ਹੈਦਰਾਬਾਦ, (ਗਿਆਨ ਸੈਦਪੁਰੀ)-ਇੱਥੇ ਹੋ ਰਹੀ ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੀ ਦੂਸਰੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਪੰਜਾਬ ਤੋਂ ਗੁਲਜ਼ਾਰ ਸਿੰਘ ਗੋਰੀਆ ਦੀ ਅਗਵਾਈ ਵਿੱਚ ਸੱਤ ਮੈਂਬਰੀ ਡੈਲੀਗੇਸ਼ਨ ਐਤਵਾਰ ਤੜਕੇ ਏਟਕ ਦੇ ਦਫ਼ਤਰ ਪਹੁੰਚ ਗਿਆ। ਇਸ ਦੌਰਾਨ ਤਾਮਿਲਨਾਡੂ, ਮਹਾਰਾਸ਼ਟਰ, ਕੇਰਲਾ, ਆਂਧਰਾ ਪ੍ਰਦੇਸ਼ ਆਦਿ ਰਾਜਾਂ ਤੋਂ ਵੀ ਡੈਲੀਗਟ ਪਹੁੰਚਣ ਦਾ ਸਿਲਸਿਲਾ ਜਾਰੀ ਸੀ। ਪੰਜਾਬ ਦੇ ਡੈਲੀਗੇਟਾਂ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਅਤੇ ਅੰਦੋਲਨ ਦੀ ਕੌਮੀ ਕੌਂਸਲ ਦੇ ਮੈਂਬਰ ਪ੍ਰੀਤਮ ਸਿੰਘ ਨਿਆਮਤਪੁਰ, ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਮੀਤ ਪ੍ਰਧਾਨ ਨਾਨਕ ਚੰਦ ਲੰਬੀ, ਨਿਰੰਜਣ ਦਾਸ ਮੇਹਲੀ ਆਦਿ ਸ਼ਾਮਲ ਹਨ। ਇਹ ਕਾਨਫਰੰਸ 5 ਜਨਵਰੀ ਤੋਂ 7 ਜਨਵਰੀ ਤੱਕ ਚੱਲੇਗੀ। ਪਹਿਲੇ ਦਿਨ ਪੰਜ ਜਨਵਰੀ ਨੂੰ ਵੱਡੀ ਰੈਲੀ ਹੋਈ। 6 ਅਤੇ 7 ਜਨਵਰੀ ਨੂੰ ਡੈਲੀਗੇਟ ਅਜਲਾਸ ਹੋਵੇਗਾ। ਐਤਵਾਰ ਨੂੰ ਹੋ ਰਹੀ ਰੈਲੀ ਨੂੰ ਸੰਬੋਧਨ ਕਰਨ ਲਈ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ, ਐਨੀ ਰਾਜਾ ਤੇ ਅਜ਼ੀਜ਼ ਪਾਸ਼ਾ (ਦੋਵੇਂ ਸੀ ਪੀ ਆਈ ਦੇ ਸਕੱਤਰੇਤ ਮੈਂਬਰ) ਹੈਦਰਾਬਾਦ ਪਹੁੰਚ ਗਏ ਸਨ।





