ਸਾਰੇ ਮਤਭੇਦ ਹੱਲ ਕਰਨ ਲਈ 15 ਨੂੰ ਦੋਹਾਂ ਕਿਸਾਨ ਮੋਰਚਿਆਂ ਦੀ ਮੀਟਿੰਗ, ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦਾ ਫੈਸਲਾ
ਸਮਰਾਲਾ (ਸੁਰਜੀਤ ਸਿੰਘ)
ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ 11 ਮਹੀਨਿਆਂ ਤੋਂ ਸ਼ੰਭੂ ਅਤੇ ਢਾਬੀ ਗੁੱਜਰਾਂ/ਖਨੌਰੀ ਬਾਰਡਰਾਂ ’ਤੇ ਪੱਕਾ ਮੋਰਚਾ ਲਾ ਕੇ ਲੜੇ ਜਾ ਰਹੇ ਅੰਦੋਲਨ ਅਤੇ ਖਾਸ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ 46 ਦਿਨਾਂ ਤੋਂ ਜਾਰੀ ਮਰਨ ਵਰਤ ਦੇ ਚਲਦਿਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ’ਚ ਏਕਤਾ ਦੇ ਆਸਾਰ ਵੱਧ ਗਏ ਜਦੋਂ ਦੋਹਾਂ ਮੋਰਚਿਆਂਆਲ ਇੰਡੀਆ ਸੰਯੁਕਤ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾਦੇ ਆਗੂਆਂ ਨੇ ਸ਼ੁੱਕਰਵਾਰ ਮਤਭੇਦ ਹੱਲ ਕਰਨ ਲਈ 15 ਜਨਵਰੀ ਨੂੰ ਪਟਿਆਲਾ ’ਚ ਮੀਟਿੰਗ ਕਰਨ ਦਾ ਫੈਸਲਾ ਕੀਤਾ। ਮੁਤਹਿੱਦਾ ਕਿਸਾਨ ਅੰਦੋਲਨ ਚਲਾਉਣ ਲਈ ਦੋਹਾਂ ਮੋਰਚਿਆਂ ਦੀ ਤਾਲਮੇਲ ਕਮੇਟੀ ਘੱਟੋਘੱਟ ਸਾਂਝਾ ਪ੍ਰੋਗਰਾਮ ਬਣਾਏਗੀ।
ਬੀਤੇ ਦਿਨ ਮੋਗਾ ਵਿਖੇ ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ) ਵੱਲੋਂ ਕੀਤੀ ਗਈ ਵਿਸ਼ਾਲ ਕਾਨਫਰੰਸ ਦੌਰਾਨ ਲਏ ਗਏ ਫੈਸਲੇ ਤਹਿਤ ਐੱਸ ਕੇ ਐੱਮ ਦੀ ਛੇ ਮੈਂਬਰੀ ਕਮੇਟੀ ਸ਼ੁੱਕਰਵਾਰ ਏਕਤਾ ਸੰਬੰਧੀ ਗੱਲਬਾਤ ਕਰਨ ਲਈ ਦੋਵਾਂ ਸੰਘਰਸ਼ਸ਼ੀਲ ਫੋਰਮਾਂ ਨੂੰ ਸੱਦਾ ਦੇਣ ਲਈ ਜਦੋਂ ਢਾਬੀ ਗੁੱਜਰਾਂ ਬਾਰਡਰ ’ਤੇ ਪਹੁੰਚੀ ਤਾਂ ਇੱਥੇ ਮਾਹੌਲ ਬੜਾ ਖੁਸ਼ਗਵਾਰ ਤੇ ਨਿੱਘਾ ਨਜ਼ਰ ਆਇਆ। ਕਮੇਟੀ ਦਾ ਦੋਵਾਂ ਫੋਰਮਾਂ ਦੇ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਬਾਗੋਬਾਗ ਹੋਏ ਕਮੇਟੀ ਦੇ ਆਗੂਆਂ ਨੇ ਇਸਦੀ ਵਾਰ-ਵਾਰ ਪ੍ਰਸੰਸਾ ਕੀਤੀ।
ਡੱਲੇਵਾਲ ਦਾ ਹਾਲਚਾਲ ਪੁੱਛਣ ਮਗਰੋਂ ਕਮੇਟੀ ਤੇ ਫੋਰਮਾਂ ਦੇ ਆਗੂਆਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਉਨ੍ਹਾਂ ’ਚ ਭਾਵੇਂ ਵਿਚਾਰਧਾਰਕ ਵਖਰੇਵੇਂ ਹੋਣਗੇ, ਪਰ ਸਾਰੀਆਂ 12 ਮੰਗਾਂ ’ਤੇ ਉਹ ਇੱਕ ਮੱਤ ਹਨ ਅਤੇ ਉਨ੍ਹਾਂ ਦਾ ਨਿਸ਼ਾਨਾ (ਕੇਂਦਰ ਸਰਕਾਰ) ਵੀ ਸਾਂਝਾ ਹੈ।
ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਦੋਵਾਂ ਫੋਰਮਾਂ ਵੱਲੋਂ ਕਮੇਟੀ ਦੇ ਆਗੂਆਂ ਨੂੰ ਇਹ ਮੋਰਚਾ ਜਿੱਤਣ ਲਈ ਇਕੱਠੇ ਹੋ ਕੇ ਲੜਾਈ ਲੜਨ ਲਈ ਬੇਨਤੀ ਕੀਤੀ ਹੈ। ਉਨ੍ਹਾ ਆਸ ਜਤਾਈ ਕਿ ਉਹ ਜਲਦੀ ਹੀ ਵਿਚਾਰ ਕਰਕੇ ਇਸ ਸੰਬੰਧੀ ਕੋਈ ਉਸਾਰੂ ਫੈਸਲਾ ਲੈਣਗੇ। ਦੂਜੇ ਬੰਨੇ ਐੱਸ ਕੇ ਐੱਮ ਦੇ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ ਤੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੰਗਾਂ ਮੰਨਣ ਤੋਂ ਕੇਂਦਰ ਸਰਕਾਰ ਹੁਣ ਤੱਕ ਇਹ ਕਹਿ ਕੇ ਵੀ ਟਾਲਾ ਵੱਟਦੀ ਆਈ ਹੈ ਕਿ ਪਹਿਲਾਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣ। ਉਨ੍ਹਾਂ ਇੱਕ-ਦੂਜੇ ਵੱਲ ਇਸ਼ਾਰਾ ਕਰਦਿਆਂ ਕਿਹਾਲਓ ਦੇਖ ਲਓ, ਅੱਜ ਸਾਰੇ ਇੱਕਜੁੱਟ ਹਨ ਤੇ ਹੁਣ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰ ਕੇ ਮੰਗਾਂ ਦੀ ਪੂਰਤੀ ਯਕੀਨੀ ਬਣਾਵੇ। ਇਸ ਮੌਕੇ ਕਮੇਟੀ ਦੇ ਮੈਂਬਰ ਰਮਿੰਦਰ ਸਿੰਘ ਪਟਿਆਲਾ ਤੇ ਹੋਰਾਂ ਸਮੇਤ ਦੋਵਾਂ ਫੋਰਮਾਂ ਵੱਲੋਂ ਸੁਖਜੀਤ ਸਿੰਘ ਹਰਦੋਝੰਡੇ, ਮਨਜੀਤ ਸਿੰਘ ਧਨੇਰ ਤੇ ਦਿਲਬਾਗ ਸਿੰਘ ਹਰੀਗੜ੍ਹ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ। ਐੱਸ ਕੇ ਐੱਮ ਦੇ ਆਗੂ ਆਪਣਾ ਸਮਰਥਨ ਪੱਤਰ ਲੈ ਕੇ ਡੱਲੇਵਾਲ ਕੋਲ ਪਹੁੰਚੇ। ਇਨ੍ਹਾਂ ਆਗੂਆਂ ’ਚ ਰਾਜੇਵਾਲ, ਉਗਰਾਹਾਂ ਤੋਂ ਇਲਾਵਾ ਡਾ. ਦਰਸ਼ਨ ਪਾਲ, ਹਰਿੰਦਰ ਸਿੰਘ ਲੱਖੋਵਾਲ ਵੀ ਸਨ। ਆਗੂਆਂ ਨੇ ਡੱਲੇਵਾਲ ਨੂੰ ਮਿਲ ਕੇ ਉਨ੍ਹਾ ਦਾ ਹਾਲ-ਚਾਲ ਜਾਣਿਆ ਤੇ ਉਨ੍ਹਾ ਦੀ ਤੰਦਰੁਸਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ। ਅੱੈਸ ਕੇ ਐੱਮ ਆਗੂਆਂ ਨੇ ਇਸ ਮੋਰਚੇ ਦੇ ਸੀਨੀਅਰ ਆਗੂ ਕਾਕਾ ਸਿੰਘ ਕੋਟੜਾ ਨੂੰ ਆਪਣਾ ਸਮਰਥਨ ਪੱਤਰ ਵੀ ਦਿੱਤਾ। ਉਗਰਾਹਾਂ ਨੇ ਕਿਹਾ ਕਿ ਹੁਣ ਕਿਸੇ ਵੀ ਗਰੁੱਪ ਦਾ ਆਗੂ ਅਜਿਹਾ ਬਿਆਨ ਨਹੀਂ ਦੇਵੇਗਾ, ਜਿਸ ਨਾਲ ਮਤਭੇਦ ਪੈਦਾ ਹੁੰਦੇ ਹੋਣ।