ਪਟਨਾ : ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਸੁਲ੍ਹਾ ਦੀ ਗੱਲ ਕਹਿਣ ਤੋਂ ਬਾਅਦ ਬਿਹਾਰ ’ਚ ਸਿਆਸੀ ਮਾਹੌਲ ਗਰਮਾ ਗਿਆ ਹੈ। ਬੁੱਧਵਾਰ ਰਾਤ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਤੋਂ ਪੱਤਰਕਾਰਾਂ ਨੇ ਜਦ ਪੁੱਛਿਆ ਕਿ ਕੀ ਉਨ੍ਹਾ ਦਾ ਦਰਵਾਜ਼ਾ ਨਿਤੀਸ਼ ਲਈ ਖੁੱਲ੍ਹਾ ਹੈ, ਲਾਲੂ ਨੇ ਕਿਹਾਮੇਰਾ ਦਰਵਾਜ਼ਾ ਸਦਾ ਲਈ ਖੁੱਲ੍ਹਾ ਹੈ। ਨਿਤੀਸ਼ ਕੁਮਾਰ ਨੂੰ ਵੀ ਆਪਣਾ ਦਰਵਾਜ਼ਾ ਖੁੱਲ੍ਹਾ ਰੱਖਣਾ ਚਾਹੀਦਾ ਹੈ।
ਇਹ ਪੁੱਛੇ ਜਾਣ ’ਤੇ ਕਿ ਜੇ ਨਿਤੀਸ਼ ਮਹਾਂਗੱਠਬੰਧਨ ਵਿੱਚ ਪਰਤਦੇ ਹਨ ਤਾਂ ਉਹ ਉਨ੍ਹਾ ਨੂੰ ਮੁਆਫ ਕਰ ਦੇਣਗੇ, ਲਾਲੂ ਨੇ ਕਿਹਾਮੁਆਫ ਕਰਨਾ ਮੇਰਾ ਕੰਮ। ਜੇ ਉਹ ਪਰਤਦੇ ਹਨ ਤਾਂ ਮੈਂ ਕਿਸੇ ਸਮੱਸਿਆ ਦੇ ਮੁਆਫ ਕਰ ਦੇਵਾਂਗਾ। ਹਰ ਕੋਈ ਮਿਲ ਕੇ ਕੰਮ ਕਰੇਗਾ।
ਹਾਲਾਂਕਿ ਲਾਲੂ ਨਿਤੀਸ਼ ਨੂੰ ਮੁਆਫ ਕਰਨ ਲਈ ਤਿਆਰ ਹਨ, ਪਰ ਉਨ੍ਹਾ ਦੇ ਸਾਬਕਾ ਉਪ ਮੁੱਖ ਮੰਤਰੀ ਪੁੱਤਰ ਤੇਜਸਵੀ ਨਿਤੀਸ਼ ਨਾਲ ਮਿਲਣ ਲਈ ਤਿਆਰ ਨਹੀਂ। ਵੀਰਵਾਰ ਬਿਹਾਰ ਦੇ ਨਵੇਂ ਗਵਰਨਰ ਆਰਿਫ ਮੁਹੰਮਦ ਖਾਨ ਦੇ ਸਹੁੰ ਚੁੱਕ ਸਮਾਗਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾਨਿਤੀਸ਼ ਵਿੱਚ ਹੁਣ ਕੁਝ ਨਹੀਂ ਬਚਿਆ। ਬਿਹਾਰ ਦੇ ਲੋਕ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਇਸ ਵਾਰ ਅਸੀਂ ਆਪਣੇ ਦਮ ’ਤੇ ਸਰਕਾਰ ਬਣਾਵਾਂਗੇ।
ਦਰਅਸਲ ਹੰਢੇ ਹੋਏ ਸਿਆਸਤਦਾਨ ਲਾਲੂ ਨਿਤੀਸ਼ ਕੁਮਾਰ ਦੀ ਰਣਨੀਤਕ ਅਹਿਮੀਅਤ ਸਮਝਦੇ ਹਨ, ਪਰ ਤੇਜਸਵੀ ਆਪਣੀ ਤੋਰੇ ਤੁਰਨਾ ਚਾਹੁੰਦੇ ਹਨ। ਉਨ੍ਹਾ ਨੂੰ ਭਰੋਸਾ ਹੈ ਕਿ ਚੋਣਾਂ ਵਿੱਚ ਲੋਕ ਉਨ੍ਹਾ ਨੂੰ ਜਿਤਾਉਣਗੇ। ਬਿਹਾਰ ਵਿੱਚ ਇਸ ਸਾਲ ਅਸੰਬਲੀ ਚੋਣਾਂ ਹੋਣੀਆਂ ਹਨ। ਰਾਜਦ ਤੇ ਐੱਨ ਡੀ ਏ ਆਗੂ ਸੂਬੇ ਦੇ ਦੌਰੇ ਕਰ ਰਹੇ ਹਨ।





