ਡੀਰ-ਅਲ-ਬਲਾਹ (ਗਾਜ਼ਾ ਪੱਟੀ)
ਹਮਾਸ ਵੱਲੋਂ ਰਿਹਾਅ ਕੀਤੇ ਜਾਣ ਵਾਲੇ ਤਿੰਨ ਬੰਦੀਆਂ ਦੇ ਨਾਂਅ ਦੱਸਣ ਮਗਰੋਂ ਐਤਵਾਰ ਗਾਜ਼ਾ ਵਿੱਚ ਤਿੰਨ ਘੰਟੇ ਦੀ ਦੇਰੀ ਨਾਲ ਜੰਗਬੰਦੀ ਦਾ ਅਮਲ ਸ਼ੁਰੂ ਹੋ ਗਿਆ। ਜੰਗਬੰਦੀ ਦੇ ਪਹਿਲੇ ਗੇੜ ਤਹਿਤ ਗਾਜ਼ਾ ਤੋਂ 33 ਬੰਦੀਆਂ ਨੂੰ ਰਿਹਾਅ ਕੀਤਾ ਜਾਵੇਗਾ, ਜਦੋਂਕਿ ਇਜ਼ਰਾਈਲ ਸੈਂਕੜੇ ਫਲਸਤੀਨੀ ਕੈਦੀਆਂ ਤੇ ਹੋਰ ਬੰਦੀਆਂ ਨੂੰ ਰਿਹਾਅ ਕਰੇਗਾ। ਇਜ਼ਰਾਈਲੀ ਫੌਜਾਂ ਗਾਜ਼ਾ ਅੰਦਰ ਬਫ਼ਰ ਜ਼ੋਨ ’ਚੋਂ ਪਿੱਛੇ ਹਟਣਗੀਆਂ ਤੇ ਘਰੋਂ ਬੇਘਰ ਹੋਏ ਫਲਸਤੀਨੀ ਘਰਾਂ ਨੂੰ ਮੁੜਨਗੇ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਪਿਛਲੇ 14 ਮਹੀਨਿਆਂ ਤੋਂ ਜਾਰੀ ਜੰਗ ਵਿੱਚ ਹੁਣ ਤੱਕ 46000 ਤੋਂ ਵੱਧ ਫਲਸਤੀਨੀਆਂ ਦੀ ਜਾਨ ਜਾਂਦੀ ਰਹੀ ਹੈ।
ਇਸ ਤੋਂ ਪਹਿਲਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਤਵਾਰ ਵੱਡੇ ਤੜਕੇ ਕਿਹਾ ਸੀ ਕਿ ਗਾਜ਼ਾ ਵਿੱਚ ਜੰਗਬੰਦੀ ਦਾ ਅਮਲ ਉਦੋਂ ਤੱਕ ਸ਼ੁਰੂ ਨਹੀਂ ਹੋਵੇਗਾ, ਜਦੋਂ ਤੱਕ ਹਮਾਸ ਉਨ੍ਹਾਂ ਤਿੰਨ ਬੰਦੀਆਂ ਦੇ ਨਾਂਅ ਮੁਹੱਈਆ ਨਹੀਂ ਕਰਵਾਉਂਦਾ, ਜਿਨ੍ਹਾਂ ਨੂੰ ਤਿੰਨ ਫਲਸਤੀਨੀ ਕੈਦੀਆਂ ਬਦਲੇ ਛੱਡਿਆ ਜਾਣਾ ਹੈ। ਇਜ਼ਰਾਈਲ ਨੇ ਐਲਾਨ ਕੀਤਾ ਕਿ ਉਸ ਨੂੰ ਆਪਣੇ ਫੌਜੀ ਓਰੋਨ ਸ਼ੌਲ ਦੀ ਲਾਸ਼ ਮਿਲ ਗਈ ਹੈ, ਜੋ 2014 ਇਜ਼ਰਾਈਲ-ਹਮਾਸ ਜੰਗ ਵਿੱਚ ਗੋਲੀਬੰਦੀ ਤੋਂ ਠੀਕ ਪਹਿਲਾਂ ਵਿਸ਼ੇਸ਼ ਅਪਰੇਸ਼ਨ ਦੌਰਾਨ ਮਾਰਿਆ ਗਿਆ ਸੀ। 2014 ਦੀ ਜੰਗ ਮਗਰੋਂ ਸ਼ੌਲ ਤੇ ਇਕ ਹੋਰ ਇਜ਼ਰਾਈਲੀ ਫੌਜੀ ਹੈਦਰ ਗੋਲਡਿਨ ਦੀਆਂ ਦੇਹਾਂ ਗਾਜ਼ਾ ਵਿੱਚ ਰਹਿ ਗਈਆਂ ਸਨ। ਇਨ੍ਹਾਂ ਫੌਜੀਆਂ ਦੇ ਪਰਵਾਰਾਂ ਵੱਲੋਂ ਕੀਤੇ ਜਨਤਕ ਅੰਦੋਲਨਾਂ ਦੇ ਬਾਵਜੂਦ ਲਾਸ਼ਾਂ ਨਹੀਂ ਮੋੜੀਆਂ ਗਈਆਂ ਸਨ। ਹਮਾਸ ਨੇ ਕਿਹਾ ਕਿ ਤਕਨੀਕੀ ਕਾਰਨਾਂ ਕਰਕੇ ਨਾਂਅ ਦੇਣ ਵਿੱਚ ਦੇਰੀ ਹੋਈ। ਉਹ ਜੰਗਬੰਦੀ ਕਰਾਰ ਨੂੰ ਅਮਲ ਵਿੱਚ ਲਿਆਉਣ ਲਈ ਵਚਨਬੱਧ ਹੈ।





