ਭਿੱਖੀਵਿੰਡ/ਖਾਲੜਾ (ਲਖਵਿੰਦਰ ਗੋਲਣ, ਰਣਬੀਰ ਗੋਲਣ)-ਸ਼ੰਭੂ ਮੋਰਚੇ ’ਤੇ 11 ਮਹੀਨਿਆਂ ਤੋਂ ਜਾਰੀ ਪੱਕੇ ਧਰਨੇ ’ਚ ਹਿੱਸਾ ਲੈ ਰਹੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪਹੂਵਿੰਡ ਦੇ ਵਾਸੀ ਰੇਸ਼ਮ ਸਿੰਘ ਪੁੱਤਰ ਜਗਤਾਰ ਸਿੰਘ ਨੇ ਕੇਂਦਰ ਸਰਕਾਰ ਦੀ ਬੇਰੁਖੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ।ਰੇਸ਼ਮ ਸਿੰਘ (55) ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ, ਜਿਸ ਤੋਂ ਬਾਅਦ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਰਾਜਪੁਰਾ ਦਾਖਲ ਕਰਾਇਆ ਗਿਆ। ਉਸ ਦੀ ਹਾਲਤ ਗੰਭੀਰ ਦੇਖਦਿਆਂ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।ਉੱਧਰ ਮਿ੍ਰਤਕ ਕਿਸਾਨ ਦੇ ਪਰਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟਾਉਣ ਲਈ ਪੁੱਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਸੂਬੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੁੱਖ ਦੀ ਘੜੀ ਵਿੱਚ ਪਰਵਾਰ ਦੇ ਨਾਲ ਹਨ।ਮਿ੍ਰਤਕ ਕਿਸਾਨ ਆਪਣੇ ਪਿੱਛੇ ਮਾਂ, ਪਤਨੀ ਤੇ ਇੱਕ ਬੇਟੇ ਨੂੰ ਛੱਡ ਗਿਆ ਹੈ।ਕਿਸਾਨਾਂ ਨੇ ਕਿਹਾ ਕਿ ਰੇਸ਼ਮ ਸਿੰਘ ਲੰਮੇ ਸਮੇਂ ਤੋਂ ਜਾਰੀ ਅੰਦੋਲਨ ਦੇ ਬਾਵਜੂਦ ਮੁੱਦਿਆਂ ਦਾ ਕੋਈ ਹੱਲ ਨਾ ਕੀਤੇ ਜਾਣ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਨਾਰਾਜ਼ ਸੀ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਰੇਸ਼ਮ ਸਿੰਘ ਦਾ ਪੋਸਟਮਾਰਟਮ ਅਤੇ ਅੰਤਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਸਰਕਾਰ ਪਰਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਕਿਸਾਨ ਦਾ ਸਾਰਾ ਬਕਾਇਆ ਕਰਜ਼ ਮੁਆਫ਼ ਨਹੀਂ ਕਰ ਦਿੰਦੀ।





