ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਦਿੱਲੀ ’ਚ ਪਟੇਲ ਨਗਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਵੇਸ਼ ਰਤਨ ਦੇ ਸਮਰਥਨ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ।
ਮਾਨ ਨੇ ਨਿੱਘੇ ਸਵਾਗਤ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਇਮਾਨਦਾਰ ਰਾਜਨੀਤੀ ਰਾਹੀਂ ਦੇਸ਼ ਦੀ ਸੇਵਾ ਕਰਨ ਲਈ ਬਤੌਰ ਇਨਕਮ ਟੈਕਸ ਕਮਿਸ਼ਨਰ ਦੀ ਨੌਕਰੀ ਛੱਡ ਦਿੱਤੀ। ਉਨ੍ਹਾ ਦੀ ਇਮਾਨਦਾਰੀ ਰਵਾਇਤੀ ਪਾਰਟੀਆਂ ਲਈ ਖ਼ਤਰਾ ਹੈ, ਜੋ ਲੋਕਾਂ ਦੀ ਭਲਾਈ ਨਾਲੋਂ ਆਪਣੀ ਸ਼ਕਤੀ ਨੂੰ ਤਰਜੀਹ ਦਿੰਦੀਆਂ ਹਨ।ਇਸੇ ਤਰ੍ਹਾਂ ਜਦੋਂ ਮੈਂ ਕਾਮੇਡੀ ਕਿੰਗ ਸੀ ਤਾਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਮੇਰੀ ਤਾਰੀਫ਼ ਕੀਤੀ, ਪਰ ਹੁਣ ਉਹ ਮੇਰੇ ਤੋਂ ਡਰਦੇ ਹਨ, ਕਿਉਕਿ ਮੈਂ ਉਨ੍ਹਾਂ ਦੇ ਭਿ੍ਰਸ਼ਟ ਕੰਮਾਂ ਨੂੰ ਚੁਣੌਤੀ ਦਿੰਦਾ ਹਾਂ।
ਉਹਨਾ ਕਿਹਾ ਕਿ ਕਾਂਗਰਸ ਜ਼ੀਰੋ ਸੀਟਾਂ ਦਾ ਆਪਣਾ ਰਿਕਾਰਡ ਬਰਕਰਾਰ ਰੱਖੇਗੀ।ਭਾਜਪਾ ਝੂਠ ਫੈਲਾ ਰਹੀ ਹੈ, ਪਰ ਲੋਕ ਸੱਚ ਜਾਣਦੇ ਹਨ।5 ਫਰਵਰੀ ਨੂੰ ਇਮਾਨਦਾਰ ਅਤੇ ਪ੍ਰਗਤੀਸ਼ੀਲ ਸ਼ਾਸਨ ਯਕੀਨੀ ਬਣਾਉਣ ਲਈ ਸਿਰਫ਼ ‘ਆਪ’ ਨੂੰ ਵੋਟ ਦਿਓ। ਮਾਨ ਨੇ ਕਰੋਲ ਬਾਗ ਵਿੱਚ ਇੱਕ ਵੱਡਾ ਰੋਡ ਸ਼ੋਅ ਕੀਤਾ।
ਉਹਨਾ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਦਾਅਵਾ ਕੀਤਾ ਕਿ 5 ਫਰਵਰੀ ਨੂੰ ਇਕ ਵਾਰ ਫਿਰ ਦਿੱਲੀ ’ਚ ਝਾੜੂ ਚੱਲੇਗਾ ਅਤੇ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ।





