ਨਿਹਾਲ ਸਿੰਘ ਵਾਲਾ, (ਲਵਲੀ ਮਾਛੀਕੇ)
ਤਿੰਨ ਗੁਰੂਆਂ ਦੀ ਚਰਨਛੋਹ ਪ੍ਰਾਪਤ ਧਰਤੀ ਸ੍ਰੀ ਤਖਤੂਪੁਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਬੁੱਧਵਾਰ ਦੂਜੇ ਦਿਨ ਵੀ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੋਗਾ ਵੱਲੋਂ ਸਿਆਸੀ ਕਾਨਫਰੰਸ ਕੀਤੀ ਗਈ, ਜਿਸ ਵਿੱਚ ਇਲਾਕੇ ਭਰ ਦੇ ਲੋਕਾਂ ਨੇ ਭਾਗ ਲਿਆ। ਸਾਬਕਾ ਐੱਮ ਐੱਲ ਏ ਮੁਨਸ਼ਾ ਸਿੰਘ ਨੂੰ ਸਮਰਪਿਤ ਇਸ ਕਾਨਫਰੰਸ ਦੀ ਪ੍ਰਧਾਨਗੀ ਸੂਬੇਦਾਰ ਜੋਗਿੰਦਰ ਸਿੰਘ ਤਖਤੂਪੁਰਾ ਨੇ ਕੀਤੀ।ਸਭ ਤੋਂ ਪਹਿਲਾਂ ਪਾਰਟੀ ਦੇ ਸੂਬਾ ਕੰਟਰੋਲ ਕਮਿਸ਼ਨ ਦੇ ਮੈਂਬਰ ਜਗਜੀਤ ਸਿੰਘ ਧੂੜਕੋਟ ਨੇ ਆਏ ਹੋਏ ਆਗੂਆਂ ਅਤੇ ਲੋਕਾਂ ਨੂੰ ਜੀ ਆਇਆਂ ਕਿਹਾ।
ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਜਗਰੂਪ ਸਿੰਘ ਨੇ ਕਿਹਾ ਕਿ ਤਜਰਬਾ ਦੱਸਦਾ ਹੈ ਕਿ ਜਦੋਂ ਵੀ ਕਮਿਊਨਿਸਟ ਰਾਜਸੀ ਤੌਰ ’ਤੇ ਤਕੜੇ ਹੋਏ, ਉਨ੍ਹਾਂ ਕਿਰਤ ਕਰਨ ਵਾਲੇ ਲੋਕਾਂ ਦੇ ਹਿੱਤਾਂ ਅਤੇ ਹੱਕਾਂ ਲਈ ਕਾਨੂੰਨ ਬਣਵਾਏ। ਇਸ ਤਜਰਬੇ ’ਚੋਂ ਅਸੀਂ ਕਹਿ ਸਕਦੇ ਹਾਂ ਕਿ ਕਿਰਤੀ ਲੋਕਾਂ ਦੀ ਜ਼ਿੰਦਗੀ ਖੁਸ਼ਹਾਲੀ ਵੱਲ ਲਿਜਾਣ ਲਈ ਕਮਿਊਨਿਸਟਾਂ ਦਾ ਸੱਤਾ ’ਤੇ ਕਾਬਜ਼ ਹੋਣਾ ਜ਼ਰੂਰੀ ਹੈ। ਉਹਨਾ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਲਈ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਗੰਭੀਰ ਹੈ, ਪਰ ਕੇਂਦਰ ਅਤੇ ਪੰਜਾਬ ਸਰਕਾਰ ਕਿਸੇ ਤਰ੍ਹਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ, ਕਿਉਕਿ ਅਸਲ ਵਿੱਚ ਸਾਰੇ ਫੈਸਲੇ ਇਹ ਸਿਆਸੀ ਪਾਰਟੀਆਂ ਨਹੀਂ ਲੈਂਦੀਆਂ, ਸਗੋਂ ਸਰਮਾਏ ਦੇ ਮਾਲਕ ਲੈਂਦੇ ਹਨ। ਇਸ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਟਰੰਪ ਨੇ ਆਪਣਾ ਸਲਾਹਕਾਰ ਦੁਨੀਆ ਦੇ ਵੱਡੇ ਸਰਮਾਏਦਾਰ ਐਲਨ ਮਸਕ ਨੂੰ ਬਣਾਇਆ ਹੈ। ਅੱਜ ਦੀ ਵਿਕਸਤ ਮਸ਼ੀਨਰੀ ਨਾਲ ਜਦੋਂ ਹਰ ਇਕ ਨੂੰ ਕੰਮ ਵਿਚ ਲੈ ਕੇ ਜਾਣ ਲਈ ਕੰਮ ਦਿਹਾੜੀ ਘਟਾਉਣ ਦੀ ਲੋੜ ਹੈ, ਪਰ ਸਰਮਾਏ ਦੀ ਧਿਰ ਹਫ਼ਤੇ ਦੇ 90 ਘੰਟੇ ਅਤੇ ਸੱਤ ਦਿਨ ਕੰਮ ਕਰਵਾਉਣ ਲਈ ਬਜ਼ਿੱਦ ਹੈ। ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਿਸਾਨ ਆਗੂ ਦੀ ਜਾਨ ਬਚਾਈ ਜਾਵੇ।
ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਸ਼ੇਰ ਸਿੰਘ ਦੌਲਤਪੁਰਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ (ਏਟਕ) ਦੇ ਸੂਬਾ ਜਨਰਲ ਸਕੱਤਰ ਜਗਸੀਰ ਸਿੰਘ ਖੋਸਾ, ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਜਸਪ੍ਰੀਤ ਕੌਰ ਬੱਧਨੀ, ਨਰੇਗਾ ਆਗੂ ਮਹਿੰਦਰ ਸਿੰਘ ਧੂੜਕੋਟ ਨੇ ਕਿਹਾ ਕਿ ਵਰਲਡ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ ਨੇ ਹਫ਼ਤੇ ਦੇ 35 ਘੰਟੇ ਕੰਮ ਕਰਨ ਦਾ ਨਾਅਰਾ ਦਿੱਤਾ ਹੈ। ਇਸ ਸਮੇਂ ਏ ਆਈ ਦਾ ਜ਼ਮਾਨਾ ਹੈ, ਜਿਸ ਨਾਲ ਪੈਦਾਵਾਰ ਸਮੇਤ ਹਰ ਖੇਤਰ ਵਿੱਚ ਓਕੜਾਂ ਦਾ ਵਾਧਾ ਹੋਇਆ ਹੈ। ਇਸ ਸਮੇਂ ਕਿਰਤ ਦੀ ਧਿਰ ਆਪਣੀ ਫਿਲਾਸਫੀ ਅਤੇ ਸਿਧਾਂਤ ਤੋਂ ਅਗਵਾਈ ਲੈਂਦਿਆਂ ਕਿਰਤ ਦੀ ਸਰਦਾਰੀ ਵਾਲਾ ਸਮਾਜਵਾਦੀ ਸਮਾਜ ਸਿਰਜਣ ਲਈ ਆਪਣਾ ਪੂਰਾ ਤਾਣ ਲਾਏਗੀ।
ਇਸ ਮੌਕੇ ਇਪਟਾ ਮੋਗਾ ਦੀ ਟੀਮ ਵੱਲੋਂ ਵੀਰਪਾਲ ਕੌਰ ਦੀ ਅਗਵਾਈ ਵਿੱਚ ਗੀਤ, ਨਾਟਕ, ਕੋਰਿਓਗ੍ਰਾਫੀਆਂ, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਵੱਲੋਂ ਕਵੀਸ਼ਰੀਆਂ, ਗਾਇਕ ਇਕਬਾਲ ਸਿੰਘ ਭਾਗੀਕੇ ਨੇ ਗੀਤ ਪੇਸ਼ ਕੀਤੇ।ਸਟੇਜ ਦੀ ਕਾਰਵਾਈ ਨੌਜਵਾਨ ਆਗੂ ਗੁਰਦਿੱਤ ਸਿੰਘ ਦੀਨਾ ਨੇ ਚਲਾਈ।
ਇਸ ਮੌਕੇ ਗੁਰਮੀਤ ਸਿੰਘ ਵਾਂਦਰ, ਸਿਕੰਦਰ ਸਿੰਘ ਮਧੇਕੇ, ਨੌਜਵਾਨ ਆਗੂ ਜਗਵਿੰਦਰ ਸਿੰਘ ਕਾਕਾ, ਇੰਦਰਜੀਤ ਸਿੰਘ ਦੀਨਾ, ਡਾਕਟਰ ਇੰਦਰਵੀਰ ਗਿੱਲ, ਐਪਸੋ ਆਗੂ ਇੰਜ. ਸਵਰਨ ਸਿੰਘ ਖੋਸਾ, ਬੋਹੜ ਸਿੰਘ ਬੁੱਟਰ, ਸਵਰਾਜ ਸਿੰਘ ਖੋਸਾ, ਬਲਵਿੰਦਰ ਸਿੰਘ ਬਹੋਨਾ, ਸੁਖਦੇਵ ਸਿੰਘ ਧੂੜਕੋਟ ਕੈਨੇਡੀਅਨ, ਗੁਰਪ੍ਰੀਤ ਕੌਰ ਬੀੜ ਰਾਊਕੇ, ਬੁੱਗਰ ਸਿੰਘ ਮਾਣੂੰਕੇ, ਕੇਵਲ ਸਿੰਘ, ਕੁਲਵੰਤ ਸਿੰਘ ਰਾਊਕੇ, ਮਾਸਟਰ ਰਜਿੰਦਰ ਸਿੰਘ ਤਖਤੂਪੁਰਾ, ਬਲਰਾਜ ਸਿੰਘ ਬੱਧਨੀ, ਲਛਮਣ ਸਿੰਘ ਸੈਦੋਕੇ ਤੇ ਰਘਬੀਰ ਸਿੰਘ ਰਣਸੀਂਹ ਕਲਾਂ ਹਾਜ਼ਰ ਸਨ।





