ਪਾਤੜਾਂ : ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੀ ਅਗਵਾਈ ਹੇਠ 111 ਕਿਸਾਨਾਂ ਦੇ ਜਥੇ ਨੇ ਬੁੱਧਵਾਰ ਨੂੰ ਮਰਨ ਵਰਤ ਸ਼ੁਰੂ ਕਰ ਦਿੱਤਾ। ਕਿਸਾਨਾਂ ਦੇ ਇਸ ਜਥੇ ਨੇ ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ ਹਰਿਆਣਾ ਪੁਲਸ ਵੱਲੋਂ ਕੀਤੀ ਗਈ ਬੈਰੀਕੇਡਿੰਗ ਕੋਲ ਸ਼ਾਂਤਮਈ ਧਰਨਾ ਦੇਣ ਤੋਂ ਬਾਅਦ ਆਪਣਾ ਮਰਨ ਵਰਤ ਸ਼ੁਰੂ ਕੀਤਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਭੁੱਖ-ਹੜਤਾਲ ਨਾ ਹੋ ਕੇ ਮਰਨ ਵਰਤ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਮਰਨ ਵਰਤ ਉਦੋਂ ਰੱਖਣਾ ਪਿਆ, ਜਦੋਂ ਸਰਕਾਰ ਨੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰ ਰੱਖਿਆ ਸੀ ਤੇ ਹੁਣ 111 ਕਿਸਾਨਾਂ ਨੂੰ ਮਰਨ ਵਰਤ ’ਤੇ ਬੈਠਣਾ ਪਿਆ ਹੈ। ਕਿਸਾਨ ਆਗੂ ਯਾਦਵਿੰਦਰ ਬੁਰੜ ਨੇ ਕਿਹਾ ਕਿ ਡੱਲੇਵਾਲ ਨੇ ਸਾਰਿਆਂ ’ਚ ਉਤਸ਼ਾਹ ਭਰਿਆ ਹੈ ਅਤੇ ਹੁਣ ਹਜ਼ਾਰਾਂ ਕਿਸਾਨ ਮਰਨ ਲਈ ਤਿਆਰ ਹਨ। ਇਸ ਅੰਦੋਲਨ ਲਈ ਕਿਸਾਨਾਂ ਦਾ ਜੋਸ਼ ਸਿਖਰਾਂ ਉਤੇ ਪੁੱਜਿਆ ਹੋਇਆ ਹੈ।





