ਮਹਾਂ-ਪੰਚਾਇਤ ਲਈ ਜਾਂਦਿਆਂ ਹਾਦਸੇ ’ਚ 3 ਕਿਸਾਨ ਬੀਬੀਆਂ ਸ਼ਹੀਦ

0
170

ਭਗਤਾ ਭਾਈਕਾ (ਰਾਜੀਵ ਗੋਇਲ)
ਪਿੰਡ ਕੋਠਾਗੁਰੂ (ਜ਼ਿਲ੍ਹਾ ਬਠਿੰਡਾ) ਤੋਂ ਟੋਹਾਣਾ (ਹਰਿਆਣਾ) ਕਿਸਾਨ ਮਹਾਂ-ਪੰਚਾਇਤ ’ਚ ਸ਼ਾਮਲ ਹੋਣ ਜਾ ਰਹੀ ਭਾਕਿਯੂ (ਏਕਤਾ-ਉਗਰਾਹਾਂ) ਦੀ ਬੱਸ ਹੰਢਿਆਇਆ ਵਿਖੇ ਪਲਟ ਗਈ। ਇਸ ਭਿਆਨਕ ਹਾਦਸੇ ’ਚ ਜਸਵੀਰ ਕੌਰ ਪਤਨੀ ਜੀਤ ਸਿੰਘ, ਸਰਬਜੀਤ ਕੌਰ ਪਤਨੀ ਸੁੱਖਾ ਨੰਬਰਦਾਰ ਅਤੇ ਬਲਵੀਰ ਕੌਰ ਪਤਨੀ ਬੰਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਰਬਜੀਤ ਕੌਰ ਨਗਰ ਪੰਚਾਇਤ ਕੋਠਾਗੁਰੂ ਦੇ ਸਾਬਕਾ ਪ੍ਰਧਾਨ ਮੇਵਾ ਸਿੰਘ ਮਾਨ ਦੀ ਚਾਚੀ ਸੀ। ਬੱਸ ਵਿੱਚ 41 ਜਣੇ ਸਵਾਰ ਸਨ। 6 ਗੰਭੀਰ ਜ਼ਖਮੀਆਂ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵਿਚ ਰੈਫਰ ਕੀਤਾ ਗਿਆ, ਜਦਕਿ 32 ਦਾ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ। ਇੱਕ ਹੋਰ ਹਾਦਸੇ ’ਚ ਭਾਕਿਯੂ ਸਿੱਧੂਪੁਰ ਦੀ ਡੱਲੇਵਾਲ ਤੋਂ ਖਨੌਰੀ ਜਾ ਰਹੀ ਬੱਸ ਦੀ ਬਰਨਾਲਾ-ਬਾਜਾਖਾਨਾ ਰੋਡ ’ਤੇ ਸੋਹਲ ਪੱਤੀ ਨੇੜੇ ਜ਼ਿਲ੍ਹਾ ਜੇਲ੍ਹ ਕੋਲ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ’ਚ 30 ਤੋਂ ਵੱਧ ਫੱਟੜ ਕਿਸਾਨਾਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ।