‘ਮੈਨੂੰ ਟੰਗ ਕੇ ਰੱਖਣ ਲਈ ਜਾਂਚ ਕਮੇਟੀ ਦਾ ਸਮਾਂ ਵਧਾਇਆ’

0
74

ਤਲਵੰਡੀ ਸਾਬੋ : ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾ ਦੇ ਮਾਮਲੇ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਨੂੰ ਇੱਕ ਮਹੀਨੇ ਦਾ ਹੋਰ ਸਮਾਂ ਦੇਣ ’ਤੇ ਇੱਕ ਵੀਡੀਓ ਬਿਆਨ ਜਾਰੀ ਕਰ ਕੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾ ਕਿਹਾਮੇਰੇ ਖਿਲਾਫ ਜਿਹੜੀ ਅਣਅਧਿਕਾਰਤ ਜਾਂਚ ਕਮੇਟੀ ਬਣਾਈ ਸੀ, ਉਸ ਦਾ ਇੱਕ ਮਹੀਨੇ ਦਾ ਸਮਾਂ ਨਹੀਂ ਵਧਾਇਆ ਗਿਆ, ਬਲਕਿ ਮੇਰਾ ਇੱਕ ਮਹੀਨੇ ਦਾ ਸਮਾਂ ਵਧਾਇਆ ਗਿਐ ਕਿ ਤੈਨੂੰ ਇਸੇ ਤਰ੍ਹਾਂ ਲਟਕਾ ਕੇ ਰੱਖਾਂਗੇ, ਨਾ ਜਿਉਂਦਿਆਂ ’ਚ ਅਤੇ ਨਾ ਮਰਿਆਂ ’ਚ ਛੱਡਾਂਗੇ। ਮੇਰੇ ਖਿਲਾਫ ਜੋ ਦੋਸ਼ ਲਾਏ ਹਨ, ਉਸ ਅਧੀਨ ਭਾਵੇਂ ਮੇਰੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣ, ਪਰ ਮੈਂ ਘਬਰਾਉਣ ਵਾਲਿਆਂ ’ਚ ਨਹੀ, ਮੈਂ ਅਡੋਲ ਸੀ ਅਤੇ ਅਡੋਲ ਰਹਾਂਗਾ।
ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਮੌਕੇ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਅਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਜੇਕਰ ਇਹ ਬਚਦੀ ਹੈ ਤਾਂ ਇਸ ਨੂੰ ਬਚਾਉਣਾ ਚਾਹੀਦਾ ਹੈ। ਉਨ੍ਹਾ ਬਿਨਾਂ ਕਿਸੇ ਦਾ ਨਾਂਅ ਲਏ ਕਿਹਾ ਕਿ ਵਿਅਕਤੀ ਕਦੇ ਪਾਰਟੀਆਂ ਨਹੀ ਹੁੰਦੀਆਂ, ਵਿਅਕਤੀ ਆਉਂਦੇ-ਜਾਂਦੇ ਰਹਿੰਦੇ ਹਨ, ਬੰਦੇ ਚਲੇ ਜਾਣਗੇ, ਪਰ ਅਕਾਲੀ ਦਲ ਰਹੇਗਾ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਓ। ਨਾਲ ਹੀ ਉਨ੍ਹਾ ਇਹ ਵੀ ਕਿਹਾ ਕਿ ਅਕਾਲੀ ਦਲ ਉਸ ਸੂਰਤ ’ਚ ਬਚੇਗਾ, ਜੇ ਸਾਡੀਆਂ ਪ੍ਰੰਪਰਾਵਾਂ ਬਚਣਗੀਆਂ ਅਤੇ ਸਾਡੀਆਂ ਮਰਿਆਦਾਵਾਂ ਬਚਣਗੀਆਂ। ਉਨ੍ਹਾ ਸਮੁੱਚੇ ਸਿੱਖ ਪੰਥ ਨੂੰ ਵੀ ਸੰਬੋਧਨ ਹੁੰਦਿਆਂ ਕਿਹਾਤੁਸੀਂ ਅਕਸਰ ਹੀ ਤਾਹਨਾ ਜਾਂ ਉਲ੍ਹਾਂਭਾ ਦਿੰਦੇ ਸੀ ਕਿ ਜਥੇਦਾਰ ਅਜਿਹਾ ਹੋਣਾ ਚਾਹੀਦੈ, ਜਿਸ ’ਚ ਹਿੰਮਤ ਹੋਵੇ, ਦਿ੍ਰੜ੍ਹਤਾ ਹੋਵੇ, ਦਲੇਰੀ ਹੋਵੇ। ਜਿਵੇਂ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਟਿਹਰੇ ’ਚ ਖੜ੍ਹਾ ਕੀਤਾ। ਹੁਣ ਜੇਕਰ ਅਸੀਂ ਅਜਿਹਾ ਕੀਤੈ ਤਾਂ ਉਸ ਦੀ ਸਜ਼ਾ ਭੁਗਤ ਰਹੇ ਹਾਂ। ਇਹ ਸਜ਼ਾ ਸਾਡੇ ਲਈ ਸਜ਼ਾ ਬਣ ਕੇ ਨਾ ਰਹਿ ਜਾਵੇ, ਇਸ ਲਈ ਸਮੁੱਚੇ ਪੰਥ ਨੂੰ ਅਪੀਲ ਹੈ ਕਿ ਜਿਹੜੇ ਫੇਕ ਪੇਜ ਬਣਾ ਕੇ ਉਸ ਤੋਂ ਗੰਦੀਆਂ ਗੱਲਾਂ ਸਾਡੇ ਖਿਲਾਫ ਕਰਦੇ ਨੇ ਸਮੁੱਚਾ ਖਾਲਸਾ ਪੰਥ ਉਨ੍ਹਾਂ ਖਿਲਾਫ ਲਾਮਬੰਦ ਹੋਵੇ।