ਮੂਨਕ (ਰਾਜਪਾਲ)-ਖਨੌਰੀ ਬਾਰਡਰ ’ਤੇ ਵੀਰਵਾਰ ਸਵੇਰੇ ਇੱਕ ਕਿਸਾਨ ਦੇਸੀ ਗੀਜ਼ਰ ਰਾਹੀਂ ਪਾਣੀ ਗਰਮ ਕਰਨ ਲੱਗਿਆ ਤਾਂ ਅਚਾਨਕ ਅੱਗ ਦਾ ਭਬੂਕਾ ਪੈਣ ਕਾਰਨ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ।ਇਸ ਕਾਰਨ ਗੁਰਦਿਆਲ ਸਿੰਘ ਵਾਸੀ ਸਮਾਣਾ ਦੀਆਂ ਬਾਹਾਂ ਅਤੇ ਲੱਤਾਂ ਝੁਲਸ ਗਈਆਂ। ਉੱਥੇ ਬੈਠੇ ਕਿਸਾਨਾਂ ਨੇ ਫ਼ੌਰੀ ਅੱਗ ਬੁਝਾਈ ਤੇ ਕਿਸਾਨ ਨੂੰ ਇਲਾਜ ਲਈ ਪਾਤੜਾਂ ਦੇ ਸਰਕਾਰੀ ਹਸਪਤਾਲ ’ਚ ਲਿਆਂਦਾ ਗਿਆ।ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਮਗਰੋਂ ਉਸ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ ਹੈ। ਡਾਕਟਰਾਂ ਦੇ ਦੱਸਣ ਅਨੁਸਾਰ ਗੁਰਦਿਆਲ ਸਿੰਘ ਦੀਆਂ ਬਾਹਾਂ ਅਤੇ ਲੱਤਾਂ ਅੱਗ ਨਾਲ ਝੁਲਸ ਗਈਆਂ ਹਨ, ਪਰ ਛਾਤੀ ਤੇ ਸਿਰ ਨੂੰ ਸੇਕ ਨਹੀਂ ਲੱਗਿਆ।ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ, ਪਰ ਝੁਲਸਣ ਦੇ ਜ਼ਖ਼ਮਾਂ ਕਾਰਨ ਉਸ ਦਾ ਪਟਿਆਲਾ ਦੇ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੇ ਦੱਸਿਆ ਕਿ ਗੁਰਦਿਆਲ ਸਿੰਘ ਕਾਫੀ ਦਿਨਾਂ ਤੋਂ ਬਾਰਡਰ ’ਤੇ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੰਗਰ ਚਲਾ ਰਿਹਾ ਸੀ। ਸਵੇਰ ਵੇਲੇ ਜਦੋਂ ਉਸ ਨੇ ਪਾਣੀ ਗਰਮ ਕਰਨ ਲਈ ਦੇਸੀ ਗੀਜ਼ਰ ਬਾਲਿਆ, ਉਸ ’ਚੋਂ ਉੱਠੇ ਅੱਗ ਦੇ ਭਬੂਕੇ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

