ਸਰਾਏ ਅਮਾਨਤ ਖਾਂ/ਝਬਾਲ
(ਮੱਖਣ ਮਨੋਜ/ਹਰਜਿੰਦਰ ਸੋਨੀ)
ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ, ਉੱਘੇ ਕਮਿਊਨਿਸਟ ਆਗੂ ਤੇ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਨਾ ਦੇ ਜਨਮ ਦਿਨ ’ਤੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸਮੂਹ ਦੇਸ਼ ਭਗਤਾਂ ਤੇ ਲੋਕ ਨਾਇਕਾਂ ਨੂੰ ਯਾਦ ਕਰਦਿਆਂ ਤਾਰਾ ਸਿੰਘ ਖਹਿਰਾ, ਦਵਿੰਦਰ ਸੋਹਲ, ਗੁਰਦੀਪ ਸਿੰਘ ਗੁਰੂਵਾਲੀ, ਬਲਕਾਰ ਸਿੰਘ ਵਲਟੋਹਾ, ਨਰਿੰਦਰ ਪਾਲੀ, ਬਲਜੀਤ ਸਿੰਘ ਫਤਿਆਬਾਦ, ਸੀਮਾ ਸੋਹਲ ਤੇ ਡਾਕਟਰ ਦਲਬੀਰ ਸਿੰਘ ਲਹਿਰੀ ਦੀ ਪ੍ਰਧਾਨਗੀ ਹੇਠ ਵਿਸ਼ਾਲ ਕਾਨਫਰੰਸ ਬਾਬਾ ਭਕਨਾ ਯਾਦਗਾਰ ਨੇੜੇ ਸਕੂਲ ਗਰਾਊਂਡ ਵਿੱਚ ਕੀਤੀ ਗਈ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਸਕੱਤਰ ਬੰਤ ਸਿੰਘ ਬਰਾੜ, ਰਾਜਿੰਦਰਪਾਲ ਕੌਰ ਤੇ ਲਖਬੀਰ ਸਿੰਘ ਨਿਜ਼ਾਮਪੁਰ ਨੇ ਕਿਹਾ ਕਿ ਬਾਬਾ ਸੋਹਣ ਸਿੰਘ ਭਕਨਾ, ਹੋਰ ਗ਼ਦਰੀ ਯੋਧਿਆਂ ਤੇ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਉਹਨਾਂ ਦੀ ਸੋਚ ਅਨੁਸਾਰ ਦੇਸ਼ ਵਿਚ ਰਾਜਨੀਤਕ ਇਨਕਲਾਬ ਕਰਨਾ ਪਵੇਗਾ, ਤਾਂ ਕਿ ਪੰਜਾਬ ਤੇ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਵਿੱਦਿਆ ਤੇ ਰੁਜ਼ਗਾਰ ਦੀ ਗਰੰਟੀ ਰਾਹੀਂ ਆਉਣ ਵਾਲੀ ਪੀੜ੍ਹੀ ਦੀ ਜਵਾਨੀ ਖੁਸ਼ਹਾਲ ਬਣਾਈ ਜਾ ਸਕੇ। ਦੇਸ਼ ਦੀ ਖੁਸ਼ਹਾਲੀ ਲਈ ਬਾਬਾ ਭਕਨਾ ਦੀ ਸੋਚ ਹੀ ਇੱਕੋ-ਇੱਕ ਰਾਹ ਹੈ। ਉਹਨਾਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ ਇਸ ਸਾਲ 100 ਵੀਂ ਵਰੇ੍ਹਗੰਢ ਹੈ। ਬਾਬਾ ਸੋਹਣ ਸਿੰਘ ਭਕਨਾ ਸਮੇਤ ਬਹੁਤ ਸਾਰੇ ਦੇਸ਼ ਭਗਤਾਂ ਨੇ ਭਾਰਤੀ ਕਮਿਊਨਿਸਟ ਪਾਰਟੀ ਦੇ ਝੰਡੇ ਹੇਠ ਕਿਸਾਨਾਂ, ਮਜ਼ਦੂਰਾਂ ਦੇ ਵੱਡੇ-ਵੱਡੇ ਘੋਲ ਲੜੇ ਤੇ ਜਿੱਤੇ। ਉਹਨਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਯੋਧਿਆਂ ਨੇ ਵੱਡਾ ਯੋਗਦਾਨ ਪਾਇਆ। ਅੱਜ ਦੇਸ਼ ਦੀ ਕਾਰਪੋਰੇਟ ਪੱਖੀ ਮੋਦੀ ਸਰਕਾਰ ਵੱਲੋਂ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਨੂੰ ਲੁੱਟ ਕੇ ਕਾਰਪੋਰੇਟ ਘਰਾਣਿਆਂ ਦਾ ਘਰ ਭਰਿਆ ਜਾ ਰਿਹਾ ਹੈ। ਅਡਾਨੀ, ਅੰਬਾਨੀ ਜਿਹੇ ਦੇਸੀਵਿਦੇਸ਼ੀ ਕਾਰਪੋਰੇਟ ਘਰਾਣੇ ਅਰਬਾਂ ਰੁਪਏ ਲੁੱਟ ਰਹੇ ਹਨ। ਮਜ਼ਦੂਰਾਂ ਲਈ ਕੰਮ ਦੇ ਘੰਟੇ ਘਟਾਉਣ ਦੀ ਬਜਾਏ ਵਧਾਏ ਜਾ ਰਹੇ ਹਨ।
ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਵਾਂਗ ਲੋਕ ਵਿਰੋਧੀ ਨੀਤੀਆਂ ’ਤੇ ਚੱਲ ਰਹੀ ਹੈ। ਪੰਜਾਬ ਰਿਸ਼ਵਤਖੋਰੀ, ਬੇਰੁਜ਼ਗਾਰੀ, ਨਸ਼ੇਬਾਜ਼ੀ ਤੇ ਗੈਂਗਸਟਰਵਾਦ ਵਿੱਚ ਬੁਰੀ ਤਰ੍ਹਾਂ ਫ਼ਸ ਗਿਆ ਹੈ। ਪੰਜਾਬ ਦੀਆਂ ਸਰਕਾਰੀ ਮੰਡੀਆਂ ਤੋੜੀਆਂ ਜਾ ਰਹੀਆਂ ਹਨ, ਤਾਂ ਜੋ ਕਾਰਪੋਰੇਟ ਘਰਾਣਿਆਂ ਨੂੰ ਫਸਲਾਂ ਆਪਣੀ ਮਰਜ਼ੀ ਨਾਲ ਖਰੀਦਣ ਦੀ ਖੁੱਲ੍ਹ ਹੋ ਸਕੇ। ਪੰਜਾਬ ਵਿੱਚ ਰੇਤ-ਬੱਜਰੀ, ਭੂ ਮਾਫੀਆ ਤੇ ਸ਼ਰਾਬ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੈ, ਸਰਕਾਰ ਦੇ ਕਰਿੰਦੇ ਇਹਨਾਂ ਸਭ ਮਾਫੀਆ ਗਰੁੱਪਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ। ਉਹਨਾਂ ਇਹ ਵੀ ਅਪੀਲ ਕੀਤੀ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕਾਂਗਰਸ ਸਤੰਬਰ ਮਹੀਨੇ ਵਿੱਚ ਪੰਜਾਬ ਵਿੱਚ ਹੋ ਰਹੀ ਹੈ, ਜਿਸ ਕਰਕੇ ਪੰਜਾਬ ਦੇ ਕਮਿਊਨਿਸਟ ਵਰਕਰਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਇਸ ਕਾਂਗਰਸ ਨੂੰ ਸ਼ਾਨੋ-ਸ਼ੌਕਤ ਨਾਲ ਕਾਮਯਾਬ ਕਰੀਏ।
ਇਸ ਮੌਕੇ ਮੰਗ ਕੀਤੀ ਕਿ ਜੇਲ੍ਹਾਂ ਵਿੱਚ ਬੰਦ ਨਜਾਇਜ਼ ਤੌਰ ’ਤੇ ਕੈਦ ਭੁਗਤ ਰਹੇ ਲੋਕਾਂ ਨੂੰ ਰਿਹਾਅ ਕੀਤਾ ਜਾਵੇ।ਕਿਸਾਨਾਂ ਨਾਲ ਗੱਲਬਾਤ ਕਰਕੇ ਡੱਲੇਵਾਲ ਦਾ ਮਰਨ ਵਰਤ ਖ਼ਤਮ ਕਰਾਇਆ ਜਾਵੇ, ਕਿਉਕਿ ਹਰ ਇੱਕ ਦੀ ਜਾਨ ਬਹੁਤ ਕੀਮਤੀ ਹੈ। ਇਹ ਵੀ ਮੰਗ ਕੀਤੀ ਗਈ ਕਿ ਬਾਬਾ ਸੋਹਣ ਸਿੰਘ ਭਕਨਾ ਦਾ ਆਦਮ ਕੱਦ ਬੁੱਤ ਖ਼ਾਸਾ ਚੌਕ ਵਿੱਚ ਲਾਇਆ ਜਾਵੇ। ਖ਼ਾਸਾ-ਭਕਨਾ ਸੜਕ ਤੁਰੰਤ ਬਣਾਈ ਜਾਵੇ। ਲੰਗਰ ਦਾ ਸ਼ਾਨਦਾਰ ਪ੍ਰਬੰਧ ਵੀ ਕੀਤਾ ਗਿਆ।ਹੋਰਨਾਂ ਤੋਂ ਇਲਾਵਾ ਗੁਰਬਿੰਦਰ ਸਿੰਘ ਸੋਹਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਮਨਜੀਤ ਬਾਸਰਕੇ, ਜਸਪਾਲ ਸਿੰਘ ਚੱਕ ਮੁਕੰਦ, ਸਰਬਜੀਤ ਸਿੰਘ ਭਕਨਾ, ਕੰਵਲਜੀਤ ਢਿੱਲੋਂ ਤੇ ਰੁਪਿੰਦਰ ਕੌਰ ਮਾੜੀਮੇਘਾ ਵੀ ਮੌਜੂਦ ਸਨ।




