ਜ਼ਿਲ੍ਹਾ ਲੁਧਿਆਣਾ ਪਾਰਟੀ ਕਾਂਗਰਸ ਲਈ ਤਿਆਰੀਆਂ ’ਚ ਜ਼ੋਰ-ਸ਼ੋਰ ਨਾਲ ਹਿੱਸਾ ਪਾਵੇਗਾ : ਡੀ ਪੀ ਮੌੜ
ਲੁਧਿਆਣਾ (ਐੱਮ ਐੱਸ ਭਾਟੀਆ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਦੀ ਜ਼ਿਲਾ ਕੌਂਸਲ ਦੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਐਡਵੋਕੇਟ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੂਬਾ ਸਕੱਤਰ ਬੰਤ ਬਰਾੜ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਆਰ ਐੱਸ ਐੱਸ ਅਤੇ ਭਾਜਪਾ, ਜੋ ਸੱਤਾ ’ਤੇ ਕਾਬਜ਼ ਹਨ, ਦੀ ਵਿਚਾਰਧਾਰਾ ਸਾਡੇ ਸਮਾਜ ਅਤੇ ਦੇਸ਼ ਲਈ ਬਹੁਤ ਹੀ ਘਾਤਕ ਹੈ, ਪਰ ਕਮਿਊਨਿਸਟਾਂ ਦਾ ਇਤਿਹਾਸ ਰਿਹਾ ਹੈ ਕਿ ਉਨ੍ਹਾਂ ਆਜ਼ਾਦੀ ਦੀ ਲੜਾਈ ਵੇਲੇ ਵੀ੍ਯ ਕੁਰਬਾਨੀਆਂ ਦਿੱਤੀਆਂ ਅਤੇ ਉਸ ਤੋਂ ਬਾਅਦ ਵੀ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਚਾਹੇ ਉਹ ਜ਼ਮੀਨੀ ਸੁਧਾਰ ਹੋਣ, ਮਹਿੰਗਾਈ ਦਾ ਮੁੱਦਾ ਹੋਏ ਜਾਂ ਬੇਰੁਜ਼ਗਾਰੀ ਦਾ ਮੁੱਦਾ ਹੋਵੇ, ਅਸੀਂ ਸਭ ਤੋਂ ਅੱਗੇ ਹੋ ਕੇ ਲੜੇ ਹਾਂ ਅਤੇ ਹੁਣ ਆਰ ਐੱਸ ਐੱਸ ਅਤੇ ਭਾਜਪਾ ਦੀ ਵਿਚਾਰਧਾਰਾ ਨਾਲ ਵੀ ਕਮਿਊਨਿਸਟ ਪੂਰੀ ਸ਼ਕਤੀ ਨਾਲ ਲੜਨਗੇ। ਕਾਮਰੇਡ ਬਰਾੜ ਨੇ ਪਾਰਟੀ ਦੇ ਬਣਨ ਵੇਲੇ ਤੋਂ ਲੈ ਕੇ ਅੱਜ ਤੱਕ ਉਸ ਦੇ ਇਤਿਹਾਸ ਬਾਰੇ ਵਿਸਤਾਰ ਨਾਲ ਚਾਨਣਾ ਪਾਇਆ ਅਤੇ ਸਮੇਂ-ਸਮੇਂ ’ਤੇ ਦੇਸ਼ ਨੂੰ ਅਤੇ ਪਾਰਟੀ ਨੂੰ ਦਰਪੇਸ਼ ਮੁਸ਼ਕਲਾਂ ਦੀ ਚਰਚਾ ਵੀ ਕੀਤੀ। ਉਹਨਾ ਕਿਹਾ ਕਿ ਪਾਰਟੀ ਦੀ 25ਵੀਂ (ਸਿਲਵਰ ਜੁਬਲੀ) ਕਾਂਗਰਸ, ਜੋ ਪਾਰਟੀ ਦੇ ਸੌਵੇਂ ਸਾਲ ਵਿੱਚ ਚੰਡੀਗੜ੍ਹ ਵਿਖੇ ਹੋ ਰਹੀ ਹੈ, ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਉਹਨਾ ਲੁਧਿਆਣਾ ਜ਼ਿਲ੍ਹੇ ਦੀ ਪਾਰਟੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਜ਼ਿਲ੍ਹਾ ਹਮੇਸ਼ਾ ਹੀ ਸੂਬੇ ਵਿੱਚ ਮੋਹਰਲੀਆਂ ਕਤਾਰਾਂ ਵਿੱਚ ਰਿਹਾ ਹੈ ਅਤੇ ਹੁਣ ਵੀ ਇਸ ਕਾਂਗਰਸ ਨੂੰ ਨੇਪੜੇ ਚਾੜ੍ਹਨ ਵਿੱਚ ਲੁਧਿਆਣਾ ਦੇ ਸਾਥੀ ਪੂਰਾ ਯੋਗਦਾਨ ਪਾਉਣਗੇ।
ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਗੁਲਜ਼ਾਰ ਗੋਰੀਆ ਨੇ ਦੇਸ਼ ਦੇ ਹਾਲਾਤ ਅਤੇ ਵਧ ਰਹੇ ਗਰੀਬ-ਅਮੀਰ ਦੇ ਪਾੜੇ ਬਾਰੇ ਬੋਲਦਿਆਂ ਕਿਹਾ ਕਿ ਸਾਡੀ ਪਾਰਟੀ ਹੀ ਹਮੇਸ਼ਾ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਲੜੀ ਹੈ। ਲੁਧਿਆਣਾ ਜ਼ਿਲ੍ਹੇ ਵੱਲੋਂ ਬੋਲਦੇ ਹੋਏ ਜਿਲਾ ਸਕੱਤਰ ਸਾਥੀ ਡੀ ਪੀ ਮੌੜ ਨੇ ਵਿਸ਼ਵਾਸ ਦਵਾਇਆ ਕਿ ਲੁਧਿਆਣਾ ਜ਼ਿਲ੍ਹਾ ਪਾਰਟੀ ਕਾਂਗਰਸ ਲਈ ਦਿਨ-ਰਾਤ ਇੱਕ ਕਰਕੇ ’ਕੱਲੇ-’ਕੱਲੇ ਪਿੰਡ ਜਾਵੇਗਾ ਅਤੇ ਅਤੇ ਪਾਰਟੀ ਕਾਂਗਰਸ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਵੇਗਾ।ਇਸ ਮੌਕੇ ਸੂਬਾ ਸਕੱਤਰ ਨੂੰ ਇਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਐੱਮ ਐੱਸ ਭਾਟੀਆ, ਚਮਕੌਰ ਸਿੰਘ, ਰਮੇਸ਼ ਰਤਨ, ਡਾਕਟਰ ਰਜਿੰਦਰ ਪਾਲ ਸਿੰਘ, ਡਾਕਟਰ ਗੁਲਜ਼ਾਰ ਪੰਧੇਰ, ਕੇਵਲ ਸਿੰਘ ਬਨਵੈਤ, ਪਿ੍ਰੰਸੀਪਲ ਜਗਜੀਤ ਸਿੰਘ, ਜਗਦੀਸ਼ ਰਾਏ ਬੌਬੀ, ਰਸ਼ਪਾਲ ਸਿੰਘ, ਵਿਜੇ ਕੁਮਾਰ ਅਤੇ ਅਜੀਤ ਜਵੱਦੀ ਆਦਿ ਨੇ ਸੰਬੋਧਨ ਕੀਤਾ।