ਜੰਮੂ : ਪਿਛਲੇ ਹਫਤੇ ਅਖਨੂਰ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਦੇਖੇ ਗਏ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਅਪ੍ਰੇਸ਼ਨ ਜਾਰੀ ਸੀ। ਖੋਜੀ ਕੁੱਤਿਆਂ, ਡਰੋਨਾਂ ਤੇ ਹੋਰ ਆਧੁਨਿਕ ਉਪਕਰਨਾਂ ਦੀ ਮਦਦ ਲਈ ਜਾ ਰਹੀ ਹੈ। ਥਲ ਸੈਨਾ ਦੀਆਂ ਵੱਖ-ਵੱਖ ਯੂਨਿਟਾਂ ਨੇ ਸਨਿੱਚਰਵਾਰ ਨੂੰ ਭੱਠਲ ਇਲਾਕੇ ਵਿਚ ਅਪ੍ਰੇਸ਼ਨ ਸ਼ੁਰੂ ਕੀਤਾ ਸੀ। ਪਿੰਡ ਵਾਸੀਆਂ ਨੇ ਜੋਗੀਵਨ ਜੰਗਲੀ ਇਲਾਕੇ ਵਿੱਚ ਕੁਝ ਸ਼ੱਕੀ ਨਕਲੋ-ਹਰਕਤ ਦਾ ਦਾਅਵਾ ਕੀਤਾ ਸੀ। ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਇਹ ਮਸ਼ਕੂਕ ਸਰਹੱਦ ਪਾਰੋਂ ਘੁਸਪੈਠ ਕਰਕੇ ਇਸ ਪਾਸੇ ਆਏ ਹਨ। ਇਨ੍ਹਾਂ ਮਸ਼ਕੂਕਾਂ ਦਾ ਅਜੇ ਤੱਕ ਕੋਈ ਖੁਰਾ-ਖੋਜ ਨਾ ਲੱਗਣ ਕਰਕੇ ਹੋਰ ਸੁਰੱਖਿਆ ਬਲਾਂ ਨੂੰ ਤਲਾਸ਼ੀ ਮੁਹਿੰਮ ਵਿਚ ਲਗਾਇਆ ਗਿਆ ਹੈ। ਪਿਛਲੇ ਸਾਲ 28 ਅਤੇ 29 ਅਕਤੂਬਰ ਨੂੰ ਅਖਨੂਰ ਸੈਕਟਰ ਵਿੱਚ ਦੋ ਦਿਨਾਂ ਤੱਕ ਚੱਲੀ ਕਾਰਵਾਈ ’ਚ ਸੁਰੱਖਿਆ ਬਲਾਂ ਨੇ ਪਾਕਿਸਤਾਨ ਅਧਾਰਤ ਜੈਸ਼-ਏ-ਮੁਹੰਮਦ ਦੇ ਤਿੰਨ ਹਥਿਆਰਬੰਦ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ।


