ਐੱਚ ਐੱਮ ਪੀ ਵੀ ਦੇ ਤਿੰਨ ਮਾਮਲੇ ਉਜਾਗਰ

0
161

ਨਵੀਂ ਦਿੱਲੀ : ਭਾਰਤੀ ਆਯੁਰਵਿਗਿਆਨ ਖੋਜ ਕੌਂਸਲ (ਆਈ ਸੀ ਐੱਮ ਆਰ) ਨੇ ਕਰਨਾਟਕ ’ਚ ਹਿਊਮਨ ਮੈਟਾਨਿਊਮੋਵਾਇਰਸ (ਐੱਚ ਐੱਮ ਪੀ ਵੀ) ਦੇ ਦੋ ਮਾਮਲਿਆਂ ਦਾ ਪਤਾ ਲਗਾਇਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਦੱਸਿਆ ਕਿ ਤਿੰਨ ਮਹੀਨਿਆਂ ਦੀ ਬੱਚੀ ਨੂੰ ‘ਬਰੋਂਕੋਨਿਊਮੋਨੀਆ’ ਦੀ ਸ਼ਿਕਾਇਤ ਸੀ ਅਤੇ ਉੁਸ ਨੂੰ ਬੇਂਗਲੁਰੂ ਦੇ ਬੈਪਟਿਸਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੇ ਐੱਚ ਐੱਮ ਪੀ ਵੀ ਤੋਂ ਪੀੜਤ ਹੋਣ ਦਾ ਪਤਾ ਲੱਗਾ ਸੀ। ਉਸ ਨੂੰ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
‘ਬਰੋਂਕੋਨਿਊਮੋਨੀਆ’ ਤੋਂ ਪੀੜਤ ਅੱਠ ਮਹੀਨੇ ਦੇ ਇਕ ਬੱਚੇ ਨੂੰ 3 ਜਨਵਰੀ ਨੂੰ ਬੈਪਟਿਸਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿਸ ਮਗਰੋਂ ਜਾਂਚ ’ਚ ਉਸ ਦੇ ਐੱਚ ਐੱਮ ਪੀ ਵੀ ਤੋਂ ਪੀੜਤ ਹੋਣ ਦਾ ਪਤਾ ਲੱਗਾ। ਦੱਸਿਆ ਜਾਂਦਾ ਹੈ ਕਿ ਬੱਚੇ ਦੀ ਸਿਹਤ ’ਚ ਹੁਣ ਸੁਧਾਰ ਹੈ।
ਮੰਤਰਾਲੇ ਨੇ ਕਿਹਾ ਕਿ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਦੋਵੇਂ ਮਰੀਜ਼ਾਂ ਦਾ ਕੋਈ ਕੌਮਾਂਤਰੀ ਯਾਤਰਾ ਦਾ ਇਤਿਹਾਸ ਨਹੀਂ ਹੈ। ਮੰਤਰਾਲੇ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਐੱਚ ਐੱਮ ਪੀ ਵੀ ਦੀ ਲਾਗ ਪਹਿਲਾਂ ਤੋਂ ਹੀ ਭਾਰਤ ਸਣੇ ਕਈ ਦੇਸ਼ਾਂ ’ਚ ਫੈਲ ਰਹੀ ਹੈ ਅਤੇ ਵੱਖ-ਵੱਖ ਦੇਸ਼ਾਂ ’ਚ ਇਸ ਨਾਲ ਸੰਬੰਧਤ ਸਾਹ ਸੰਬੰਧੀ ਬਿਮਾਰੀਆਂ ਦੇ ਮਾਮਲੇ ਸਾਹਮਣੇ ਆਏ ਹਨ। ਮੰਤਰਾਲੇ ਨੇ ਕਿਹਾ ਕਿ ਇਸ ਤੋਂ ਇਲਾਵਾ ਆਈ ਸੀ ਐੱਮ ਆਰ ਅਤੇ ਏਕੀਕਿ੍ਰਤ ਰੋਗ ਨਿਗਰਾਨੀ ਪ੍ਰੋਗਰਾਮ (ਆਈ ਡੀ ਐੱਸ ਪੀ) ਨੈੱਟਵਰਕ ਦੇ ਮੌਜੂਦਾ ਅੰਕੜਿਆਂ ਦੇ ਆਧਾਰ ’ਤੇ ਇਹ ਪਤਾ ਲੱਗਦਾ ਹੈ ਕਿ ਦੇਸ਼ ’ਚ ਇਨਫਲੂਏਂਜ਼ਾ ਵਰਗੀ ਬਿਮਾਰੀ (ਆਈ ਐੱਲ ਆਈ) ਜਾਂ ਗੰਭੀਰ ਤੇਜ਼ ਸਾਹ ਦੀ ਬਿਮਾਰੀ (ਐੱਸ ਆਰ ਆਈ) ਦੇ ਮਾਮਲਿਆਂ ’ਚ ਕੋਈ ਅਸਾਧਾਰਨ ਵਾਧਾ ਨਹੀਂ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ ਉਹ ਸਾਰੇ ਉਪਲੱਬਧ ਨਿਗਰਾਨੀ ਮਾਧਿਅਮਾਂ ਰਾਹੀਂ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਆਈ ਸੀ ਐੱਮ ਆਰ ਪੂਰਾ ਸਾਲ ਐੱਚ ਐੱਮ ਪੀ ਵੀ ਲਾਗ ਦੇ ਰੁਝਾਨਾਂ ’ਤੇ ਨਜ਼ਰ ਰੱਖੇਗੀ। ਵਿਸ਼ਵ ਸਿਹਤ ਸੰਸਥਾ ਪਹਿਲਾਂ ਤੋਂ ਹੀ ਚੀਨ ’ਚ ਹਾਲਾਤ ਬਾਰੇ ਸਮੇਂ ’ਤੇ ਸੂਚਨਾਵਾਂ ਦੇ ਰਹੀ ਹੈ ਤਾਂ ਜੋ ਲਾਗ ਤੋਂ ਬਚਾਅ ਦੇ ਉਪਾਵਾਂ ਬਾਰੇ ਹੋਰ ਵਧੇਰੇ ਜਾਣਕਾਰੀ ਮਿਲ ਸਕੇ। ਮੰਤਰਾਲੇ ਨੇ ਕਿਹਾ ਕਿ ਦੇਸ਼-ਭਰ ’ਚ ਹਾਲ ’ਚ ਕੀਤੀਆਂ ਗਈਆਂ ਤਿਆਰੀਆਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਸਾਹ ਸੰਬੰਧੀ ਬਿਮਾਰੀਆਂ ’ਚ ਕਿਸੇ ਵੀ ਸੰਭਾਵੀ ਵਾਧੇ ਤੋਂ ਨਜਿੱਠਣ ਲਈ ਤਿਆਰ ਹੈ ਅਤੇ ਲੋੜ ਪੈਣ ’ਤੇ ਜਨਤਕ ਸਿਹਤ ਉਪਾਅ ਤੁਰੰਤ ਲਾਗੂ ਕੀਤੇ ਜਾ ਸਕਦੇ ਹਨ। ਅਹਿਮਦਾਬਾਦ ਦੇ ਨਿੱਜੀ ਹਸਪਤਾਲ ’ਚ ਭਰਤੀ ਦੋ ਮਹੀਨੇ ਦੇ ਬੱਚੇ ਦੇ ਮੈਟਾਨਿਊਮੋ ਵਾਇਰਸ (ਐੱਚ ਐੱਮ ਪੀ ਵੀ) ਤੋਂ ਪੀੜਤ ਹੋਣ ਦੀ ਵੀ ਪੁਸ਼ਟੀ ਹੋਈ ਹੈ।
ਅਧਿਕਾਰੀ ਨੇ ਦੱਸਿਆ ਕਿ ਰਾਜਸਥਾਨ ਦੇ ਡੂੰਗਰਪੁਰ ਦੇ ਰਹਿਣ ਵਾਲੇ ਪਰਵਾਰ ਦੇ ਬੱਚੇ ਨੂੰ ਸਾਹ ਦੀ ਲਾਗ ਦੇ ਲੱਛਣਾਂ ਕਰ ਕੇ 24 ਦਸੰਬਰ ਨੂੰ ਚਾਂਦਖੇੜਾ ਸਥਿਤ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਅਹਿਮਦਾਬਾਦ ਨਗਰ ਨਿਗਮ ਦੇ ਇੰਚਾਰਜ ਮੈਡੀਕਲ ਅਫਸਰ ਭਾਵਿਨੀ ਸੋਲੰਕੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਉਸ ਨੂੰ ਐੱਚ ਐੱਮ ਪੀ ਵੀ ਤੋਂ ਪੀੜਤ ਪਾਇਆ ਗਿਆ। ਲਾਗ ਤੋਂ ਪੀੜਤ ਹੋਣ ਦੀ ਪੁਸ਼ਟੀ 26 ਦਸੰਬਰ ਨੂੰ ਹੋ ਗਈ ਸੀ, ਪਰ ਇਸ ਦੀ ਜਾਣਕਾਰੀ ਸੋਮਵਾਰ ਮਿਲੀ ਹੈ, ਕਿਉਂਕਿ ਨਿੱਜੀ ਹਸਪਤਾਲ ਨੇ ਇਸ ਦੀ ਜਾਣਕਾਰੀ ਦੇਰੀ ਨਾਲ ਦਿੱਤੀ। ਮਰੀਜ਼ ਨੂੰ ਇਕਾਂਤਵਾਸ ’ਚ ਰੱਖਿਆ ਗਿਆ ਹੈ। ਪਹਿਲਾਂ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ, ਹੁਣ ਉਸ ਦੀ ਹਾਲਤ ਸਥਿਰ ਹੈ।