ਹੁਸ਼ਿਆਰਪੁਰ : ਬੀਰਮਪੁਰ ਜੰਗਲੀ ਇਲਾਕੇ ’ਚ ਸਫ਼ੈਦਿਆਂ ਦੇ ਬਾਗ ਦੇ ਆਲੇ-ਦੁਆਲੇ ਲਾਈ ਗਈ ਲੋਹੇ ਦੀ ਤਾਰ ਦੀ ਵਾੜ ’ਚ ਫਸਣ ਕਾਰਨ ਤੇਂਦੂਏ ਦੀ ਮੌਤ ਹੋ ਗਈ। ਇਹ ਘਟਨਾ ਸੋਮਵਾਰ ਉਦੋਂ ਸਾਹਮਣੇ ਆਈ ਜਦੋਂ ਗੜ੍ਹਸ਼ੰਕਰ ਦੇ ਜੰਗਲਾਤ ਰੇਂਜ ਅਧਿਕਾਰੀ ਰਾਜਪਾਲ ਸਿੰਘ ਅਤੇ ਵਣ ਗਾਰਡ ਰਮਨਪ੍ਰੀਤ ਕੌਰ ਨੇ ਪੁਲਸ ਨੂੰ ਸੂਚਿਤ ਕੀਤਾ। ਰਾਜਪਾਲ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਜੰਗਲੀ ਜੀਵ ਸੁਰੱਖਿਆ ਐਕਟ, 2022 ਦੀ ਉਲੰਘਣਾ ਦੇ ਸੰਬੰਧ ’ਚ ਬਾਗ਼ ਦੇ ਮਾਲਕ ਵਿਰੁੱਧ ਕੇਸ ਦਰਜ ਕੀਤਾ ਹੈ। ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਬਾਰੂਦੀ ਸੁਰੰਗ ਧਮਾਕੇ ਨਾਲ 6 ਜਵਾਨ ਜ਼ਖਮੀ
ਜੰਮੂ : ਮੰਗਲਵਾਰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਕੰਟਰੋਲ ਰੇਖਾ ਨੇੜੇ ਨੌਸ਼ਹਿਰਾ ਸੈਕਟਰ ’ਚ ਬਾਰੂਦੀ ਸੁਰੰਗ ਧਮਾਕੇ ’ਚ ਛੇ ਫੌਜੀ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਦੱਸਿਆ-ਇਹ ਘਟਨਾ ਸਵੇਰੇ 10.45 ਵਜੇ ਦੇ ਕਰੀਬ ਵਾਪਰੀ, ਜਦੋਂ ਗਸ਼ਤ ਕਰ ਰਹੇ ਇੱਕ ਜਵਾਨ ਨੇ ਗਲਤੀ ਨਾਲ ਬਾਰੂਦੀ ਸੁਰੰਗ ’ਤੇ ਪੈਰ ਰੱਖ ਦਿੱਤਾ, ਜਿਸ ਕਾਰਨ ਛੇ ਜਵਾਨ ਜ਼ਖਮੀ ਹੋ ਗਏ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਹੈ। ਭਾਰਤ ਵਾਲੇ ਪਾਸੇ ਐੱਲ ਓ ਸੀ ਦੇ ਨੇੜਲੇ ਖੇਤਰਾਂ ਨੂੰ ਬਾਰੂਦੀ ਸੁਰੰਗਾਂ ਲਗਾ ਕੇ ਸੁਰੱਖਿਅਤ ਕੀਤਾ ਗਿਆ ਹੈ ਤਾਂ ਜੋ ਕੰਟਰੋਲ ਰੇਖਾ ਦੇ ਭਾਰਤ ਵਾਲੇ ਪਾਸੇ ਘੁਸਪੈਠ ਅਤੇ ਦਹਿਸ਼ਤਗਰਦੀ ਸਰਗਰਮੀਆਂ ਨੂੰ ਠੱਲ੍ਹ ਪਾਈ ਜਾ ਸਕੇ। ਸੀਨੀਅਰ ਫੌਜੀ ਅਧਿਕਾਰੀ ਨੇ ਕਿਹਾ-ਸਾਡੇ ਪਾਸੇ ਕੰਟਰੋਲ ਰੇਖਾ ਦੇ ਨੇੜੇ ਲਗਾਈਆਂ ਗਈਆਂ ਕੁਝ ਬਾਰੂਦੀ ਸੁਰੰਗਾਂ ਮੀਂਹ ਆਦਿ ਕਾਰਨ ਆਪਣੀ ਉਸ ਅਸਲ ਜਗ੍ਹਾ ਤੋਂ ਹਿੱਲ ਜਾਂਦੀਆਂ ਹਨ, ਜਿੱਥੇ ਉਨ੍ਹਾਂ ਨੂੰ ਗਸ਼ਤ ਦੇ ਨਕਸ਼ੇ ’ਤੇ ਦਰਸਾਇਆ ਗਿਆ ਹੁੰਦਾ ਹੈ। ਅੱਜ ਵਰਗੇ ਦੁਖਾਂਤ ਇਨ੍ਹਾਂ ਬਾਰੂਦੀ ਸੁਰੰਗਾਂ ਕਾਰਨ ਹੀ ਵਾਪਰਦੇ ਹਨ, ਜਿਨ੍ਹਾਂ ਨੂੰ ਡਿ੍ਰਫਟ ਮਾਈਨਜ਼ (ਭਾਵ ਅਸਲ ਥਾਂ ਤੋਂ ਹਿੱਲੀਆਂ ਹੋਈਆਂ ਬਾਰੂਦੀ ਸੁਰੰਗਾਂ) ਕਿਹਾ ਜਾਂਦਾ ਹੈ।



