ਮੂਨਕ/ਸਮਰਾਲਾ (ਰਾਜਪਾਲ ਸਿੰਗਲਾ/ਸੁਰਜੀਤ ਸਿੰਘ)
ਕੇਂਦਰ ਸਰਕਾਰ ਤੋਂ 14 ਫਰਵਰੀ ਨੂੰ ਮੀਟਿੰਗ ਦੇ ਮਿਲੇ ਸੱਦੇ ਤੋਂ ਬਾਅਦ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਡਾਕਟਰੀ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਉਨ੍ਹਾਂ ਨਾਲ ਯਕਜ਼ਹਿਤੀ ਵਜੋਂ ਮਰਨ ਵਰਤ ਰੱਖਣ ਵਾਲੇ ਪੰਜਾਬ ਦੇ 111 ਕਿਸਾਨਾਂ ਨੇ ਪੰਜਵੇਂ ਤੇ ਹਰਿਆਣਾ ਦੇ 10 ਕਿਸਾਨਾਂ ਨੇ ਤੀਜੇ ਦਿਨ ਐਤਵਾਰ ਆਪਣਾ ਮਰਨ ਵਰਤ ਖਤਮ ਕਰ ਦਿੱਤਾ। ਖਨੌਰੀ ਬਾਰਡਰ ’ਤੇ ਮੌਜੁੂਦ ਡਾਕਟਰਾਂ ਦੀ ਟੀਮ ਨੇ ਸ਼ਨਿੱਚਰਵਾਰ ਅੱਧੀ ਰਾਤ ਤੋਂ ਡੱਲੇਵਾਲ ਦਾ ਇਲਾਜ ਸ਼ੁਰੂ ਕਰਦਿਆਂ ਡਰਿੱਪ ਲਾ ਦਿੱਤੀ। ਉਂਜ ਡੱਲੇਵਾਲ ਨੇ ਕਿਹਾ ਕਿ ਉਹ ਕੇਂਦਰ ਨਾਲ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਤੱਕ ਮਰਨ ਵਰਤ ਜਾਰੀ ਰੱਖਣਗੇ। ਕਿਸਾਨ ਆਗੂਆਂ ਕਾਕਾ ਸਿੰਘ ਕੋਟੜਾ, ਸੁਖਜੀਤ ਸਿੰਘ ਹਰਦੋਝੰਡੇ ਤੇ ਬਲਦੇਵ ਸਿੰਘ ਸਿਰਸਾ ਨੇ 121 ਕਿਸਾਨਾਂ ਨੂੰ ਜੂਸ ਪਿਆ ਕੇ ਮਰਨ ਵਰਤ ਖਤਮ ਕਰਵਾਇਆ ਤੇ ਉਨ੍ਹਾਂ ਨੂੰ ਹਰਿਆਣਾ ਸਰਹੱਦ ਤੋਂ ਜੈਕਾਰਿਆਂ ਦੀ ਗੂੰਜ ’ਚ ਮੋਰਚੇ ਵਾਲੀ ਥਾਂ ’ਤੇ ਵਾਪਸ ਲਿਆਂਦਾ ਗਿਆ। ਕੋਟੜਾ ਨੇ ਕਿਹਾ ਕਿ ਅੰਦੋਲਨ ਅਜੇ ਖਤਮ ਨਹੀਂ ਹੋਇਆ ਹੈ, ਸਗੋਂ ਕੇਂਦਰ ਨਾਲ ਗੱਲਬਾਤ ਦਾ ਦੌਰ ਮੁੜ ਸ਼ੁਰੂ ਹੋਣ ਜਾ ਰਿਹਾ ਹੈ, ਜੋ ਪਿਛਲੇ ਸਾਲ ਫਰਵਰੀ ਤੋਂ ਰੁਕਿਆ ਹੋਇਆ ਸੀ। ਕਿਸਾਨਾਂ ਦੇ ਸੰਘਰਸ਼ ਦੇ ਦਬਾਅ ਅੱਗੇ ਝੁਕਦਿਆਂ ਕੇਂਦਰ ਸਰਕਾਰ ਨੇ ਡੈੱਡਲਾਕ ਨੂੰ ਤੋੜਦਿਆਂ ਗੱਲਬਾਤ ਦੀ ਤਜਵੀਜ਼ ਭੇਜੀ। ਇਸੇ ਦੌਰਾਨ ਪਟਿਆਲਾ ਰੇਂਜ ਦੇ ਡੀ ਆਈ ਜੀ ਮਨਦੀਪ ਸਿੰਘ ਸਿੱਧੂ ਤੇ ਐੱਸ ਐੱਸ ਪੀ ਡਾ. ਨਾਨਕ ਸਿੰਘ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਲੈਣ ਦੌਰਾਨ ਮਿਲੇ।





