ਡੱਲੇਵਾਲ ਦੀਆਂ ਮੈਡੀਕਲ ਰਿਪੋਰਟਾਂ ਏਮਜ਼ ਤੋਂ ਚੈੱਕ ਕਰਾਉਣ ਦੇ ਹੁਕਮ

0
115

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਡਾਇਰੈਕਟਰ ਨੂੰ ਹੁਕਮ ਦਿੱਤਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ਦੀ ਜਾਂਚ ਕਰਨ ਲਈ ਮਾਹਰਾਂ ਦਾ ਇਕ ਪੈਨਲ ਕਾਇਮ ਕੀਤਾ ਜਾਵੇ। ਉਸ ਨੇ ਇਹ ਹੁਕਮ ਇਸ ਕਾਰਨ ਸੁਣਾਏ ਕਿ ਡੱਲੇਵਾਲ ਦੀ ਸਿਹਤ ਦੇ ਮਾਮਲੇ ਉਤੇ ਬੁੱਧਵਾਰ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ ਕਿਸਾਨ ਆਗੂ ਦੇ ਸਿਹਤ ਮਾਪਦੰਡ ਸਥਿਰ ਹਨ ਅਤੇ ਸੁਧਰ ਰਹੇ ਹਨ।
ਸੁਪਰੀਮ ਕੋਰਟ ਦੇ ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਐੱਨ ਕੋਟੀਸ਼ਵਰ ਸਿੰਘ ਦੀ ਬੈਂਚ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਹਦਾਇਤ ਦਿੱਤੀ ਕਿ ਉਹ ਦਿਨ ਵੇਲੇ ਡੱਲੇਵਾਲ ਦੀ ਸਿਹਤ ਬਾਰੇ 19 ਦਸੰਬਰ, 24 ਦਸੰਬਰ ਅਤੇ 30 ਦਸੰਬਰ 2024 ਅਤੇ 3 ਜਨਵਰੀ, 9 ਜਨਵਰੀ ਅਤੇ 14 ਜਨਵਰੀ 2025 ਦੀਆਂ ਛੇ ਮੈਡੀਕਲ ਰਿਪੋਰਟਾਂ ਦਾ ਸੰਗ੍ਰਹਿ ਸੁਪਰੀਮ ਕੋਰਟ ਦੇ ਰਜਿਸਟਰਾਰ (ਨਿਆਂਇਕ) ਨੂੰ ਸੌਂਪ ਦੇਣ। ਬੈਂਚ ਨੇ ਸੁਪਰੀਮ ਕੋਰਟ ਦੇ ਰਜਿਸਟਰਾਰ ਨੂੰ ਹਦਾਇਤ ਦਿੱਤੀ ਕਿ ਉਹ ਮਾਹਰ ਪੈਨਲ ਤੋਂ ਡੱਲੇਵਾਲ ਦੀਆਂ ਟੈਸਟ ਰਿਪੋਰਟਾਂ ’ਤੇ ਰਾਇ ਲੈਣ ਲਈ ਇਹ ਰਿਪੋਰਟਾਂ ਏਮਜ਼ ਦੇ ਡਾਇਰੈਕਟਰ ਨੂੰ ਭੇਜਣ।
ਏਮਜ਼ ਦੇ ਮਾਹਰ ਪੈਨਲ ਦੀ ਰਾਇ ਦੀ ਉਡੀਕ ਕਰਦੇ ਹੋਏ ਬੈਂਚ ਨੇ ਮਾਮਲੇ ਦੀ ਸੁਣਵਾਈ 22 ਜਨਵਰੀ ਤੱਕ ਲਈ ਟਾਲ ਦਿੱਤੀ। ਬੈਂਚ ਨੇ ਇਹ ਹੁਕਮ ਹਰਿਆਣਾ ਸਰਕਾਰ ਦੀ ਉਸ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਣਾਏ ਹਨ, ਜਿਸ ’ਚ ਹਰਿਆਣਾ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ, ਜਿਨ੍ਹਾਂ ਵਿੱਚ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹਰਿਆਣਾ ਪੁਲਸ ਵੱਲੋਂ ਬਾਰਡਰ ਉਤੇ ਲਗਾਏ ਗਏ ਬੈਰੀਕੇਡਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ। ਨਾਲ ਹੀ ਬੈਂਚ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਤੇ ਡੀ ਜੀ ਪੀ ਵਿਰੁੱਧ ਦਾਇਰ ਇੱਕ ਮਾਣਹਾਨੀ ਪਟੀਸ਼ਨ ਦੀ ਸੁਣਵਾਈ ਵੀ ਕੀਤੀ ਜਾ ਰਹੀ ਹੈ।
ਬੈਂਚ ਨੇ ਹੈਰਾਨੀ ਜ਼ਾਹਰ ਕੀਤੀ ਕਿ ਕਰੀਬ 50 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਵਿਅਕਤੀ ਦੇ ਸਿਹਤ ਮਾਪਦੰਡਾਂ ’ਚ ਕਿਵੇਂ ਸੁਧਾਰ ਹੋ ਰਿਹਾ ਹੈ। ਅਦਾਲਤ ਦੀਆਂ ਟਿੱਪਣੀਆਂ ਪੰਜਾਬ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਵੱਲੋਂ ਉਹ ਰਿਪੋਰਟਾਂ ਪੇਸ਼ ਕੀਤੇ ਜਾਣ ਤੋਂ ਬਾਅਦ ਆਈਆਂ ਕਿ ਉਸ (ਡੱਲੇਵਾਲ) ਦੇ ਮਾਪਦੰਡ ਇਸ ਸਮੇਂ ਠੀਕ ਹਨ। ਜਿਵੇਂ ਹੀ ਸਿੱਬਲ ਨੇ ਕਿਹਾ ਕਿ ਡੱਲੇਵਾਲ ਦੇ ਸਿਹਤ ਮਾਪਦੰਡਾਂ ’ਚ ਸੁਧਾਰ ਹੋ ਰਿਹਾ ਹੈ, ਜਸਟਿਸ ਕਾਂਤ ਨੇ ਉਨ੍ਹਾ ਨੂੰ ਮੋੜਵਾਂ ਸਵਾਲ ਕਰਦਿਆਂ ਪੁੱਛਿਆਤਾਜ਼ਾ ਮਾਪਦੰਡ ਕਿੱਥੇ ਹਨ? ਪਿਛਲੀ ਵਾਰ ਕੁਝ ਅਧਿਕਾਰੀਆਂ ਨੇ ਹਲਫਨਾਮਾ ਦਾਇਰ ਕੀਤਾ ਸੀ ਕਿ ਉਸ ਦੀ ਹਾਲਤ ਵਿਗੜ ਰਹੀ ਹੈ, ਹੁਣ ਤੁਸੀਂ ਕਹਿ ਰਹੇ ਹੋ ਕਿ ਉਸ ਦੇ ਮਾਪਦੰਡਾਂ ’ਚ ਸੁਧਾਰ ਹੋ ਰਿਹਾ ਹੈ, ਇਹ ਕਿਵੇਂ ਹੋ ਸਕਦਾ ਹੈ?