ਮੁੰਬਈ : ਆਈ ਐੱਨ ਐੱਸ ਸੂਰਤ, ਆਈ ਐੱਨ ਐੱਸ ਨੀਲਗਿਰੀ ਅਤੇ ਆਈ ਐੱਨ ਐੱਸ ਵਾਘਸ਼ੀਰ ਨੂੰ ਬੁੱਧਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ’ਚ ਇੱਥੇ ਜਲ ਸੈਨਾ ਡੌਕਯਾਰਡ ਵਿਖੇ ਕਮਿਸ਼ਨ ਕੀਤਾ ਗਿਆ। ਸਮੁੰਦਰੀ ਫੌਜ ਨੇ ਕਿਹਾ ਹੈ ਕਿ ਇਨ੍ਹਾਂ ਦੋ ਜੰਗੀ ਜਹਾਜ਼ਾਂ ਤੇ ਇੱਕ ਪਣਡੁੱਬੀ ਦੀ ਕਮਿਸ਼ਨਿੰਗ ਭਾਰਤ ਦੀ ਰੱਖਿਆ ਸਵੈ-ਨਿਰਭਰਤਾ ਅਤੇ ਸਵਦੇਸ਼ੀ ਜਹਾਜ਼ ਨਿਰਮਾਣ ਸਮਰਥਾਵਾਂ ’ਚ ਇੱਕ ਮਹੱਤਵਪੂਰਨ ਕਦਮ ਹੈ। ਤਿੰਨੋਂ ਪੂਰੀ ਤਰ੍ਹਾਂ ਭਾਰਤ ’ਚ ਡਿਜ਼ਾਈਨ ਕੀਤੇ ਅਤੇ ਬਣਾਏ ਗਏ ਹਨ, ਜੋ ਕਿ ਰੱਖਿਆ ਉਤਪਾਦਨ ’ਚ ਦੇਸ਼ ਦੀ ਵਧ ਰਹੀ ਮੁਹਾਰਤ ਦਾ ਵੀ ਉੱਘੜਵਾਂ ਝਲਕਾਰਾ ਹੈ। ਅਧਿਕਾਰੀਆਂ ਅਨੁਸਾਰ ਇਹ ਤਿੰਨੇ ਵਿਆਪਕ ਅਜ਼ਮਾਇਸ਼ਾਂ ਵਿੱਚੋਂ ਲੰਘੇ ਹਨ ਅਤੇ ਹੁਣ ਪੂਰੀ ਤਰ੍ਹਾਂ ਕਾਰਜਸ਼ੀਲ ਹਨ, ਜੋ ਜਲ ਸੈਨਾ ਦੀ ਸਮੁੰਦਰੀ ਤਾਕਤ ਨੂੰ ਵਧਾਉਣ ਲਈ ਤਿਆਰ ਹਨ।
ਇਸ ਮੌਕੇ ਮੋਦੀ ਨੇ ਕਿਹਾ ਕਿ ਭਾਰਤ ਇੱਕ ਵੱਡੀ ਸਮੁੰਦਰੀ ਤਾਕਤ ਬਣ ਰਿਹਾ ਹੈ ਅਤੇ ਦੁਨੀਆ ’ਚ ਇੱਕ ਭਰੋਸੇਮੰਦ ਤੇ ਜ਼ਿੰਮੇਵਾਰ ਭਾਈਵਾਲ ਵਜੋਂ ਮਾਨਤਾ ਹਾਸਲ ਕਰ ਰਿਹਾ ਹੈ। ਉਨ੍ਹਾ ਕਿਹਾ ਕਿ ਪਹਿਲੀ ਵਾਰ ਇੱਕ ਡਿਸਟ੍ਰਾਇਰ, ਇੱਕ ਫ੍ਰੀਗੇਟ ਅਤੇ ਇੱਕ ਪਣਡੁੱਬੀ ਨੂੰ ਇਕੱਠਿਆਂ ਕਮਿਸ਼ਨ ਕੀਤਾ ਗਿਆ ਹੈ ਅਤੇ ਇਹ ਤਿੰਨੋਂ ‘ਮੇਡ ਇਨ ਇੰਡੀਆ’ ਹਨ। ਉਨ੍ਹਾ ਕਿਹਾਸਾਨੂੰ ਸਮੁੰਦਰ ਨੂੰ ਨਸ਼ਿਆਂ, ਹਥਿਆਰਾਂ ਅਤੇ ਅੱਤਵਾਦ ਤੋਂ ਸੁਰੱਖਿਅਤ ਬਣਾਉਣ ’ਚ ਵਿਸ਼ਵਵਿਆਪੀ ਭਾਈਵਾਲ ਬਣਨਾ ਚਾਹੀਦਾ ਹੈ। ਨੀਲਗਿਰੀ 17 ਏ ਸਟੀਲਥ ਫ੍ਰੀਗੇਟ (ਜੰਗੀ ਜਹਾਜ਼) ਕਲਾਸ ਦਾ ਮੁੱਖ ਜਹਾਜ਼ ਹੈ। ਇਸੇ ਤਰ੍ਹਾਂ ਆਈ ਐੱਨ ਐੱਸ ਸੂਰਤ 15 ਬੀ ਸਟੀਲਥ ਡਿਸਟ੍ਰਾਇਰ ਕਲਾਸ ਦਾ ਚੌਥਾ ਅਤੇ ਆਖਰੀ ਜਹਾਜ਼ ਹੈ, ਜੋ ਕੋਲਕਾਤਾ-ਕਲਾਸ ਡਿਸਟ੍ਰਾਇਰਾਂ ਦੀ ਅਗਲੀ ਕੜੀ ਹੈ। ਦੂਜੇ ਪਾਸੇ ਵਾਘਸ਼ੀਰ ਸਕਾਰਪੀਨ-ਕਲਾਸ ਪ੍ਰੋਜੈਕਟ 75 ਦੇ ਅਧੀਨ ਛੇਵੀਂ ਅਤੇ ਆਖਰੀ ਪਣਡੁੱਬੀ ਹੈ।



