ਗੋਲੀ ਦਾ ਸ਼ਿਕਾਰ ਬਣੇ ਆਪ ਵਿਧਾਇਕ ਗੋਗੀ ਦਾ ਅੰਤਮ ਸੰਸਕਾਰ

0
63

ਲੁਧਿਆਣਾ : ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੁੱਕਰਵਾਰ ਰਾਤ ਘਰ ’ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਲੀ ਸਿਰ ਵਿੱਚ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਤੁਰੰਤ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਪਰ ਉਹ ਬਚ ਨਹੀਂ ਸਕੇ। ਅਪੁਸ਼ਟ ਰਿਪੋਰਟਾਂ ਮੁਤਾਬਕ ਉਹ ਰਾਤ ਨੂੰ ਆਪਣੇ ਕਮਰੇ ’ਚ ਖਾਣਾ ਖਾ ਰਹੇ ਸਨ, ਜਦੋਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਗੋਲੀ ਕਿਸ ਨੇ ਚਲਾਈ ਜਾਂ ਕੀ ਉਨ੍ਹਾ ਖੁਦਕੁਸ਼ੀ ਕੀਤੀ ਹੈ। ਸੂਤਰਾਂ ਅਨੁਸਾਰ ਗੋਗੀ ਦਾ ਆਪਣੀ ਪਤਨੀ ਅਤੇ ਪੁੱਤਰ ਨਾਲ ਝਗੜਾ ਸੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੋਗੀ ਦੇ ਅੰਤਮ ਸੰਸਕਾਰ ਮੌਕੇ ਸ਼ਾਮਲ ਹੋਏ। ਮੁੱਖ ਮੰਤਰੀ ਨੇ ਗੋਗੀ ਨੂੰ ਮਿਹਨਤੀ, ਸਮਰਪਿਤ ਅਤੇ ਵਚਨਬੱਧ ਸਾਥੀ ਦੱਸਿਆ।ਉਨ੍ਹਾ ਕਿਹਾ ਕਿ ਇਹ ਉਨ੍ਹਾ ਲਈ ਵੱਡਾ ਨਿੱਜੀ ਘਾਟਾ ਹੈ ਅਤੇ ਆਮ ਆਦਮੀ ਪਾਰਟੀ ਲਈ ਨਾ ਪੂਰਾ ਹੋਣ ਵਾਲਾ ਘਾਟਾ, ਕਿਉਕਿ ਗੋਗੀ ਪਾਰਟੀ ਦੇ ਸਮਰਪਿਤ ਸਿਪਾਹੀ ਸਨ।ਮਾਨ ਨੇ ਕਿਹਾ ਕਿ ਗੋਗੀ ਨੇ ਲੋਕਾਂ ਖਾਸ ਕਰਕੇ ਆਪਣੇ ਹਲਕੇ ਦੇ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕੀਤੀ।ਮਾਨ ਨੇ ਗੋਗੀ ਦੀ ਦੇਹ ’ਤੇ ਫੁੱਲਮਾਲਾ ਭੇਟ ਕੀਤੀ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਪਰਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਗੋਗੀ ਆਪਣੇ ਪਿੱਛੇ ਪਤਨੀ ਡਾ. ਸੁਖਚੈਨ ਕੌਰ ਗੋਗੀ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਅਸੰਬਲੀ ਚੋਣਾਂ ਤੋਂ ਪਹਿਲਾਂ ਗੋਗੀ 2022 ’ਚ ‘ਆਪ’ ਵਿੱਚ ਸ਼ਾਮਲ ਹੋਏ ਸਨ ਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ ਹਰਾ ਕੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਬਣੇ ਸਨ। ਗੋਗੀ ਨੇ ਸ਼ੁੱਕਰਵਾਰ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਬੁੱਢੇ ਨਾਲੇ ਦਾ ਮਸਲਾ ਵਿਚਾਰਿਆ ਸੀ। ਗੋਗੀ ਪੰਜਾਬ ਸਮਾਲ ਸਕੇਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ ਐੱਸ ਆਈ ਈ ਸੀ) ਦੇ ਚੇਅਰਮੈਨ ਸਨ। ਉਨ੍ਹਾ ਨੂੰ ਕਾਂਗਰਸ ਸਰਕਾਰ ਦੌਰਾਨ ਪੀ ਐੱਸ ਆਈ ਈ ਸੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਹ 2014 ਤੋਂ 2019 ਤੱਕ ਕਾਂਗਰਸ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਹੇ। ‘ਆਪ’ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਗੋਗੀ ਕਾਂਗਰਸ ’ਚ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਸਨ, ਪਰ ਬਲਕਾਰ ਸਿੰਘ ਸੰਧੂ ਨੇ ਇਹ ਦੌੜ ਜਿੱਤ ਲਈ। 26 ਸਤੰਬਰ 1967 ਨੂੰ ਪੈਦਾ ਹੋਏ ਗੋਗੀ ਤਿੰਨ ਵਾਰ ਕੌਂਸਲਰ ਰਹੇ। ਮੇਅਰ ਨਾ ਬਣਾਏ ਜਾਣ ਤੋਂ ਬਾਅਦ ਉਨ੍ਹਾ ਕਾਂਗਰਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਗੋਗੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਹੁੰਦੇ ਸਨ। ਪਿਛਲੇ ਸਾਲ ਗੋਗੀ ਨੇ ਬੁੱਢੇ ਨਾਲੇ ’ਚ ਇੱਕ ਪਾਈਪ ਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਢਾਹ ਦਿੱਤਾ ਸੀ, ਜਿਸ ਦਾ ਨੀਂਹ ਪੱਥਰ ਉਨ੍ਹਾ ਨੇ 2022 ਵਿੱਚ ਰੱਖਿਆ ਸੀ। ਉਹ ਕੰਮ ਨਾ ਸ਼ੁਰੂ ਹੋਣ ਤੋਂ ਨਾਰਾਜ਼ ਹੋ ਗਏ ਸਨ। ਪੇਸ਼ੇ ਤੋਂ ਗੋਗੀ ਬਿਜ਼ਨਸਮੈਨ ਸਨ। ਉਨ੍ਹਾ ਦਾ ਗੰਨ ਹਾਊਸ, ਪ੍ਰਾਈਵੇਟ ਹੋਟਲ ਤੇ ਟੈਕਸੀ ਸਰਵਿਸ ਦਾ ਬਿਜ਼ਨਸ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੋਗੀ ਦੇ ਅਕਾਲ ਚਲਾਣੇ ’ਤੇ ਦੁੱਖ ਜਤਾਉਦਿਆਂ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾ ਕਿਹਾ ਕਿ ਗੋਗੀ ਜੀ ਬੇਹੱਦ ਵਧੀਆ ਇਨਸਾਨ ਸਨ।