ਭਾਜਪਾ ਆਗੂਆਂ ਦੇ ਕਾਰੇ

0
172

ਹਰਿਆਣਾ ਭਾਜਪਾ ਦੇ ਪ੍ਰਧਾਨ ਮੋਹਨ ਲਾਲ ਬੜੌਲੀ ਦਾ ਨਾਂਅ ਵੀ ਉਨ੍ਹਾਂ ਭਾਜਪਾ ਆਗੂਆਂ ਦੀ ਲਿਸਟ ਵਿੱਚ ਜੁੜ ਗਿਆ ਹੈ, ਜਿਨ੍ਹਾਂ ’ਤੇ ਬਲਾਤਕਾਰ ਦੇ ਦੋਸ਼ ਲੱਗੇ ਹਨ। ਪਛੜ ਕੇ ਬਾਹਰ ਆਈ ਖਬਰ ਮੁਤਾਬਕ ਦਿੱਲੀ ਦੀ ਇਕ ਮਹਿਲਾ ਨੇ 13 ਦਸੰਬਰ ਨੂੰ ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਕਸੌਲੀ ਥਾਣੇ ਵਿੱਚ ਐੱਫ ਆਈ ਆਰ ਦਰਜ ਕਰਾਈ ਕਿ ਉਸ ਨਾਲ 3 ਜੁਲਾਈ 2023 ਨੂੰ ਕਸੌਲੀ ਦੇ ਮੰਕੀ ਪੁਆਇੰਟ ਰੋਡ ’ਤੇ ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਵਿਕਾਸ ਨਿਗਮ ਦੇ ਹੋਟਲ ’ਚ ਬੜੌਲੀ ਤੇ ਗਾਇਕ ਰੌਕੀ ਮਿੱਤਲ ਉਰਫ ਜੈ ਭਗਵਾਨ ਨੇ ਗੈਂਗਰੇਪ ਕੀਤਾ। ਮਾਮਲਾ ਪੁਰਾਣਾ ਹੈ ਤੇ ਹੁਣ ਹਿਮਾਚਲ ਪੁਲਸ ਦੀ ਪਰਖ ਹੋਵੇਗੀ ਕਿ ਉਹ ਇਸ ਨੂੰ ਕਿਵੇਂ ਸਿਰੇ ਲਾਉਦੀ ਹੈ। ਹਾਲਾਂਕਿ ਬੜੌਲੀ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਹੈ ਕਿ ਦਿੱਲੀ ਅਸੈਂਬਲੀ ਚੋਣਾਂ ਨੂੰ ਪ੍ਰਭਾਵਤ ਕਰਨ ਲਈ ਉਨ੍ਹਾ ਦਾ ਨਾਂਅ ਘਸੀਟਿਆ ਜਾ ਰਿਹਾ ਹੈ, ਪਰ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਅਨਿਲ ਵਿੱਜ ਨੇ ਦੋਸ਼ ਨੂੰ ਬਹੁਤ ਗੰਭੀਰ ਦੱਸਦਿਆਂ ਵਿਸ਼ਵਾਸ ਪ੍ਰਗਟਾਇਆ ਹੈ ਕਿ ਭਾਜਪਾ ਹਾਈਕਮਾਨ ਢੁੱਕਵੀਂ ਕਾਰਵਾਈ ਕਰੇਗੀ।
ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ਦੇ ਭਾਜਪਾ ਆਗੂ ਅਜੀਤ ਪਾਲ ਸਿੰਘ ਚੌਹਾਨ ਨੂੰ ਭਾਜਪਾ ਮਹਿਲਾ ਆਗੂ ਨਾਲ ਬਲਾਤਕਾਰ ਤੇ ਜਬਰੀ ਵਸੂਲੀ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਗਿਆ ਸੀ। ਐੱਫ ਆਈ ਆਰ ਮੁਤਾਬਕ ਮਹਿਲਾ ਆਗੂ ਨਾਲ ਟਿਕਟ ਦੇਣ ਦੇ ਬਹਾਨੇ ਕਥਿਤ ਤੌਰ ’ਤੇ ਬਲਾਤਕਾਰ ਕੀਤਾ ਗਿਆ। ਮਹਿਲਾ ਨੇ ਦੋਸ਼ ਲਾਇਆ ਕਿ ਚੌਹਾਨ ਨੇ ਘਟਨਾ ਦੀ ਵੀਡੀਓ ਬਣਾ ਕੇ ਪੈਸੇ ਮੰਗੇ। ਉਸ ਦੇ ਪਤੀ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਤੇ ਸਹੁਰੇ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਪੈਸੇ ਦੇਣ ਲਈ ਮਜਬੂਰ ਕੀਤਾ। ਨਮੋਸ਼ੀ ਦੇ ਬਾਅਦ ਭਾਜਪਾ ਵੱਲੋਂ ਚੌਹਾਨ ਨੂੰ ਪਾਰਟੀ ਵਿੱਚੋਂ ਕੱਢਣਾ ਪਿਆ। ਪਿਛਲੇ ਸਾਲ ਹਿਮਾਚਲ ਦੇ ਭਾਜਪਾ ਵਿਧਾਇਕ ਹੰਸ ਰਾਜ ਉੱਤੇ 20 ਸਾਲਾ ਮੁਟਿਆਰ ਨੇ ਛੇੜਛਾੜ ਦਾ ਦੋਸ਼ ਲਾਇਆ ਸੀ। ਹਾਲਾਂਕਿ ਬਾਅਦ ਵਿੱਚ ਉਸ ਨੇ ਇਹ ਕਹਿੰਦਿਆਂ ਦੋਸ਼ ਵਾਪਸ ਲੈ ਲਿਆ ਸੀ ਕਿ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਸ ਦੇ ਪਿਤਾ ਭਾਜਪਾ ਦੇ ਹੀ ਬੂਥ ਆਗੂ ਹਨ। ਸਾਬਕਾ ਭਾਜਪਾ ਸਾਂਸਦ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਵੇਲੇ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ’ਤੇ ਮਹਿਲਾ ਭਲਵਾਨਾਂ ਵੱਲੋਂ ਲਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ ਤੇ ਮਹਿਲਾ ਭਲਵਾਨਾਂ ਵੱਲੋਂ ਚਲਾਏ ਗਏ ਅੰਦੋਲਨ ਬਾਰੇ ਇੱਥੇ ਵਿਸਥਾਰ ’ਚ ਦੱਸਣ ਦੀ ਲੋੜ ਨਹੀਂ। ਯੂ ਪੀ ਦੇ ਭਾਜਪਾ ਦੇ ਵੇਲੇ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ’ਤੇ ਵੀ ਬਲਾਤਕਾਰ ਦਾ ਦੋਸ਼ ਲੱਗਿਆ ਸੀ। ਕੁੜੀ ਨੇ ਕਿਹਾ ਸੀ ਕਿ ਜਦੋਂ ਜੂਨ 2017 ਵਿੱਚ ਉਹ ਨੌਕਰੀ ਮੰਗਣ ਉਹਦੇ ਕੋਲ ਗਈ ਤਾਂ ਸੇਂਗਰ ਨੇ ਬਲਾਤਕਾਰ ਕੀਤਾ। ਵਿਧਾਇਕ ਦੇ ਭਰਾ ਅਤੁਲ ਸਿੰਘ ਸੇਂਗਰ ਤੇ ਉਸ ਦੇ ਸਾਥੀਆਂ ਨੇ ਪੀੜਤਾ ਨਾਲ ਕੁੱਟਮਾਰ ਕੀਤੀ ਸੀ ਤੇ ਉਸ ਦੇ ਬਾਅਦ ਪੁਲਸ ਹਿਰਾਸਤ ’ਚ ਪੀੜਤਾ ਦੇ ਪਿਤਾ ਦੀ ਮੌਤ ਹੋ ਗਈ ਸੀ। ਕਰਨਾਟਕ ਵਿੱਚ ਭਾਜਪਾ ਦੇ ਸਹਿਯੋਗੀ ਜਨਤਾ ਦਲ (ਸੈਕੂਲਰ) ਦੇ ਵੇਲੇ ਦੇ ਸਾਂਸਦ ਪ੍ਰਜਵਲ ਰੇਵੰਨਾ ਖਿਲਾਫ ਬਲਾਤਕਾਰ ਤੇ ਅਗਵਾ ਦੀ ਐੱਫ ਆਈ ਆਰ ਦਰਜ ਕੀਤੀ ਗਈ। ਐੱਫ ਆਈ ਆਰ ਵਿੱਚ ਵਾਰ-ਵਾਰ ਬਲਾਤਕਾਰ ਕਰਨ, ਧਮਕੀਆਂ, ਨਗਨ ਤੇ ਅਰਧ-ਨਗਨ ਤਸਵੀਰਾਂ ਅਪਲੋਡ ਕਰਨ ਦੀਆਂ ਧਾਰਾਵਾਂ ਸ਼ਾਮਲ ਕਰਕੇ ਵਿਸ਼ੇਸ਼ ਜਾਂਚ ਟੀਮ ਜਾਂਚ ਕਰ ਰਹੀ ਹੈ। ਇਨ੍ਹਾਂ ਦੋਸ਼ਾਂ ਦਰਮਿਆਨ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਵੰਨਾ ਦੇ ਹੱਕ ’ਚ ਪ੍ਰਚਾਰ ਕੀਤਾ। ਅਗਸਤ 2019 ਵਿੱਚ ਸਾਬਕਾ ਭਾਜਪਾ ਕੇਂਦਰੀ ਮੰਤਰੀ ਤੇ ਯੂ ਪੀ ਦੇ ਸ਼ਾਹਜਹਾਂਪੁਰ ਦੇ ਲਾਅ ਕਾਲਜ ‘ਸਵਾਮੀ ਸ਼ੁਕਦੇਵਾਨੰਦ ਵਿਧੀ ਮਹਾਂਵਿਦਿਆਲਿਆ’ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਾਮੀ ਚਿਨਮਯਾਨੰਦ ਉੱਤੇ ਵਿਦਿਆਰਥਣ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਅਪਲੋਡ ਕਰਕੇ ਉਸ ਦਾ ਹੀ ਨਹੀਂ, ਕਈ ਕੁੜੀਆਂ ਦਾ ਸਰੀਰਕ ਸ਼ੋਸ਼ਣ ਕਰਕੇ ਜ਼ਿੰਦਗੀ ਬਰਬਾਦ ਕਰਨ ਦੇ ਦੋਸ਼ ਲਾਏ ਸਨ। ਵਿਦਿਆਰਥਣ ਨੇ ਕਿਹਾ ਸੀ ਕਿ ਚਿਨਮਯਾਨੰਦ ਨੇ ਇਕ ਸਾਲ ਤੱਕ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਨੇ ਆਤਮਦਾਹ ਦੀ ਧਮਕੀ ਵੀ ਦਿੱਤੀ ਸੀ। ਇਸ ਦੇ ਬਾਅਦ ਸੁਪਰੀਮ ਕੋਰਟ ਨੇ ਮਾਮਲੇ ’ਚ ਦਖਲ ਦਿੱਤਾ ਤਾਂ ਜਾ ਕੇ ਕੇਸ ਦਰਜ ਕਰਕੇ 2019 ਦੇ ਸਤੰਬਰ ਮਹੀਨੇ ’ਚ ਉਸ ਨੂੰ ਗਿ੍ਰਫਤਾਰ ਕੀਤਾ ਗਿਆ। ਆਈ ਆਈ ਟੀ-ਬਨਾਰਸ ਹਿੰਦੂ ਯੂਨੀਵਰਸਿਟੀ ਦੀ ਬੀ ਟੈੱਕ ਦੀ 20 ਸਾਲਾ ਵਿਦਿਆਰਥਣ ਨਾਲ 2023 ਵਿੱਚ ਤਿੰਨ ਜਣਿਆਂ ਨੇ ਗੈਂਗਰੇਪ ਕੀਤਾ। ਇਹ ਤਿੰਨੋਂ ਭਾਜਪਾ ਦੇ ਆਈ ਟੀ ਸੈੱਲ ਦੇ ਅਹੁਦੇਦਾਰ ਸਨ। ਇਨ੍ਹਾਂ ਦੀਆਂ ਤਸਵੀਰਾਂ ਮੋਦੀ, ਯੋਗੀ ਤੇ ਜੇ ਪੀ ਨੱਢਾ ਵਰਗੇ ਆਗੂਆਂ ਨਾਲ ਸਾਹਮਣੇ ਆਈਆਂ ਸਨ। ਇਨ੍ਹਾਂ ਨੂੰ ਫੜਨ ’ਚ ਪੁਲਸ ਨੂੰ ਕਈ ਮਹੀਨੇ ਲੱਗੇ। ਭਾਜਪਾ ਦੀ ਇੱਕ ਤਰਜਮਾਨ ਨੇਹਾ ਸ਼ਾਲਿਨੀ ਨੇ ਦੋਸ਼ ਲਾਇਆ ਸੀ ਕਿ ਭਾਜਪਾ ਵਿੱਚ ਸ਼ਕਲ-ਸੂਰਤ ਦੇਖ ਕੇ ਮਹਿਲਾਵਾਂ ਨੂੰ ਅਹੁਦੇ ਦਿੱਤੇ ਜਾਂਦੇ ਹਨ। ਜਿਹੜੀਆਂ ਸਮਝੌਤੇ ਨਹੀਂ ਕਰਦੀਆਂ, ਉਨ੍ਹਾਂ ਨੂੰ ਤੰਗ ਕੀਤਾ ਜਾਂਦਾ ਹੈ।
ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਦਾ ਕਹਿਣਾ ਹੈ ਕਿ ਭਾਜਪਾ ਆਗੂ ਬਿਨਾਂ ਡਰ ਦੇ ਅਜਿਹੀਆਂ ਹਰਕਤਾਂ ਇਸ ਲਈ ਕਰਦੇ ਹਨ, ਕਿਉਕਿ ਪਾਰਟੀ ਉਨ੍ਹਾਂ ਨਾਲ ਖੜ੍ਹਦੀ ਹੈ। ਪ੍ਰਧਾਨ ਮੰਤਰੀ ਦਾ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦਾ ਨਾਅਰਾ ਖੋਖਲਾ ਹੈ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਭਾਜਪਾ ਮਹਿਲਾ ਮੋਰਚਾ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਤੇ ਹੋਰ ਵੱਡੇ ਆਗੂਆਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਏਨੇ ਗੰਭੀਰ ਦੋਸ਼ ਦੇ ਬਾਵਜੂਦ ਉਨ੍ਹਾਂ ਦਾ ਹਰਿਆਣਾ ਦਾ ਪ੍ਰਧਾਨ ਅਹੁਦੇ ’ਤੇ ਕਾਇਮ ਕਿਵੇਂ ਹੈ?