾਸਾ ਸਮਝਦੇ ਹਨ, ਜਿਸ ਕਰਕੇ ਉਥੇ ਸਿਆਸੀ ਪ੍ਰਭਾਵ ਬਣਾਉਣ ਲਈ ਉਸ ਨੂੰ ਕਰਜ਼ੇ ਦਿੰਦੇ ਹਨ ਤੇ ਬੁਨਿਆਦੀ ਢਾਂਚਿਆਂ ਦੇ ਨਿਰਮਾਣ ਵਿੱਚ ਪੈਸੇ ਲਾਉਦੇ ਹਨ। ਭਾਰਤ ਨੇ 2023 ਦੀਆਂ ਚੋਣਾਂ ਵੇਲੇ ਮੁਈਜ਼ੂ ਦੇ ਮੁਕਾਬਲੇ ਆਪੋਜ਼ੀਸ਼ਨ ਮਾਲਦੀਵੀਅਨ ਡੈਮੋਕਰੇਟਿਕ ਪਾਰਟੀ (ਐੱਮ ਡੀ ਪੀ) ਦੀ ਮਦਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਜਦੋਂ ਐੱਮ ਡੀ ਪੀ ਉਮੀਦਵਾਰ ਹਾਰ ਗਿਆ ਤਾਂ ਭਾਰਤ ਆਪਣੀ ਰਣਨੀਤੀ ’ਤੇ ਨਜ਼ਰਸਾਨੀ ਕਰਨ ਲਈ ਮਜਬੂਰ ਹੋ ਗਿਆ। ਮੁਈਜ਼ੂ ਦੀ ਜਿੱਤ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੇ ਉਸ ਨੂੰ ਸੱਤਾ ਤੋਂ ਹਟਾਉਣ ਲਈ ਢੰਗ ਤਲਾਸ਼ੇ, ਪਰ ਲੋੜੀਂਦੇ ਸਾਂਸਦਾਂ ਦੀ ਹਮਾਇਤ ਨਾ ਮਿਲਣ ’ਤੇ ਕੋਸ਼ਿਸ਼ਾਂ ਫੇਲ੍ਹ ਹੋ ਗਈਆਂ। ਮੁਈਜ਼ੂ ਨੇ ਜਿੱਤ ਤੋਂ ਬਾਅਦ ਸਭ ਤੋਂ ਪਹਿਲਾ ਦੌਰਾ ਤੁਰਕੀ ਦਾ ਕਰਕੇ ਇੱਕ ਤਰ੍ਹਾਂ ਨਾਲ ਭਾਰਤ ਨੂੰ ਖਬਰਦਾਰ ਕਰ ਦਿੱਤਾ ਸੀ। ਤੁਰਕੀ ਨਾਲ ਭਾਰਤ ਦੇ ਰਿਸ਼ਤੇ ਦੋਸਤਾਨਾ ਨਹੀਂ ਹਨ। ਦੂਜਾ ਦੌਰਾ ਉਸ ਨੇ ਚੀਨ ਦਾ ਕੀਤਾ, ਜਿੱਥੇ ਰਾਸ਼ਟਰਪਤੀ ਜ਼ੀ ਜਿਨਪਿੰਗ ਤੇ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ, ਪਰ 2024 ਦੇ ਅਖੀਰ ’ਤੇ ਮੁਈਜ਼ੂ ਨੇ ਪੁਜ਼ੀਸ਼ਨ ’ਤੇ ਤਬਦੀਲੀ ਲਿਆਂਦੀ, ਜਦੋਂ ਨਵੀਂ ਦਿੱਲੀ ਦੇ ਦੌਰੇ ਦੌਰਾਨ ਉਸ ਨੇ ਭਾਰਤ ਨੂੰ ਕੀਮਤੀ ਭਾਈਵਾਲ ਦੱਸਿਆ। ਹੁੰਗਾਰੇ ਵਿੱਚ ਭਾਰਤ ਨੇ ਉਸ ਨੂੰ ਮਿਲਟਰੀ ਤੇ ਡਿਫੈਂਸ ਪ੍ਰੋਜੈਕਟਾਂ ’ਚ ਸਹਾਇਤਾ ਦਾ ਪ੍ਰਣ ਕੀਤਾ ਤੇ ਇਸ ਤਰ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ’ਚ ਨਿੱਘ ਆਇਆ। ਮਾਹਰਾਂ ਦਾ ਕਹਿਣਾ ਹੈ ਕਿ ਮੁਈਜ਼ੂ ਨੇ ਸੁਰ ਕਿਸੇ ਬਾਹਰੀ ਦਬਾਅ ਕਾਰਨ ਨਹੀਂ, ਸਗੋਂ ਆਪਣੀਆਂ ਆਰਥਿਕ ਹਕੀਕਤਾਂ ਕਾਰਨ ਧੀਮੀ ਕੀਤੀ, ਕਿਉਕਿ ਮਾਲਦੀਵ ਭਾਰਤੀ ਮਾਲੀ ਮਦਦ ਤੇ ਵਪਾਰ ’ਤੇ ਕਾਫੀ ਨਿਰਭਰ ਕਰਦਾ ਹੈ। ਮੁਈਜ਼ੂ ਦੀ ਪਾਰਟੀ ਦੇ ਇੱਕ ਆਗੂ ਨੇ ਕਿਹਾ ਕਿ ਰਾਸ਼ਟਰਪਤੀ ਨੇ ਕਿਸੇ ਡਰੋਂ ਨਹੀਂ, ਸਗੋਂ ਮਾਲੀ ਲੋੜ ਕਾਰਨ ਸੁਰ ਬਦਲੀ। 2024 ਦੇ ਸ਼ੁਰੂ ’ਚ ਸਟੇਟ ਬੈਂਕ ਆਫ ਇੰਡੀਆ ਨੇ 10 ਕਰੋੜ ਡਾਲਰ ਦੇ ਕਰਜ਼ੇ ਦੀਆਂ ਅਦਾਇਗੀਆਂ ਅੱਗੇ ਪਾ ਦਿੱਤੀਆਂ। ਚੀਨ ਨੇ ਸੰਕੇਤ ਦਿੱਤੇ ਕਿ ਉਹ ਅਜਿਹੀਆਂ ਰਿਆਇਤਾਂ ਨਹੀਂ ਦੇਵੇਗਾ। ਮਾਲਦੀਵ ਸਿਰ ਚੀਨ ਤੇ ਭਾਰਤ ਦਾ 8 ਅਰਬ ਡਾਲਰ ਦਾ ਕਰਜ਼ਾ ਹੈ। ਇਹ ਉਸ ਦੀ ਕੁਲ ਘਰੇਲੂ ਪੈਦਾਵਾਰ ਦਾ 120 ਫੀਸਦੀ ਬਣਦਾ ਹੈ। ਅਮਰੀਕੀ ਅਖਬਾਰ ਦਾ ਦਾਅਵਾਭਾਰਤ ਨੇ ਮੁਈਜ਼ੂ ਨੂੰ ਸੱਤਾ ਤੋਂ ਲਾਹੁਣ ਦੀ ਗੋਂਦ ਗੁੰਦੀ ਸੀ